ਪੁਲਿਸ ਦੇ ਹੱਥੀਂ ਚੜ੍ਹੇ ਅੰਤਰਰਾਜੀ ਕਾਰ ਚੋਰ

Vehicles older than fifteen years will be closed

ਸਾਢੇ ਤਿੰਨ ਕਰੋੜ ਰੁਪਏ ਦੀਆਂ 31 ਲਗਜ਼ਰੀ ਕਾਰਾਂ ਬਰਾਮਦ

ਅਨਿਲ ਲੁਟਾਵਾ, ਫਤਹਿਗੜ੍ਹ ਸਾਹਿਬ: ਸੀਆਈਏ ਸਰਹਿੰਦ ਦੀ ਟੀਮ ਨੇ ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 10 ਮੈਂਬਰਾਂ ‘ਚੋਂ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲਗਭਗ 3.50 ਕਰੋੜ ਰੁਪਏ ਦੀ ਕੀਮਤ ਦੀਆਂ 31 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ ਪੁਲਿਸ ਲਾਈਨ ਮਹਾਦੀਆਂ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਟਿਆਲਾ ਜੋਨ ਦੇ ਆਈ.ਜੀ. ਸ੍ਰ. ਅਮਰਦੀਪ ਸਿੰਘ ਰਾਏ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੇ 56 ਕਾਰਾਂ ਚੋਰੀ ਕਰਨ ਦੀ ਗੱਲ ਕਬੂਲੀ ਹੈ

ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਐੱਸ. ਆਈ. ਹਰਮਿੰਦਰ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਸਾਬਾ (46) ਵਾਸੀ ਢਪੱਈ ਜ਼ਿਲ੍ਹਾ ਅੰਮ੍ਰਿਤਸਰ, ਹਾਲ ਆਬਾਦ ਹਰਗੋਬਿੰਦ ਨਗਰ ਫਰੀਦਕੋਟ, ਸਿਮਰਜੀਤ ਸਿੰਘ ਉਰਫ ਜੱਗੀ ਪੁੱਤਰ ਜੀਤ ਸਿੰਘ ਵਾਸੀ ਬਲਵੀਰ ਬਸਤੀ, ਫਰੀਦਕੋਟ (24) ਤੇ ਸੰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਫਰੀਦਕੋਟ (22) ਪੰਜਾਬ ਤੇ ਹੋਰਨਾਂ ਸੂਬਿਆਂ ਤੋਂ ਵਾਹਨ ਚੋਰੀ ਕਰਦੇ ਹਨ। ਚੋਰੀ ਕੀਤੇ ਵਾਹਨਾਂ ਨੂੰ ਬਲਵਿੰਦਰ ਸਿੰਘ ਆਪਣੇ ਸਾਥੀਆਂ ਮੋਨੂੰ ਵਾਸੀ ਚੰਡੀਗੜ੍ਹ, ਲਾਲੀ ਤੇ ਕੇਵਲ ਵਾਸੀ ਅੰਮ੍ਰਿਤਸਰ ਨਾਲ ਮਿਲ ਕੇ ਹਾਦਸਾਗ੍ਰਸਤ ਗੱਡੀਆਂ ਖਰੀਦ ਕੇ ਉਨ੍ਹਾਂ ਦੇ ਚੈੱਸੀ ਨੰਬਰ ਤੇ ਇੰਜਣ ਨੰਬਰ ਨੂੰ ਚੋਰੀ ਦੀ ਗੱਡੀ ‘ਤੇ ਟੈਂਪਰ ਕਰਕੇ ਉਸ ਨੂੰ ਹਾਦਸੇ ‘ਚ ਨੁਕਸਾਨੀ ਗੱਡੀ ਦੇ ਕਾਗਜ਼ਾਤ ਦੇ ਆਧਾਰ ‘ਤੇ ਅਤੇ ਉਸ ਦਾ ਨੰਬਰ ਲਾ ਕੇ ਲੋਕਾਂ ਨੂੰ ਫਾਈਨਾਂਸ ਦੀਆਂ ਗੱਡੀਆਂ ਦੱਸ ਕੇ ਵੇਚ ਦਿੰਦੇ ਸਨ।

ਆਈ. ਜੀ. ਸ੍ਰੀ ਰਾਏ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਥਾਣਾ ਸਰਹਿੰਦ ਵਿਖੇ ਇਨ੍ਹਾਂ ਵਿਰੁੱਧ ਧਾਰਾ 379, 411, 420, 465, 467, 468, 471 ਤੇ 120-ਬੀ ਅਧੀਨ ਮੁਕੱਦਮਾ ਨੰਬਰ 105 ਮਿਤੀ 23 ਜੁਲਾਈ 2017 ਨੂੰ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ  28 ਜੁਲਾਈ 2017 ਨੂੰ ਸੀਆਈਏ ਸਰਹਿੰਦ ਦੇ ਇੰਚਾਰਜ ਐੱਸ. ਆਈ. ਹਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਕਤ ਤਿੰਨਾਂ ਨੂੰ ਅੰਮ੍ਰਿਤਸਰ ਸਿਟੀ ਤੋਂ ਅਟਾਰੀ ਬਾਰਡਰ ਨੂੰ ਜਾਂਦੀ ਸੜਕ ਤੋਂ ਇੱਕ ਚੋਰੀ ਕੀਤੀ ਸਫੈਦ ਰੰਗ ਦੀ ਇਨੋਵਾ ਕਾਰ, ਜਿਸ ‘ਚ ਇਨੋਵਾ ਦੀ ਅਸਲ ਆਰਸੀ ਅਤੇ ਕਥਿਤ ਦੋਸ਼ੀਆਂ ਵੱਲੋਂ ਤਿਆਰ ਕੀਤੀ ਜਾਅਲੀ ਆਰਸੀ ਵੀ ਸੀ, ਸਮੇਤ ਗ੍ਰਿਫ਼ਤਾਰ ਕੀਤਾ।

ਚੰਡੀਗੜ੍ਹ, ਮੋਹਾਲੀ, ਦਿੱਲੀ ਤੇ ਗੁੜਗਾਓਂ ਤੋਂ ਗੱਡੀਆਂ ਚੋਰੀ ਕਰਦੇ ਸਨ

ਇਸ ਤੋਂ ਇਲਾਵਾ 9 ਅਗਸਤ ਨੂੰ ਇਨ੍ਹਾਂ ਦਾ ਸਾਥੀ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਕੀ ਬਡਾਲੀ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਗਲੀ ਨੰਬਰ 1 ਹਾਊਸਿੰਗ ਬੋਰਡ ਕਲੋਨੀ ਫਿਰੋਜ਼ਪੁਰ ਨੂੰ ਵੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ। ਸ੍ਰੀ ਰਾਏ ਨੇ ਅੱਗੇ ਦੱਸਿਆ ਕਿ ਪੁਲਿਸ ਰਿਮਾਂਡ ‘ਚ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਅਤੇ ਲੋਕਾਂ ਨੂੰ ਧੋਖੇ ਨਾਲ ਵੇਚੀਆਂ ਗਈਆਂ 31 ਗੱਡੀਆਂ ਫਰੀਦਕੋਟ, ਖਰੜ ਜ਼ਿਲ੍ਹਾ ਮੋਹਾਲੀ, ਅੰਮ੍ਰਿਤਸਰ ਤੋਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਦੇ ਕੁਝ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵੀ ਚੋਰੀ ਦੇ ਵਾਹਨ ਬਰਾਮਦ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਜਾਂਚ ‘ਚ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਇਹ ਚੋਰੀ ਕੀਤੀਆਂ ਗੱਡੀਆਂ ਚੰਡੀਗੜ੍ਹ, ਮੋਹਾਲੀ, ਦਿੱਲੀ ਤੇ ਗੁੜਗਾਓਂ ਤੋਂ ਚੋਰੀ ਕੀਤੀਆਂ ਹਨ ਤੇ ਇਸ ‘ਚ ਰਾਮਜੀਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਵਾਸੀ ਦਿੱਲੀ ਤੇ ਉਸ ਦੇ ਸਾਥੀ ਉਨ੍ਹਾਂ ਦੀ ਮੱਦਦ ਕਰਦੇ ਸਨ।

ਇਸ ਮੌਕੇ ਡੀਆਈਜੀ ਰੋਪੜ ਰੇਂਜ ਸ੍ਰੀ ਬੀ. ਐੱਲ. ਮੀਨਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ, ਐੱਸ. ਪੀ. (ਜਾਂਚ) ਸ੍ਰ. ਦਲਜੀਤ ਸਿੰਘ ਰਾਣਾ, ਐੱਸ.ਪੀ. (ਹੈ/ਕੁ) ਸ੍ਰ. ਸ਼ਰਨਜੀਤ ਸਿੰਘ, ਡੀਐੱਸਪੀ (ਜਾਂਚ) ਸ੍ਰੀ ਦਲਜੀਤ ਸਿੰਘ ਖੱਖ, ਡੀਐੱਸਪੀ ਫ਼ਤਹਿਗੜ੍ਹ ਸਾਹਿਬ ਸ੍ਰੀ ਵਰਿੰਦਰਜੀਤ ਸਿੰਘ ਥਿੰਦ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜ਼ੂਦ ਸਨ।

ਮੁਲਜ਼ਮਾਂ ਤੋਂ 31 ਕਾਰਾਂ ਬਰਾਮਦ

ਪੁਲਿਸ ਨੇ ਗਿਰੋਹ ਦੇ ਚਾਰਾਂ ਮੈਂਬਰਾਂ ਤੋਂ ਲਗਭਗ 3.50 ਕਰੋੜ ਰੁਪਏ ਦੀ ਕੀਮਤ ਦੀਆਂ 3 ਫਾਰਚੂਨਰ, 6 ਇਨੋਵਾ, 3 ਵਰਨਾ, 2 ਬਲੈਰੋ, 8 ਸਵਿਫਟ ਕਾਰਾਂ, 5 ਸਵਿਫਟ ਡਿਜਾਇਰ, 2 ਕਰੂਜ ਕਾਰਾਂ, 1 ਸਫਾਰੀ ਤੇ ਇੱਕ ਆਈ-20 ਸਮੇਤ ਕੁੱਲ 31 ਲਗਜ਼ਰੀ ਚੋਰੀ ਕੀਤੇ ਗਏ ਵਾਹਨ ਬਰਾਮਦ ਕੀਤੇ ਹਨ