Iran Trump Relations: ਅੰਤਰਰਾਸ਼ਟਰੀ ਰਾਜਨੀਤੀ ਵਿੱਚ ਕੁਝ ਟਕਰਾਅ ਸਰਹੱਦਾਂ ਜਾਂ ਸਰੋਤਾਂ ਤੱਕ ਸੀਮਤ ਨਹੀਂ ਹੁੰਦੇ; ਇਹ ਵਿਚਾਰਧਾਰਾਵਾਂ, ਸ਼ਕਤੀ ਦੇ ਸੰਤੁਲਨ ਤੇ ਨੈਤਿਕਤਾ ਦੀ ਵੀ ਪਰਖ ਕਰਦੇ ਹਨ। ਇਰਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਦਹਾਕਿਆਂ ਤੋਂ ਚੱਲ ਰਿਹਾ ਟਕਰਾਅ ਇੱਕ ਅਜਿਹਾ ਟਕਰਾਅ ਹੈ, ਜੋ ਸਮੇਂ-ਸਮੇਂ ’ਤੇ ਨਵੇਂ ਰੂਪਾਂ ਵਿੱਚ ਮੁੜ ਉੱਭਰਦਾ ਰਿਹਾ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਇਹ ਟਕਰਾਅ ਜਿਸ ਤੀਬਰਤਾ ਅਤੇ ਹਮਲਾਵਰਤਾ ਨਾਲ ਉੱਭਰਿਆ, ਉਸ ਨੇ ਇੱਕ ਵਾਰ ਫਿਰ ਵਿਸ਼ਵਵਿਆਪੀ ਰਾਜਨੀਤੀ ਨੂੰ ਸੀਤ ਯੁੱਧ ਤੋਂ ਬਾਅਦ ਦੇ ਯੁੱਗ ਦੀ ਅਸਥਿਰਤਾ ਦੀ ਯਾਦ ਦਿਵਾ ਦਿੱਤੀ ਹੈ।
ਇਹ ਖਬਰ ਵੀ ਪੜ੍ਹੋ : Arthritis Camp: ਸੇਵਾ ਦੇ ਮਹਾਂਕੁੰਭ ਦਾ 6ਵਾਂ ਦਿਨ- ਗਠੀਆ ਰੋਗੀਆਂ ਨੇ ਕਰਾਈ ਜਾਂਚ ਤੇ ਦਰਦ ਤੋਂ ਪਾਈ ਰਾਹਤ
1979 ਦੀ ਇਸਲਾਮੀ ਕ੍ਰਾਂਤੀ ਤੋਂ ਹੀ ਇਰਾਨ ਅਮਰੀਕਾ ਦੀ ਰਣਨੀਤਿਕ ਅਤੇ ਵਿਚਾਰਧਾਰਕ ਰਾਜਨੀਤੀ ਦਾ ਨਿਸ਼ਾਨਾ ਰਿਹਾ ਹੈ। ਅਮਰੀਕਾ ਇਰਾਨ ਨੂੰ ਸਿਰਫ਼ ਇੱਕ ਰਾਸ਼ਟਰ-ਰਾਜ ਵਜੋਂ ਨਹੀਂ, ਸਗੋਂ ਇੱਕ ਵਿਕਲਪਿਕ ਰਾਜਨੀਤਿਕ ਮਾਡਲ ਵਜੋਂ ਦੇਖਦਾ ਸੀ- ਇੱਕ ਅਜਿਹਾ ਮਾਡਲ ਜੋ ਪੱਛਮੀ ਸਰਦਾਰੀ, ਇਜ਼ਰਾਈਲ-ਕੇਂਦ੍ਰਿਤ ਪੱਛਮੀ ਏਸ਼ੀਆ ਨੀਤੀ ਅਤੇ ਅਮਰੀਕੀ ਸਾਮਰਾਜਵਾਦੀ ਸੋਚ ਨੂੰ ਚੁਣੌਤੀ ਦਿੰਦਾ ਹੈ। ਇਹੀ ਕਾਰਨ ਹੈ ਕਿ ਆਰਥਿਕ ਪਾਬੰਦੀਆਂ, ਕੂਟਨੀਤਕ ਅਸਥਿਰਤਾ ਅਤੇ ਇਰਾਨ ’ਤੇ ਫੌਜੀ ਦਬਾਅ ਲੰਮੇ ਸਮੇਂ ਤੋਂ ਅਮਰੀਕੀ ਵਿਦੇਸ਼ ਨੀਤੀ ਦਾ ਹਿੱਸਾ ਰਿਹਾ ਹੈ। ਡੋਨਾਲਡ ਟਰੰਪ ਦੇ ਅਧੀਨ, ਇਹ ਨੀਤੀ ਹੋਰ ਵੀ ਸਖ਼ਤ, ਅਸੰਵੇਦਨਸ਼ੀਲ ਅਤੇ ਟਕਰਾਅ ਵਾਲੀ ਬਣ ਗਈ।
ਇਰਾਨ ਅਤੇ ਵਿਸ਼ਵ ਸ਼ਕਤੀਆਂ ਵਿਚਕਾਰ 2015 ਦੇ ਪਰਮਾਣੂ ਸਮਝੌਤੇ (ਙੳਟਞਅ) ਤੋਂ ਅਮਰੀਕਾ ਦੇ ਇੱਕਪਾਸੜ ਪਿੱਛੇ ਹਟਣ ਨੇ ਨਾ ਸਿਰਫ਼ ਕੂਟਨੀਤਕ ਅਸੰਤੁਲਨ ਦੀ ਉਦਾਹਰਨ ਦਿੱਤੀ, ਸਗੋਂ ਇਹ ਵੀ ਦਰਸਾਇਆ ਕਿ ਟਰੰਪ ਪ੍ਰਸ਼ਾਸਨ ਅੰਤਰਰਾਸ਼ਟਰੀ ਸਹਿਮਤੀ ਤੇ ਬਹੁਪੱਖੀਵਾਦ ਨੂੰ ਨਜ਼ਰਅੰਦਾਜ਼ ਕਰਨ ਲਈ ਕਿਸ ਹੱਦ ਤੱਕ ਤਿਆਰ ਸੀ। ਇਸ ਤੋਂ ਬਾਅਦ ਇਰਾਨ ’ਤੇ ‘ਵੱਧ ਤੋਂ ਵੱਧ ਦਬਾਅ ਨੀਤੀ’ ਲਾਗੂ ਕੀਤੀ ਗਈ, ਜਿਸ ਦਾ ਉਦੇਸ਼ ਇਰਾਨੀ ਅਰਥਵਿਵਸਥਾ ਨੂੰ ਗੋਡਿਆਂ ਭਾਰ ਕਰਨਾ ਤੇ ਸ਼ਾਸਨ ਨੂੰ ਅੰਦਰੂਨੀ ਬਗਾਵਤ ਵੱਲ ਧੱਕਣਾ ਸੀ। ਪਰ ਇਤਿਹਾਸ ਦਰਸਾਉਂਦਾ ਹੈ ਕਿ ਦਬਾਅ ਹਮੇਸ਼ਾ ਹਾਰ ਨਹੀਂ ਮੰਨਦਾ। Iran Trump Relations
ਕਈ ਵਾਰ, ਇਹ ਵਿਰੋਧ ਪੈਦਾ ਕਰਦਾ ਹੈ। ਇਰਾਨ ਦੇ ਮਾਮਲੇ ਵਿੱਚ ਬਿਲਕੁਲ ਇਹੀ ਹੋਇਆ। ਆਰਥਿਕ ਤੰਗੀ, ਪਾਬੰਦੀਆਂ ਤੇ ਅੰਤਰਰਾਸ਼ਟਰੀ ਅਲੱਗ-ਥਲੱਗਤਾ ਦੇ ਬਾਵਜੂਦ, ਇਰਾਨ ਨੇ ਆਪਣੀ ਰਾਜਨੀਤਿਕ ਹੋਂਦ, ਖੁਦਮੁਖਤਿਆਰੀ ਤੇ ਵਿਚਾਰਧਾਰਕ ਪਛਾਣ ਬਣਾਈ ਰੱਖੀ। ਇਹ ਸਮਝਣਾ ਮਹੱਤਵਪੂਰਨ ਹੈ ਕਿ ਇਰਾਨ ਦਾ ਵਿਰੋਧ ਸਿਰਫ਼ ਅਮਰੀਕੀ ਨੀਤੀਆਂ ਦਾ ਨਹੀਂ ਹੈ, ਸਗੋਂ ਇੱਕ ਵਿਸ਼ਵਵਿਆਪੀ ਪ੍ਰਣਾਲੀ ਦਾ ਹੈ ਜਿਸ ਵਿੱਚ ਕੁਝ ਚੋਣਵੇਂ ਦੇਸ਼ ਆਪਣੇ-ਆਪ ਨੂੰ ਜੱਜ ਅਤੇ ਬਾਕੀ ਦੁਨੀਆ ਨੂੰ ਦੋਸ਼ੀ ਮੰਨਦੇ ਹਨ। ‘ਜੋ ਬੀਜੋਗੇ, ਉਹੀ ਵੱਢੋਗੇ’ ਦਾ ਸਿਧਾਂਤ ਸਿਰਫ਼ ਇੱਕ ਨੈਤਿਕ ਸਿਧਾਂਤ ਨਹੀਂ ਹੈ। Iran Trump Relations
ਸਗੋਂ ਅੰਤਰਰਾਸ਼ਟਰੀ ਰਾਜਨੀਤੀ ’ਤੇ ਵੀ ਡੂੰਘਾਈ ਨਾਲ ਲਾਗੂ ਹੁੰਦਾ ਹੈ। ਪੱਛਮੀ ਏਸ਼ੀਆ- ਇਰਾਕ, ਅਫਗਾਨਿਸਤਾਨ, ਲੀਬੀਆ ਤੇ ਸੀਰੀਆ ਵਿੱਚ ਦਹਾਕਿਆਂ ਤੋਂ ਅਮਰੀਕੀ ਦਖਲਅੰਦਾਜ਼ੀ ਨੇ ਇਸ ਖੇਤਰ ਵਿੱਚ ਅਰਾਜਕਤਾ ਲਿਆਂਦੀ, ਸਥਿਰਤਾ ਨਹੀਂ। ਲੋਕਤੰਤਰ ਦੇ ਨਾਂਅ ’ਤੇ ਸ਼ਾਸਨ ਤਬਦੀਲੀ, ਮਨੁੱਖੀ ਅਧਿਕਾਰਾਂ ਦੇ ਨਾਂਅ ’ਤੇ ਫੌਜੀ ਹਮਲਾ ਅਤੇ ਅੱਤਵਾਦ ਵਿਰੁੱਧ ਜੰਗ ਦੇ ਨਾਂਅ ’ਤੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ- ਇਨ੍ਹਾਂ ਸਭ ਨੇ ਅਮਰੀਕਾ ਦੀ ਨੈਤਿਕ ਭਰੋਸੇਯੋਗਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਸ ਲਈ, ਜਦੋਂ ਇਰਾਨ ਅਮਰੀਕੀ ਦਬਦਬੇ ਨੂੰ ਚੁਣੌਤੀ ਦਿੰਦਾ ਹੈ, ਤਾਂ ਇਹ ਸਿਰਫ਼ ਆਪਣਾ ਬਚਾਅ ਨਹੀਂ ਕਰ ਰਿਹਾ ਹੈ।
ਸਗੋਂ ਉਸ ਪ੍ਰਣਾਲੀ ’ਤੇ ਸਵਾਲ ਉਠਾ ਰਿਹਾ ਹੈ ਜੋ ਤਾਕਤ ਨੂੰ ਨਿਆਂ ਮੰਨਦਾ ਹੈ। ਟਰੰਪ ਦੀ ਵਿਦੇਸ਼ ਨੀਤੀ ਦਾ ਇੱਕ ਹੋਰ ਖ਼ਤਰਨਾਕ ਪਹਿਲੂ ਉਸਦਾ ਵਿਅਕਤੀਗਤ ਅਤੇ ਭਾਵੁਕ ਸੁਭਾਅ ਸੀ। ਕੂਟਨੀਤੀ ਗੱਲਬਾਤ ਅਤੇ ਸਬਰ ਦੁਆਰਾ ਚਲਾਈ ਜਾਂਦੀ ਹੈ, ਜਦੋਂਕਿ ਟਰੰਪ ਦੀ ਰਾਜਨੀਤੀ ਟਵੀਟ, ਧਮਕੀਆਂ ਤੇ ਸ਼ਕਤੀ ਦੇ ਪ੍ਰਦਰਸ਼ਨ ’ਤੇ ਅਧਾਰਿਤ ਸੀ। ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਇਸੇ ਮਾਨਸਿਕਤਾ ਦਾ ਨਤੀਜਾ ਸੀ। ਇਸ ਘਟਨਾ ਨੇ ਨਾ ਸਿਰਫ਼ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਬਲਕਿ ਪੂਰੇ ਮੱਧ ਪੂਰਬ ਨੂੰ ਯੁੱਧ ਦੇ ਕੰਢੇ ’ਤੇ ਵੀ ਲਿਆ ਖੜ੍ਹਾ ਕੀਤਾ। Iran Trump Relations
ਇਰਾਨ ਦੇ ਬਾਅਦ ਦੇ ਜਵਾਬ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਸਹਿਣਸ਼ੀਲਤਾ ਦੀ ਨੀਤੀ ’ਤੇ ਨਹੀਂ ਚੱਲ ਰਿਹਾ। ਪੱਛਮੀ ਮੀਡੀਆ ਵਿੱਚ ਇਰਾਨੀ ਰਾਜਨੀਤੀ ਨੂੰ ਅਕਸਰ ਕਠੋਰ, ਦਮਨਕਾਰੀ ਤੇ ਪੱਛੜੀ ਵਜੋਂ ਦਰਸਾਇਆ ਜਾਂਦਾ ਹੈ। ਪਰ ਇਹ ਚਿੱਤਰਣ ਅਧੂਰਾ ਅਤੇ ਪੱਖਪਾਤੀ ਹੈ। ਇਰਾਨੀ ਲੋਕਾਂ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਬਾਹਰੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕਰਨਗੇ, ਭਾਵੇਂ ਇਹ ਕਿੰਨੀ ਵੀ ਆਕਰਸ਼ਕ ਸ਼ਬਦਾਂ ਵਿੱਚ ਕਿਉਂ ਨਾ ਹੋਵੇ। ਇਰਾਨ ਵਿੱਚ, ਸਰਕਾਰ ਦੀ ਆਲੋਚਨਾ ਅਤੇ ਵਿਰੋਧ ਪ੍ਰਦਰਸ਼ਨ ਹੁੰਦੇ ਹਨ, ਪਰ ਜਦੋਂ ਰਾਸ਼ਟਰੀ ਖੁਦਮੁਖਤਿਆਰੀ ਦੀ ਗੱਲ ਆਉਂਦੀ ਹੈ, ਤਾਂ ਲੋਕ ਤੇ ਸਰਕਾਰ ਇੱਕਜੁਟ ਦਿਖਾਈ ਦਿੰਦੇ ਹਨ।
ਭਾਰਤ ਵਰਗੇ ਦੇਸ਼ਾਂ ਲਈ, ਇਹ ਪੂਰਾ ਦ੍ਰਿਸ਼ ਇੱਕ ਗੰਭੀਰ ਚੇਤਾਵਨੀ ਅਤੇ ਇੱਕ ਮੌਕਾ ਦੋਵੇਂ ਪੇਸ਼ ਕਰਦਾ ਹੈ। ਇਰਾਨ ਭਾਰਤ ਦਾ ਇੱਕ ਰਵਾਇਤੀ ਦੋਸਤ ਰਿਹਾ ਹੈ- ਊਰਜਾ ਸੁਰੱਖਿਆ, ਖੇਤਰੀ ਸੰਪਰਕ (ਚਾਬਹਾਰ ਬੰਦਰਗਾਹ) ਅਤੇ ਮੱਧ ਏਸ਼ੀਆ ਤੱਕ ਪਹੁੰਚ ਲਈ ਇਸ ਦੀ ਮਹੱਤਤਾ ਨਿਰਵਿਵਾਦ ਹੈ। ਹਾਲਾਂਕਿ, ਅਮਰੀਕੀ ਦਬਾਅ ਹੇਠ ਭਾਰਤ ਦਾ ਇਰਾਨ ਤੋਂ ਦੂਰੀ ਬਣਾਉਣਾ ਇਸ ਦੀ ਸੁਤੰਤਰ ਵਿਦੇਸ਼ ਨੀਤੀ ਬਾਰੇ ਸਵਾਲ ਖੜ੍ਹੇ ਕਰਦਾ ਹੈ। ਕਿਸੇ ਵੀ ਪ੍ਰਭੂਸੱਤਾ ਸੰਪੰਨ ਦੇਸ਼ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਤੀਜੇ ਦੇਸ਼ ਦੇ ਗੁੱਸੇ ਦੇ ਡਰੋਂ ਆਪਣੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਾ ਕਰੇ। ਅੱਜ, ਵਿਸ਼ਵ ਰਾਜਨੀਤੀ ਇੱਕ ਤਬਦੀਲੀ ਵਿੱਚੋਂ ਗੁਜ਼ਰ ਰਹੀ ਹੈ।
ਇੱਕ-ਧਰੁਵੀ ਵਿਸ਼ਵ ਵਿਵਸਥਾ ਦੀ ਪਕੜ ਢਿੱਲੀ ਪੈ ਰਹੀ ਹੈ, ਅਤੇ ਬਹੁ-ਧਰੁਵਤਾ ਉੱਭਰ ਰਹੀ ਹੈ। ਇਸ ਸੰਦਰਭ ਵਿੱਚ, ਇਰਾਨ ਵਰਗੇ ਦੇਸ਼, ਜੋ ਲੰਮੇ ਸਮੇਂ ਤੋਂ ਦਬਾਅ ਅਤੇ ਪਾਬੰਦੀਆਂ ਹੇਠ ਹਨ, ਸ਼ਕਤੀ ਦੇ ਨਵੇਂ ਸੰਤੁਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਵਧਦਾ ਰੂਸ-ਚੀਨ-ਇਰਾਨ ਸਮੀਕਰਨ ਇਸ ਤਬਦੀਲੀ ਦਾ ਸੰਕੇਤ ਦਿੰਦਾ ਹੈ। ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਦੁਨੀਆ ਹੁਣ ਸਿਰਫ਼ ਵਾਸ਼ਿੰਗਟਨ ਦੁਆਰਾ ਨਿਰਦੇਸ਼ਤ ਨਹੀਂ ਰਹੇਗੀ। ਅੰਤ ਵਿੱਚ, ਸਵਾਲ ਇਹ ਨਹੀਂ ਹੈ ਕਿ ਇਰਾਨ ਸਹੀ ਹੈ ਜਾਂ ਅਮਰੀਕਾ ਗਲਤ ਹੈ। ਅਸਲ ਸਵਾਲ ਇਹ ਹੈ ਕਿ ਕੀ ਵਿਸ਼ਵ ਰਾਜਨੀਤੀ ਵਿੱਚ ਸ਼ਕਤੀ ਨਿਆਂ ਦਾ ਇੱਕੋ-ਇੱਕ ਮਾਪਦੰਡ ਹੋਵੇਗੀ। Iran Trump Relations
ਜਾਂ ਕਿ ਅੰਤਰਰਾਸ਼ਟਰੀ ਕਾਨੂੰਨ, ਖੁਦਮੁਖਤਿਆਰੀ ਅਤੇ ਸਮਾਨਤਾ ਦੇ ਸਿਧਾਂਤਾਂ ਦਾ ਸੱਚਮੁੱਚ ਸਤਿਕਾਰ ਕੀਤਾ ਜਾਵੇਗਾ। ਜੇਕਰ ਵੱਡੇ ਰਾਸ਼ਟਰ ਆਪਣੇ ਕੰਮਾਂ ਨਾਲ ਦੁਨੀਆ ਨੂੰ ਧਮਕੀਆਂ ਦਿੰਦੇ ਰਹਿਣਗੇ, ਤਾਂ ਉਨ੍ਹਾਂ ਨੂੰ ਸਿਰਫ ਅਸਥਿਰਤਾ, ਅਵਿਸ਼ਵਾਸ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਰਾਨ ਅਤੇ ਟਰੰਪ-ਯੁੱਗ ਦੀ ਅਮਰੀਕੀ ਰਾਜਨੀਤੀ ਸਾਨੂੰ ਸਿਖਾਉਂਦੀ ਹੈ ਕਿ ਦਮਨ ਸਥਿਰਤਾ ਨਹੀਂ ਲਿਆਉਂਦਾ, ਅਤੇ ਧਮਕੀਆਂ ਸਤਿਕਾਰ ਨਹੀਂ ਕਮਾਉਂਦੀਆਂ। ਇਤਿਹਾਸ ਅੰਤ ਵਿੱਚ ਉਨ੍ਹਾਂ ਦਾ ਪੱਖ ਪੂਰਦਾ ਹੈ ਜੋ ਆਪਣੀ ਖੁਦਮੁਖਤਿਆਰੀ, ਸਵੈ-ਮਾਣ ਤੇ ਜਨਤਕ ਚੇਤਨਾ ਲਈ ਖੜ੍ਹੇ ਹੁੰਦੇ ਹਨ। ਅਤੇ ਸ਼ਾਇਦ ਇਹ ਜੋ ਬੀਜੋਗੇ, ਉਹੀ ਵੱਢੋਗੇ ਦਾ ਅਸਲ ਰਾਜਨੀਤਿਕ ਅਰਥ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੱਤਿਆਵਾਨ ਸੌਰਭ













