ਆਟੋ ਰਿਕਸ਼ਾ ਤੇ ਬੱਸ ਦੀ ਭਿਆਨਕ ਟੱਕਰ ‘ਚ ਤਿੰਨ ਸਕੂਲੀ ਬੱਚਿਆਂ ਸਮੇਤ 4 ਜ਼ਖਮੀ 

Injured, Road Accident

ਹਾਦਸੇ ‘ਚ ਜ਼ਖ਼ਮੀਆਂ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ : ਡੀਸੀ

ਸੱਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ-ਫਰੀਦਕੋਟ ਰੋਡ ‘ਤੇ ਅਨਾਜ ਮੰਡੀ ਨੇੜੇ ਬੱਸ ਤੇ ਆਟੋ ਰਿਕਸ਼ੇ ਦੀ ਭਿਆਨਕ ਟੱਕਰ ‘ਚ ਤਿੰਨ ਸਕੂਲੀ ਬੱਚੀਆਂ ਸਮੇਤ ਆਟੋ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ‘ਚ ਆਟੋ ਰਿਕਸ਼ਾ ਪੂਰੀ ਤਰ੍ਹਾਂ ਤਬਾਹ ਹੋ ਗਿਆ।

ਜਾਣਕਾਰੀ ਅਨੁਸਾਰ ਆਟੋ ਰਿਕਸ਼ਾ ‘ਚ ਸਵਾਰ 5 ਤੋਂ 7 ਸਾਲ ਦੀ ਉਮਰ ਦੇ 3 ਸਕੂਲੀ ਬੱਚੇ ਅਨਹੱਦ ਪੁੱਤਰੀ ਰਾਜ ਕੁਮਾਰ ਵਾਸੀ ਪਿੰਡ ਵਜੀਦਪੁਰ, ਰੋਹਨ ਤੇ ਅਨੰਤ ਕੌਰ ਜੋ ਕੇਂਦਰੀ ਵਿਦਿਆਲਿਆ ਸਕੂਲ ‘ਚੋਂ ਪੜ੍ਹ ਕੇ ਆਟੋ ਰਿਕਸ਼ਾ ਪੀਬੀ23 ਜੇ -2392 ‘ਤੇ ਘਰ ਵਾਪਸ ਜਾ ਰਹੇ ਸਨ ਇਸ ਦੌਰਾਨ ਫਰੀਦਕੋਟ ਸਾਈਡ ਤੋਂ ਆ ਰਹੀ ਇੱਕ ਨਿੱਜੀ ਬੱਸ ਨਾਲ ਆਹਮੋ-ਸਾਹਮਣੀ ਆਟੋ ਰਿਕਸ਼ਾ ਦੀ ਟੱਕਰ ਹੋ ਗਈ।  ਹਾਦਸਾ ਵਾਪਰਨ ਉਪਰੰਤ ਮੌਕੇ ਤੋਂ ਬੱਸ ਡਰਾਈਵਰ ਫਰਾਰ ਹੋ ਗਿਆ

ਇਸ ਹਾਦਸੇ ‘ਚ ਜ਼ਖ਼ਮੀ ਹੋਈ ਵਿਦਿਆਰਥਣ ਅਨਹੱਦ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ, ਜਦ ਕਿ ਰੋਹਨ ਤੇ ਅਨੰਤ ਕੌਰ ਦਾ ਸਥਾਨਕ ਨਿੱਜੀ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ ਜੋ ਕਿ ਖ਼ਤਰੇ ਤੋਂ ਬਾਹਰ ਹਨ ਅਤੇ ਆਟੋ ਡਰਾਈਵਰ ਸੁਖਦੇਵ ਸਿੰਘ ਵਾਸੀ ਮਿਸ਼ਰੀ ਵਾਲਾ ਦੀ ਲੱਤ ਟੁੱਟੀ ਹੈ ਤੇ ਸੱਟਾਂ ਲੱਗੀਆਂ ਹਨ, ਜਿਸ ਨੂੰ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਭੇਜਿਆ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਸਹਾਇਕ ਕਮਿਸ਼ਨਰ (ਜਨ.) ਰਣਜੀਤ ਸਿੰਘ ਤੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਨੂੰ ਜ਼ਖ਼ਮੀਆਂ ਦੇ ਇਲਾਜ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਮੌਕੇ ‘ਤੇ ਭੇਜਿਆ।

ਉਨ੍ਹਾਂ ਕਿਹਾ ਕਿ ਹਾਦਸੇ ‘ਚ ਜ਼ਖਮੀ ਹੋਏ ਤਿੰਨੇ ਸਕੂਲੀ ਵਿਦਿਆਰਥੀਆਂ ਤੇ ਆਟੋ ਡਰਾਈਵਰ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ। ਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਹਾਦਸੇ ਦਾ ਉਨ੍ਹਾਂ ਮੁੱਖ ਕਾਰਨ ਤੇਜ਼ ਰਫ਼ਤਾਰ ਦੱਸਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।