(ਸੱਚ ਕਹੂੰ ਨਿਊਜ) ਪਟਿਆਲਾ । ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਲਈ ਸੁੰਦਰੀਕਰਨ ਅਤੇ ਨਵੀਨੀਕਰਨ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਪ੍ਰਾਜੈਕਟ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਰਕੇ ਵੱਡੀ ਨਦੀ ਦੇ ਬੰਧਾਂ ਤੇ ਐਸ.ਟੀ.ਪੀ. ਨੂੰ ਕਾਫੀ ਨੁਕਸਾਨ ਹੋਇਆ ਹੈ ਜਿਸ ਕਰਕੇ ਇਸ ਪ੍ਰਾਜੈਕਟ ’ਚ ਕੁਝ ਦੇਰੀ ਹੋਈ ਹੈ ਪਰੰਤੂ ਹੁਣ ਇਸ ਦਾ ਕੰਮ ਤੇਜੀ ਨਾਲ ਮੁਕੰਮਲ ਕਰਨ ਲਈ ਕਿਹਾ ਗਿਆ ਹੈ। (Beautification Project)
ਇਹ ਵੀ ਪੜ੍ਹੋ : ਦੂਜੇ ਟੈਸਟ ਮੈਚ ‘ਚ ਭਾਰਤ ਦੀ ਇਤਿਹਾਸਕ ਜਿੱਤ
ਸਾਕਸ਼ੀ ਸਾਹਨੀ ਨੇ ਸਬੰਧਤ ਅਧਿਕਾਰੀਆਂ ਤੋਂ ਕੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਲੈਂਦਿਆਂ ਕਿਹਾ ਕਿ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਕਰਕੇ ਇਸਦੇ ਨਵੀਨੀਕਰਨ ਤੇ ਸੁੰਦਰੀਕਰਨ ਨਾਲ ਇੱਕ ਸੈਰਗਾਹ ਵਜੋਂ ਵਿਕਸਤ ਕਰਨਾ, ਪੰਜਾਬ ਸਰਕਾਰ ਦਾ ਇੱਕ ਅਹਿਮ ਪ੍ਰਾਜੈਕਟ ਹੈ, ਜਿਸ ਲਈ ਇਸ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨਦੀਆਂ ਸ਼ਹਿਰ ’ਚੋਂ ਮੁੱਖ ਨਿਕਾਸੀ ਨਦੀਆਂ ਹਨ ਅਤੇ ਮਾਨਸੂਨ ਦੇ ਸੀਜਨ ’ਚ ਇਨ੍ਹਾਂ ’ਚ ਰੁਕਾਵਟਾਂ ਪੈਦਾ ਹੋਣ ਕਰਕੇ ਹੜ੍ਹ ਵੀ ਆਉਂਦੇ ਹਨ, ਪਰੰਤੂ 164 ਕਰੋੜ ਰੁਪਏ ਦੀ ਲਾਗਤ ਇਨ੍ਹਾਂ ਦੇ ਚੈਨੇਲਾਈਜੇਸ਼ਨ, ਕੰਕਰੀਟ ਲਾਈਨਿੰਗ, ਸੁੰਦਰੀਕਰਨ ਤੇ ਨਵੀਨੀਕਰਨ ਦੇ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਲ ਨਿਕਾਸ ਠੀਕ ਹੋਵੇਗਾ। ਉਨ੍ਹਾਂ ਨੇ ਐਸ.ਟੀ.ਪੀ., ਚੈਕ ਡੈਮ, ਹਾਈ ਲੈਵਲ ਬਰਿੱਜ਼, ਸੈਰਤੇ ਸਾਇਕਲਿੰਗ ਲਈਟਰੈਕ, ਨਦੀਆਂ ਦੇ ਸੁੰਦਰੀਕਰਨ ਤੇ ਨਵੀਨੀਕਰਨ ਦਾ ਜਾਇਜ਼ਾ ਲੈਂਦਿਆਂ ਇਸ ਦੀ ਪ੍ਰਗਤੀ ਰਿਪੋਰਟ ਲਗਾਤਾਰ ਭੇਜਣ ਦੀ ਵੀ ਹਦਾਇਤ ਕੀਤੀ। (Beautification Project)