ਐਨਈਈਟੀ ਪ੍ਰੀਖਿਆ ‘ਚ ਨਾਭਾ ਦੀ ਧੀ ਇਸ਼ੀਤਾ ਗਰਗ ਵੱਲੋਂ ਸਫਲਤਾ ਦੇ ਝੰਡੇ

ਇਸ਼ੀਤਾ ਗਰਗ ਨੇ ਦੇਸ਼ ‘ਚੋਂ 24ਵਾਂ ਤੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ

ਨਾਭਾ, (ਤਰੁਣ ਕੁਮਾਰ ਸ਼ਰਮਾ)। ਐਨਈਈਟੀ ਪ੍ਰੀਖਿਆ ਵਿੱਚੋਂ ਰਿਆਸਤੀ ਸ਼ਹਿਰ ਨਾਭਾ ਦੀ ਇਸ਼ੀਤਾ ਗਰਗ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੂਬੇ, ਜ਼ਿਲ੍ਹੇ ਅਤੇ ਰਿਆਸਤੀ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕਿ ਐਨਈਈਟੀ ਦੀ ਪ੍ਰੀਖਿਆ ਦੇ ਨਤੀਜੇ ਬੀਤੇ ਸ਼ੁੱਕਰਵਾਰ ਰਾਸਟਰੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਸਨ। ਇਸ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਲਗਭਗ 15.5 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਨਾਭਾ ਦੀ 18 ਸਾਲਾਂ ਇਸ਼ੀਤਾ ਗਰਗ ਨੇ ਕੌਮੀ ਯੋਗਤਾ ਕਮ ਪ੍ਰਵੇਸ਼ ਟੈਸਟ (ਐਨਈਈਟੀ) ‘ਚ ਜਿੱਥੇ ਦੇਸ਼ ਭਰ ‘ਚੋਂ 24ਵਾਂ ਰੈਂਕ ਹਾਸਲ ਕੀਤਾ, ਉਥੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦੇ ਨਾਮ ਨੂੰ ਚਾਰ ਚੰਨ ਲਗਾ ਦਿੱਤੇ ਹਨ। ਉਪਰੋਕਤ ਪ੍ਰੀਖਿਆ ਵਿੱਚ ਨਾਭਾ ਦੀ ਇਸ਼ੀਤਾ ਗਰਗ ਨੇ ਕੁੱਲ 720 ਅੰਕਾਂ ਵਿੱਚੋਂ 706 ਅੰਕ ਪ੍ਰਾਪਤ ਕੀਤੇ ਹਨ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ਼ੀਤਾ ਗਰਗ ਨੇ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ 97.2 ਪ੍ਰਤਿਸ਼ਤ ਅੰਕ ਪ੍ਰਾਪਤ ਕੀਤੇ ਸਨ। ਇਸ਼ੀਤਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਅੱਜ ਸਵੇਰ ਤੋਂ ਹੀ ਉਸ ਦੇ ਘਰ ਰਿਸ਼ਤੇਦਾਰਾਂ ਅਤੇ ਪਹਿਚਾਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਰਿਆਸਤੀ ਸ਼ਹਿਰ ਦੀ ਇਸ ਹੋਣਹਾਰ ਧੀ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਹਰ ਸ਼ਹਿਰ ਵਾਸੀ ਨੇ ਦਿਲ ਤਂੋ ਵਧਾਈਆਂ ਦਿੱਤੀਆ। ਦੱਸਣਯੋਗ ਹੈ ਕਿ ਇਸ਼ਿਤਾ ਦੇ ਮਾਤਾ ਪਿਤਾ ਡਾਕਟਰ ਸੁਮਿੱਤ ਗਰਗ ਅਤੇ ਡਾਕਟਰ ਦਿਵਿਆ ਗਰਗ ਦੋਨੋ ਸ਼ਹਿਰ ਦੇ ਕ੍ਰਮਵਾਰ ਨਾਮੀ ਸਰਜਨ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਇਸ਼ਿਤਾ ਗਰਗ ਦੇ ਪਿਤਾ ਸ਼ਹਿਰ ਦੇ ਜਾਣੇ ਮਾਣੇ ਸਰਜਨ ਡਾਕਟਰ ਸੁਮਿੱਤ ਗਰਗ ਅਤੇ ਮਾਤਾ ਡਾਕਟਰ ਦਿਵਿਆ ਗਰਗ ਨੇ ਦੱਸਿਆ ਕਿ ਇਸ਼ੀਤਾ ਪਹਿਲਾਂ ਤੋ ਹੀ ਪੜਾਈ ਵਿੱਚ ਕਾਫੀ ਹੁਸ਼ਿਆਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀ ਬਹੁਤ ਖੁਸ਼ ਹਾਂ ਜਿਨ੍ਹਾਂ ਦੀ ਧੀ ਇੰਨ੍ਹੀ ਲਗਨ ਅਤੇ ਮਿਹਨਤ ਨਾਲ ਪੜਾਈ ਕਰਕੇ ਆਪਣੇ ਅਤੇ ਸਾਡੇ ਨਾਲ ਸ਼ਹਿਰ ਦਾ ਨਾਮ ਵੀ ਰੋਸ਼ਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਹਿਲਾਂ ਚੰਡੀਗੜ ਦੇ ਹੈਲੇਸੀਟ ਇੰਸਟਚਿਊਟ ਤੋ ਲਈ ਸੀ। ਉਨ੍ਹਾਂ ਦੱਸਿਆ ਕਿ ਇਸ਼ਿਤਾ ਦੀ ਸਭ ਤੋ ਵੱਧ ਮੱਦਦ ਉਸ ਦੀ ਮਾਤਾ ਡਾਕਟਰ ਦਿਵਿਆ ਗਰਗ ਨੇ ਕੀਤੀ ਹੈ ਜਿਸ ਨੇ ਉਨ੍ਹਾਂ ਦੀ ਧੀ ਦੀ ਮੋਰਲੈਟੀ ਨੂੰ ਹਮੇਸ਼ਾ ਹੀ ਉੱਚਾ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਇਸ਼ਿਤਾ ਦੇ ਅੱਜ ਦੇ ਮੁਕਾਮ ਵਿੱਚ ਆਈ ਕੂਐਸਟ ਪਟਿਆਲਾ ਦਾ ਵੀ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਲਾਕਡਾਊਨ ਦੌਰਾਨ ਵੀ ਇਸ਼ਿਤਾ ਦੀ ਕਾਫੀ ਮੱਦਦ ਕੀਤੀ।

ਚੰਗਾ ਡਾਕਟਰ ਬਣ ਚੰਗਾ ਇਲਾਜ ਕਰਨਾ ਪਹਿਲ ‘ਤੇ : ਇਸ਼ੀਤਾ ਗਰਗ

ਸਖਤ ਮਿਹਨਤ ਨਾਲ ਅੱਜ ਹਾਸਲ ਕੀਤੇ ਸ਼ਾਨਦਾਰ ਮੁਕਾਮ ਦੀ ਝਲਕ ਸਾਫ ਇਸ਼ਿਤਾ ਦੇ ਚਿਹਰੇ ‘ਤੇ ਝਲਕ ਰਹੀ ਹੈ। ਇਸ਼ਿਤਾ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਕਦੀ ਸੋਚਿਆ ਵੀ ਨਹੀ ਸੀ ਜਿਸ ਕਾਰਨ ਅੱਜ ਦਾ ਇਹ ਮੁਕਾਮ ਕਾਫੀ ਹੈਰਾਨੀ ਭਰਿਆ ਲੱਗਦਾ ਹੈ। ਲੋਕਾਂ ਅਤੇ ਰਿਸ਼ਤੇਦਾਰਾਂ ਦੇ ਵਧਾਈਆਂ ਦੇ ਫੋਨ ਆ ਰਹੇ ਹਨ ਅਤੇ ਮੈ ਕਾਫੀ ਗੋਰਵ ਮਹਿਸੂਸ ਕਰ ਰਹੀ ਹਾਂ। ਉਸ ਨੇ ਦੱਸਿਆ ਕਿ ਮੈਂ ਲਾਕਡਾਊਨ ਦੌਰਾਨ ਪੜਾਈ ‘ਚ ਇਕਾਗਰਤਾ ਬਣਾਈ ਰੱਖੀ ਅਤੇ ਰੋਜ਼ਾਨਾ 08 ਤੋਂ 10 ਘੰਟੇ ਪੜਾਈ ਕੀਤੀ। ਮੇਰੀ ਮਾਤਾ ਡਾਕਟਰ ਦਿਵਿਆ ਗਰਗ ਅਤੇ ਉਸ ਦੇ ਬਾਕੀ ਪਾਰਿਵਾਰਿਕ ਮੈਂਬਰਾਂ ਨੇ ਉਸ ਦੀ ਕਾਫੀ ਮੱਦਦ ਵੀ ਕੀਤੀ। ਇਸ਼ਿਤਾ ਗਰਗ ਨੇ ਕਿਹਾ ਕਿ ਉਸ ਦਾ ਸੁੱਪਨਾ ਇੱਕ ਚੰਗਾ ਡਾਕਟਰ ਬਣ ਕੇ ਲੋਕਾਂ ਦਾ ਇਲਾਜ ਕਰਨ ਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.