ਇੱਕ ਸਾਲ ਤੋਂ ਜਾਂਚ ਲਟਕਾ ਰਹੇ ਆਈਓ ’ਤੇ ਹਰਿਆਣਾ ’ਚ ਗ੍ਰਹਿ ਮੰਤਰੀ ਅਨਿਲ ਵਿਜ ਦੀ ਵੱਡੀ ਕਾਰਵਾਈ | Haryana Sirsa
- ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਨਤੀਜਾ ਸੀ ਸਿਫਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਵਿਭਾਗ ਵਿੱਚ ਢਿੱਲ-ਮੱਠ ਵਾਲਾ ਰਵੱਈਆ ਅਪਣਾਉਣ ਲਈ ਲਗਭਗ 372 ਜਾਂਚ ਅਧਿਕਾਰੀਆਂ (ਆਈਓ) ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਵਿਜ ਨੇ ਅੱਜ ਇਸ ਸਬੰਧੀ ਪੁਲਿਸ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 11 ਮਈ 2023 ਨੂੰ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਵੀ ਜਾਣਕਾਰੀ ਮੰਗੀ ਗਈ ਸੀ।
ਇੱਕ ਸਾਲ ਵਿੱਚ 3229 ਐੱਫਆਈਆਰ ਦਾ ਨਿਪਟਾਰਾ ਨਹੀਂ
ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 372 ਤਫ਼ਤੀਸ਼ੀ ਅਫ਼ਸਰਾਂ (ਆਈਓਜ਼) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਗੁਰੂਗ੍ਰਾਮ ’ਚ 60, ਫਰੀਦਾਬਾਦ ਦੇ 32, ਪੰਚਕੂਲਾ ਦੇ 10, ਅੰਬਾਲਾ 30, ਯਮੁਨਾਨਗਰ 57, ਕਰਨਾਲ 31, ਪਾਣੀਪਤ 3, ਹਿਸਾਰ 14, ਸਰਸਾ 66, ਜੀਂਦ 24, ਰੇਵਾੜੀ 5, ਰੋਹਤਕ 31 ਅਤੇ ਸੋਨੀਪਤ ’ਚ 9 ਆਈਓ ਹਨ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਲਿਖੀ ਚਿੱਠੀ ਅਨੁਸਾਰ ਵਿਜ ਨੇ ਕਿਹਾ ਹੈ ਕਿ ‘ਸੂਬੇ ਵਿੱਚ ਦਰਜ ਐੱਫਆਈਆਰਜ਼ ਦੇ ਤੇਜ਼ੀ ਨਾਲ ਨਿਪਟਾਰੇ ਲਈ ਉਨ੍ਹਾਂ ਨੂੰ ਕਈ ਵਾਰ ਕਿਹਾ ਗਿਆ ਹੈ।
ਪਿਛਲੇ ਮਹੀਨੇ ਮੈਂ ਹੁਕਮ ਦਿੱਤਾ ਸੀ ਕਿ ਉਨ੍ਹਾਂ ਸਾਰੇ ਆਈਓ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ, ਜਿਨ੍ਹਾਂ ਨੇ ਇੱਕ ਸਾਲ ਵਿੱਚ ਐੱਫਆਈਆਰ ਦਾ ਨਿਪਟਾਰਾ ਨਹੀਂ ਕੀਤਾ ਹੈ। ਇਨ੍ਹਾਂ ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜੋ ਲਗਭਗ 3229 ਤੋਂ ਉੱਪਰ ਹੈ।’
ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਾਲਾਤ : ਵਿਜ
ਵਿਜ ਨੇ ਚਿੱਠੀ ’ਚ ਅਫਸੋਸ ਜ਼ਾਹਰ ਕੀਤਾ ਹੈ ਕਿ ‘ਉਨ੍ਹਾਂ ਦੀਆਂ ਹਦਾਇਤਾਂ ਦੇ ਬਾਵਜੂਦ ਅਜੇ ਵੀ 372 ਆਈਓ ਹਨ, ਜਿਨ੍ਹਾਂ ਨੇ ਕੇਸਾਂ ਦਾ ਅੰਤਮ ਨਿਪਟਾਰਾ ਨਹੀਂ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਕਾਰਨ ਵੀ ਤਸੱਲੀਬਖਸ਼ ਨਹੀਂ ਹਨ। ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭਟਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।’ ਗ੍ਰਹਿ ਮੰਤਰੀ ਨੇ ਚਿੱਠੀ ਵਿੱਚ ਕਿਹਾ ਹੈ ਕਿ ‘ਇਨ੍ਹਾਂ ਸਾਰੇ ਜਾਂਚ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਇਨ੍ਹਾਂ ਦੇ ਕੇਸਾਂ ਨੂੰ ਇੱਕ ਮਹੀਨੇ ਵਿੱਚ ਅੰਤਿਮ ਨਿਪਟਾਰੇ ਲਈ ਸਬੰਧਤ ਡੀਐੱਸਪੀ ਕੋਲ ਤਬਦੀਲ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।’