ਕੀ ਲਾਅ ਐਂਡ ਆਰਡਰ ਦੀ ਨਾਕਾਮੀ ਦਾ ਸਿੱਟਾ ਹੈ ਗੈਂਗਸਟਰਾਂ ਦੀ ਹਿੰਸਾ ?

Violence and Mainstream

ਕੀ ਲਾਅ ਐਂਡ ਆਰਡਰ ਦੀ ਨਾਕਾਮੀ ਦਾ ਸਿੱਟਾ ਹੈ ਗੈਂਗਸਟਰਾਂ ਦੀ ਹਿੰਸਾ ?

ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਦੇਖ ਕੇ ਪਾਤਰ ਸਾਹਿਬ ਦੀਆਂ ਇਹ ਉਪਰੋਕਤ ਲਾਈਨਾਂ ਆਪ-ਮੁਹਾਰੇ ਹੀ ਜ਼ਿਹਨ ਦੇ ਵਿੱਚ ਘੁੰਮਣ ਲੱਗਦੀਆਂ ਹਨ। ਕੀ ਪੀਰਾਂ-ਫ਼ਕੀਰਾਂ ਦੀ ਇਸ ਜ਼ਰਖੇਜ਼ ਧਰਤੀ ਨੂੰ ਸੱਚ-ਮੁੱਚ ਹੀ ਨਜ਼ਰ ਲੱਗ ਗਈ ਹੈ? ਪੰਜਾਬੀ ਅਤੇ ਪੰਜਾਬੀਅਤ ਦੀ ਝੋਲੀ ਸਦੀਆਂ ਤੋਂ ਅਨੇਕਾਂ ਦੁਖਾਂਤਾਂ ਦੇ ਨਾਲ ਭਰੀ ਹੈ।

ਜੇਕਰ ਗੱਲ ਆਜ਼ਾਦੀ ਤੋਂ ਬਾਅਦ ਦੇ ਸਮੇਂ ਦੀ ਕਰਦੇ ਹਾਂ ਤਾਂ ਪੈਪਸੂ ਤੋਂ ਲੈ ਕੇ ਅਜੋਕੇ ਪੰਜਾਬ ਤੱਕ ਅਨੇਕਾਂ ਹੀ ਕਾਲੇ ਦਿਨ ਇਸ ਧਰਤੀ ਨੇ ਦੇਖੇ ਹਨ। ਰਾਜਸੀ ਅਤੇ ਸੱਭਿਆਚਾਰਕ ਪ੍ਰਗਟਾਵੇ ਦੀ ਤਰਜ਼ ਉੱਤੇ ਸਾਡੀ ਇਸ ਧਰਤੀ ਨੂੰ ਕਦੇ ਵੰਡਿਆ ਗਿਆ ਅਤੇ ਕੱਦ ਛੋਟਾ ਕੀਤਾ ਗਿਆ। ਸਾਕਾ ਨੀਲਾ ਤਾਰਾ ਜਿਹੇ ਘੱਲੂ ਘਾਰਿਆਂ ਨੇ ਪੰਜਾਬ ਦੀ ਆਤਮਾ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਰੱਖ ਦਿੱਤਾ।

ਲਗਾਤਾਰ ਦੋ ਦਹਾਕਿਆਂ ਤੱਕ ਪੰਜਾਬ ਭੱਠੀ ਦੇ ਵਿੱਚ ਤਪਦਾ ਰਿਹਾ। ਅਨੇਕਾਂ ਮਾਵਾਂ ਦੇ ਨੌਜਵਾਨ ਪੁੱਤ ਮਾਰ ਦਿੱਤੇ ਗਏ ਅਤੇ ਗਾਇਬ ਕਰ ਦਿੱਤੇ ਗਏ। ਨਿੱਜੀ ਰੰਜਿਸ਼ਾਂ ਦੇ ਤਹਿਤ ਅਨੇਕਾਂ ਨੌਜਵਾਨ ਮੌਤ ਦੀ ਸੂਲੀ ਚੜ੍ਹੇ।

ਪੰਜਾਬ ਦੇ ਏਨੇ ਦਰਦ ਭਰਪੂਰ ਇਤਿਹਾਸ ਦੇ ਬਾਵਜੂਦ ਅੱਜ ਵੀ ਪੰਜਾਬ ਦੀ ਸਮੁੱਚੀ ਲਾਅ ਐਂਡ ਆਰਡਰ ਵਿਵਸਥਾ ਦੇ ਉੱਤੇ ਅਨੇਕਾਂ ਹੀ ਸਵਾਲ ਖੜ੍ਹੇ ਹੁੰਦੇ ਹਨ। ਅਜੋਕੀ ਤੇਜ਼-ਤਰਾਰ ਤਕਨੀਕ ਵੀ ਫੇਲ੍ਹ ਹੁੰਦੀ ਦਿਖਾਈ ਦਿੰਦੀ ਹੈ।

ਪੰਜਾਬ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਰੋਜ਼ਾਨਾ ਅਖ਼ਬਾਰਾਂ ਦੇ ਵਿੱਚ ਅਨੇਕਾਂ ਹੀ ਕਤਲਾਂ, ਕੁੱਟਮਾਰ ਅਤੇ ਅਗਵਾ ਕਰਨ ਦੀਆਂ ਘਟਨਾਵਾਂ ਆਮ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਦੂਜੇ ਪਾਸੇ ਇਹ ਗੱਲ ਬਿਲਕੁਲ ਹੀ ਸਮਝ ਤੋਂ ਪਰ੍ਹੇ ਹੈ ਕਿ ਚੰਗੇ ਘਰਾਂ ਦੇ ਨੌਜਵਾਨ ਮੁੰਡੇ ਕਿਵੇਂ ਗੈਂਗਵਾਰ ਜਿਹੀਆਂ ਭਿਆਨਕ ਦਲਦਲਾਂ ਦੇ ਵਿੱਚ ਫਸ ਰਹੇ ਹਨ। ਜਿਨ੍ਹਾਂ ਹੱਥਾਂ ਦੇ ਵਿੱਚ ਪੰਜਾਬ ਦਾ ਭਵਿੱਖ ਹੋਣਾ ਚਾਹੀਦਾ ਹੈ ਉਹ ਨੌਜਵਾਨ ਮੁੰਡੇ ਪੰਜਾਬ ਦਾ ਕਾਲ ਬਣੇ ਖੜ੍ਹੇ ਹਨ।

ਧਾਰਾ 307 ਦਾ ਖੌਫ਼ ਨੇੜੇ-ਤੇੜੇ ਵੀ ਦਿਖਾਈ ਨਹੀਂ ਦਿੰਦਾ। ਜੇਕਰ ਮੌਜੂਦਾ ਭਖ਼ਦੇ ਮਸਲਿਆਂ ਦੀ ਗੱਲ ਕਰੀਏ ਤਾਂ ਮਿੱਡੂਖੇੜਾ ਹੱਤਿਆ ਕਾਂਡ ਤੋਂ ਲੈ ਕੇ ਸੰਦੀਪ ਨੰਗਲ ਅੰਬੀਆਂ ਹੱਤਿਆ ਕਾਂਡ ਦਾ ਖ਼ੌਫ ਅਜੇ ਥੰਮ੍ਹਿਆ ਨਹੀਂ ਕਿ ਉੱਤੋਂ ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਵੀ ਇਸ ਗੈਂਗਵਾਰ ਦੀ ਭੇਟ ਚੜ੍ਹ ਗਿਆ।

ਕੀ ਪੰਜਾਬ ਸੱਚਮੁੱਚ ਹੀ ਮੈਕਸੀਕੋ ਗੈਂਗਵਾਰ ਦੀ ਤਰਜ਼ ’ਤੇ ਚੱਲਣਾ ਸ਼ੁਰੂ ਹੋ ਗਿਆ ਹੈ ਜਾਂ ਫਿਰ ਪੰਜਾਬ ਦਾ ਲਾਅ ਐਂਡ ਆਰਡਰ ਹੀ ਡਾਵਾਂਡੋਲ ਹੈ ਜੋ ਗੈਂਗਸਟਰ ਪੰਜਾਬ ਦੇ ਵਿੱਚ ਆਧੁਨਿਕ ਹਥਿਆਰ ਲੈ ਕੇ ਖੁੱਲ੍ਹੇਆਮ ਘੁੰਮ ਰਹੇ ਹਨ। ਅਜੋਕੇ ਸਮੇਂ ਵਿਚ ਅਸੀਂ ਤਕਨੀਕੀ ਤੌਰ ’ਤੇ ਬਹੁਤ ਤਰੱਕੀ ਕਰ ਚੁੱਕੇ ਹਾਂ, ਪੰਜਾਬ ਦਾ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਇਸ ਤਕਨੀਕ ਤੋਂ ਅਵੇਸਲਾ ਹੋਇਆ ਪ੍ਰਤੀਤ ਹੋ ਰਿਹਾ ਹੈ। ਆਧੁਨਿਕ ਤਕਨੀਕਾਂ ਦੇ ਨਾਲ ਜਾਅਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੀ ਪਹਿਚਾਣ ਸਕਿੰਟਾਂ ਵਿੱਚ ਪਤਾ ਕੀਤੀ ਜਾ ਸਕਦੀ ਹੈ।

ਹਾਈਟੈੱਕ ਡਿਜੀਟਲ ਕੈਮਰਿਆਂ ਦੇ ਹੁੰਦੇ ਹੋਏ ਵੀ ਅਪਰਾਧੀ ਅਪਰਾਧ ਕਰਕੇ ਆਸਾਨੀ ਨਾਲ ਪੰਜਾਬ ਦੀਆਂ ਹੱਦਾਂ ਟੱਪ ਜਾਂਦੇ ਹਨ। ਆਪਸੀ ਟਕਰਾਅ, ਮੱਤਭੇਦਾਂ ਅਤੇ ਨਿੱਜੀ ਰੰਜਿਸ਼ ਤਹਿਤ ਪੈਦਾ ਹੋ ਰਹੇ ਗੈਂਗਸਟਰਾਂ ਦੇ ਹੱਥਾਂ ਦੇ ਵਿਚ ਆਧੁਨਿਕ ਨਾਜਾਇਜ਼ ਹਥਿਆਰ ਆਉਣਾ ਪੰਜਾਬ ਦੇ ਲਈ ਖ਼ਤਰੇ ਦੀ ਘੰਟੀ ਹੈ। ਹਥਿਆਰਾਂ ਸਬੰਧੀ ਇੱਕ ਅਹਿਮ ਐਕਟ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ 1959 ਨੂੰ ਪਾਸ ਕੀਤਾ ਗਿਆ, ਜੋ ਅੰਗਰੇਜ਼ਾਂ ਦੁਆਰਾ ਬਣਾਏ ਐਕਟ 1878 ਨੂੰ ਸੋਧ ਕੇ ਪਾਸ ਕੀਤਾ ਗਿਆ ਸੀ। ਪ੍ਰੰਤੂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ ਰਿਪੋਰਟਾਂ ਅਨੁਸਾਰ ਜੋ ਅੰਕੜੇ 2019 ਤੱਕ ਭਾਰਤ ਸਰਕਾਰ ਦੇ ਸਾਹਮਣੇ ਰੱਖੇ ਗਏ ਉਹ ਬਹੁਤ ਹੀ ਦਿਲ ਦਹਿਲਾਉਣ ਵਾਲੇ ਸਨ।

ਪੰਜਾਬ ਵਿੱਚ ਅਨੇਕਾਂ ਕੀਮਤੀ ਜਾਨਾਂ ਜਾਇਜ਼ ਅਤੇ ਨਾਜਾਇਜ਼ ਅਸਲੇ ਦੀ ਭੇਂਟ ਚੜ੍ਹੀਆਂ। ਭਾਰਤ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਆਰਮਜ਼ ਐਕਟ 2019 ਪਾਸ ਕੀਤਾ। ਜਿਸ ਦੇ ਅਨੁਸਾਰ ਇੱਕ ਵਿਅਕਤੀ ਕੇਵਲ ਇੱਕ ਲਾਈਸੈਂਸੀ ਹਥਿਆਰ ਰੱਖ ਸਕਦਾ ਹੈ। ਇਸ ਤੋਂ ਪਹਿਲਾਂ ਇੱਕ ਵਿਅਕਤੀ ਘੱਟੋ-ਘੱਟ ਤਿੰਨ ਹਥਿਆਰ ਰੱਖ ਸਕਦਾ ਸੀ। ਇਸ ਐਕਟ ਅਨੁਸਾਰ ਸਜ਼ਾ ਨੂੰ ਵੀ ਸਖਤ ਕੀਤਾ ਗਿਆ। ਪ੍ਰੰਤੂ ਐਨੀਆਂ ਸਖ਼ਤ ਸਜ਼ਾਵਾਂ ਹੋਣ ਦੇ ਬਾਵਜੂਦ ਵੀ ਅਪਰਾਧੀਆਂ ਦੇ ਹੱਥਾਂ ਦੇ ਵਿੱਚ ਇੰਨਾਂ ਅਸਲਾ ਕਿਵੇਂ ਆ ਜਾਂਦਾ ਹੈ? ਸਮੁੱਚੇ ਪੁਲਿਸ ਪ੍ਰਸ਼ਾਸਨ ਦੇ ਲਈ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ।

ਕੌਮੀ ਅਤੇ ਸੂਬੇ ਦੀਆਂ ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਅਤੇ ਸਮੁੱਚੇ ਕੰਮਕਾਜ ਦੇ ਉੱਤੇ ਵੀ ਪ੍ਰਸ਼ਨਚਿੰਨ੍ਹ ਲੱਗਣਾ ਸੁਭਾਵਿਕ ਹੀ ਹੈ। ਦਿਨੋ-ਦਿਨ ਵਧ ਰਹੇ ਅਪਰਾਧਿਕ ਮਾਮਲਿਆਂ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਨਾਜਾਇਜ਼ ਵਸੂਲੀ, ਧਮਕੀਆਂ ਆਮ ਗੱਲ ਹੈ। ਮੌਜੂਦਾ ਪੰਜਾਬ ਸਰਕਾਰ ਦਾ ਵਿਵਹਾਰ ਵੀ ਹੈਰਾਨ ਕਰ ਦੇਣ ਵਾਲਾ ਹੈ।

ਗੁਪਤ ਰਿਪੋਰਟਾਂ ਸ਼ਰ੍ਹੇਆਮ ਸੋਸ਼ਲ ਮੀਡੀਆ ’ਤੇ ਘੁੰਮਦੀਆਂ ਪਾਈਆਂ ਜਾਂਦੀਆਂ ਹਨ। ਪੰਜਾਬ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਸੁਰੱਖਿਆ ਦੇ ਵਿਚ ਕਟੌਤੀ ਕਰਨਾ ਹੋਰ ਵਿਸ਼ਾ ਹੈ, ਪਰ ਇਸ ਨੂੰ ਸ਼ਰ੍ਹੇਆਮ ਜਨਤਕ ਕਰਨਾ ਸਰਾਸਰ ਗਲਤ ਅਤੇ ਖਤਰਨਾਕ ਕਦਮ ਹੈ।

ਅਪਰਾਧੀਆਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਹਨ। ਸਕੂਲੀ ਬੱਚਿਆਂ ਤੋਂ ਲੈ ਕੇ ਕਾਲਜ ਤੱਕ ਇਨ੍ਹਾਂ ਗੈਂਗਵਾਰ ਦੀਆਂ ਪ੍ਰਵਿਰਤੀਆਂ ਦਾ ਅਸਰ ਆਮ ਦੇਖਣ ਨੂੰ ਮਿਲ ਰਿਹਾ ਹੈ। ਮਨੋਰੰਜਨ ਅਤੇ ਸੱਭਿਆਚਾਰ ਦੇ ਨਾਂਅ ’ਤੇ ਹੋ ਰਹੇ ਡਿਜੀਟਲ ਗੈਂਗਵਾਰ ’ਤੇ ਸੈਂਸਰ ਬੋਰਡ ਦੀ ਅੱਖ ਕਿਉਂ ਨਹੀਂ ਜਾਂਦੀ? ਬੁੱਧੀਜੀਵੀਆਂ ਦਾ ਇਸ ਵਿਸ਼ੇ ’ਤੇ ਚੁੱਪ ਰਹਿਣਾ ਕਿੰਨਾ ਕੁ ਵਾਜ਼ਬ ਹੈ? ਇਨ੍ਹਾਂ ਦਾ ਖਮਿਆਜ਼ਾ ਪੰਜਾਬ ਦੀ ਧਰਤੀ ਆਏ ਦਿਨ ਆਪਣੇ ਪੁੱਤਾਂ ਦੀਆਂ ਲਾਸ਼ਾਂ ਦਾ ਭਾਰ ਚੁੱਕ ਕੇ ਭਰ ਰਹੀ ਹੈ।

ਸ.ਸ. ਮਾਸਟਰ,
ਸ.ਸ.ਸ.ਸ. ਹਮੀਦੀ ਮੋ. 94633-17199