ਇਨੈਲੋ ਦੀ ਧਮਕੀ : ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ

Inello-Akali

ਇਨੈਲੋ ਵੱਲੋਂ ਪੰਜਾਬ ਵਿੱਚ ਦਾਖ਼ਲ ਹੋ ਕੇ ਐਸ.ਵਾਈ.ਐਲ. ਕੱਢਣ ਦੀ ਧਮਕੀ ਨੂੰ ਲੈ ਕੇ ਜਾਰੀ ਹੋਇਆ ਅਲਰਟ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ ‘ਚ ਵਿਰੋਧੀ ਧਿਰ ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਵਿੱਚ ਜ਼ਬਰੀ ਦਾਖ਼ਲ ਹੋ ਕੇ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਐਲਾਨ ਕਰ ਦਿੱਤਾ ਹੈ। ਇਸ ਨਾਲ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸਖ਼ਤੀ ਨਾਲ ਕਾਰਵਾਈ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਨੇ ਸ਼ੰਭੂ-ਰਾਜਪੂਰਾ ਅਤੇ ਬਨੂੜ ਬੈਰੀਅਰ ਸਣੇ ਹਰਿਆਣਾ-ਪੰਜਾਬ ਦੇ ਹਰ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਤਾਂ ਕਿ ਕੋਈ ਵੀ ਇਨੈਲੋ ਦਾ ਆਗੂ ਆਪਣੇ ਵਰਕਰਾਂ ਨਾਲ ਪੰਜਾਬ ਵਿੱਚ ਦਾਖ਼ਲ ਨਾ ਹੋ ਸਕੇ। ਸ਼ੰਭੂ-ਰਾਜਪੁਰਾ ਬਾਰਡਰ ‘ਤੇ ਸਖ਼ਤ ਪੁਲਿਸ ਇੰਤਜ਼ਾਮ ਕੀਤੇ ਗਏ ਹਨ ਕਿਉਂਕਿ ਇਨੈਲੋਂ ਵਲੋਂ ਅੰਬਾਲਾ ਵਿਖੇ ਇਕੱਠੇ ਹੋਣ ਤੋਂ ਬਾਅਦ ਇਸੇ ਰਸਤੇ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ।

ਪੰਜਾਬ ਪੁਲਿਸ ਵਲੋਂ ਸੰਭੂ ਬਾਰਡਰ ‘ਤੇ ਇਨੈਲੋਂ ਲੀਡਰਾਂ ਅਤੇ ਵਰਕਰਾਂ ਨੂੰ ਖਦੇੜਣ ਦੀ ਪੂਰੀ ਤਿਆਰੀ ਕਰਨ ਦੇ ਨਾਲ ਹੀ ਉਨਾਂ ਨੂੰ ਪੰਜਾਬ ਵਿੱਚ ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਦਾਖ਼ਲ ਨਾ ਹੋਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਜਿਸ ਕਾਰਨ ਇਨੈਲੋਂ ਲੀਡਰਾਂ ਅਤੇ ਵਰਕਰਾਂ ਨੂੰ ਸੰਭੂ ਬਾਰਡਰ ‘ਤੇ ਹਰਿਆਣਾ ਵਾਲੇ ਪਾਸੇ ਤੋਂ ਪੰਜਾਬ ਵਿੱਚ ਆਉਣ ‘ਤੇ ਗ੍ਰਿਫ਼ਤਾਰ ਕਰੇਗੀ ਜਾਂ ਨਹੀਂ ਕੀਤਾ ਜਾਵੇਗਾ, ਪੁਲਿਸ ਹਰ ਤਰਾਂ ਦੇ ਹਥਿਆਰਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਹਰਿਆਣਾ ਵੱਲ ਹੀ ਵਾਪਸ ਮੁੜਨ ਲਈ ਮਜਬੂਰ ਕਰੇਗੀ। ਇਸ ਲਈ ਚਾਹੇ ਪੰਜਾਬ ਪੁਲਿਸ ਨੂੰ ਹਵਾਈ ਫਾਇਰ ਵੀ ਕਿਉਂ ਨਾ ਕਰਨੇ ਪੈਣ।

ਪਟਿਆਲਾ ਜ਼ੋਨ ਦੇ ਆਈ.ਜੀ. ਬੀ. ਚੰਦਰ ਸ਼ੇਖਰ ਪੁਲਿਸ ਇੰਤਜ਼ਾਮ ਦੀ ਖ਼ੁਦ ਆਪਣੇ ਪੱਧਰ ‘ਤੇ ਹੀ ਦੇਖ ਰਹੇ ਹਨ, ਉਨਾਂ ਮੁਹਾਲੀ ਅਤੇ ਪਟਿਆਲਾ ਸਣੇ ਸੰਗਰੂਰ ਦੇ ਐਸ.ਐਸ.ਪੀ. ਨਾਲ ਮੀਟਿੰਗ ਕਰਕੇ ਸਾਰੀ ਤਿਆਰੀਆਂ ਦਾ ਵੇਰਵਾ ਵੀ ਲੈ ਲਿਆ ਹੈ।

ਕਪੂਰੀ ਵਿਖੇ ਸਖ਼ਤ ਇੰਤਜ਼ਾਮ, ਐੱਸ. ਵਾਈ. ਐੱਲ. ਨੇੜੇ ਜਾਣ ਦੀ ਨਹੀਂ ਹੋਵੇਗੀ ਇਜਾਜ਼ਤ

ਪੰਜਾਬ ਸਰਕਾਰ ਵੱਲੋਂ ਰਾਜਪੁਰਾ ਦੇ ਪਿੰਡ ਕਪੂਰੀ ਵਿਖੇ ਸਖ਼ਤ ਪੁਲਿਸ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਐਸ.ਵਾਈ.ਐਲ. ਨਹਿਰ ਦੇ ਨੇੜੇ ਅਗਲੇ ਇੱਕ ਹਫ਼ਤੇ ਤੱਕ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾਵੇਗਾ। ਐਸ. ਵਾਈ. ਐਲ. ਦੀ ਸ਼ੁਰੂਆਤ ਇਸੇ ਪਿੰਡ ਤੋਂ ਹੋਈ ਸੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਥੇ ਹੀ ਪਹਿਲਾਂ ਟੱਕ ਲਗਾ ਕੇ ਪੁਟਾਈ ਦਾ ਕੰਮ ਸ਼ੁਰੂ ਕਰਵਾਇਆ ਸੀ। ਇਸ ਲਈ ਸਰਕਾਰ ਨੂੰ ਡਰ ਹੈ ਕਿ ਇਨੈਲੋ ਦੇ ਵਰਕਰ ਅਤੇ ਆਗੂ ਪੁਲਿਸ ਨੂੰ ਚਕਮਾ ਦੇ ਕੇ ਕਿਸੇ ਹੋਰ ਪਾਸੇ ਤੋਂ ਕਪੂਰੀ ਪਿੰਡ ਵਿਖੇ ਨਾ ਪੁੱਜ ਜਾਣ।

ਨੀਮ ਫੌਜ ਬਲ ਦੀਆਂ 20 ਕੰਪਨੀਆਂ ਅੱਜ ਪੁੱਜ ਜਾਣਗੀਆਂ ਪੰਜਾਬ

ਇਨੈਲੋਂ ਆਗੂਆਂ ਵੱਲੋਂ ਕੀਤੀ ਜਾ ਰਹੀਂ ਐੱਸ.ਵਾਈ.ਐਲ. ਲਿੰਕ ਨਹਿਰ ਦੀ ਪੁਟਾਈ ਕਰਨ ਸਬੰਧੀ ਸਖ਼ਤ ਤਿਆਰੀ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੀ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੁੰਦੀ ਹੈ, ਜਿਸ ਕਾਰਨ ਭਾਰੀ ਗਿਣਤੀ ਵਿੱਚ ਦੂਜੇ ਜ਼ਿਲ੍ਹਿਆਂ ਵਿੱਚੋਂ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਮੁਹਾਲੀ ਅਤੇ ਪਟਿਆਲਾ ਸਣੇ ਸੰਗਰੂਰ ਵਿਖੇ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਤੋਂ 20 ਨੀਮ ਫੌਜ ਬਲ ਦੀਆਂ ਕੰਪਨੀਆਂ ਅੱਜ ਪੰਜਾਬ ਵਿਖੇ ਪੁੱਜ ਰਹੀਆਂ ਹਨ, ਜਿਨ੍ਹਾਂ ਨੂੰ ਸ਼ੰਭੂ-ਰਾਜਪੁਰਾ ਬਾਰਡਰ ‘ਤੇ ਤੈਨਾਤ ਕੀਤਾ ਜਾਵੇਗਾ ਤਾਂ ਕਿ ਹਰ ਸਥਿਤੀ ਨੂੰ ਕਾਬੂ ਕਰਨ ਵਿੱਚ ਇਹ ਨੀਮ ਫੌਜ ਬਲ ਕਾਰਵਾਈ ਕਰ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ