ਭਾਰਤ ਦਾ ਮਾਸਟਰ ਸਟਰੋਕ
ਦੇਸ਼ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਪੱਛਮੀ ਮੁਲਕਾਂ ਦੀਆਂ ਨੀਤੀਆਂ ’ਤੇ ਜ਼ਬਰਦਸਤ ਵਾਰ ਕੀਤਾ ਹੈ ਉਨ੍ਹਾਂ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾਂ ਕਿਹਾ ਕਿ ਪੱਛਮੀ ਮੁਲਕਾਂ ਦੀ ਇੱਕ ਮਿਲਟਰੀ ਤਾਨਾਸ਼ਾਹ ਮੁਲਕ ਨਾਲ ਨੇੜਤਾ ਕਾਰਨ ਹੀ ਭਾਰਤ ਨੂੰ ਰੂਸ ਨਾਲ ਖੜ੍ਹੇ ਹੋਣਾ ਪਿਆ ਹੈ ਭਾਰਤ ਦਾ ਇਹ ਸਟੈਂਡ ਅਮਰੀਕਾ ਤੇ ਪੱਛਮ ਦੇ ਤਾਕਤਵਾਰ ਮੁਲਕਾਂ ਲਈ ਇੱਕ ਬਹੁਤ ਵੱਡਾ ਝਟਕਾ ਹੈ, ਜੈ ਸ਼ੰਕਰ ਦਾ ਬਿਆਨ ਦੇਸ਼ ਦੀ ਵਿਦੇਸ਼ ਨੀਤੀ ’ਚ ਆਏ ਵੱਡੇ ਬਦਲਾਅ ਨੂੰ ਜ਼ਾਹਿਰ ਕਰਦਾ ਹੈ ਇਸ ਤੋਂ ਪਹਿਲਾਂ ਭਾਰਤ ਨੇ ਕਦੇ ਵੀ ਇਸ ਤਰ੍ਹਾਂ ਅਮਰੀਕਾ ਜਾਂ ਰੂਸ ’ਚੋਂ ਕਿਸੇ ਇੱਕ ਨਾਲ ਖੜ੍ਹਨ ਦੀ ਸਪੱਸ਼ਟ ਗੱਲ ਨਹੀਂ ਕਹੀ ਸੀ
ਗੁੱਟਨਿਰਲੇਪਤਾ ਕਾਰਨ ਭਾਰਤ ਅਮਰੀਕਾ ਤੇ ਰੂਸ ਨਾਲ ਬਰਾਬਰ ਚੱਲ ਰਿਹਾ ਸੀ ਉਂਜ 2004 ਤੋਂ ਬਾਅਦ ਅਮਰੀਕਾ ਨਾਲ ਨੇੜਤਾ ਹੋਰ ਵਧਾਈ ਸੀ ਇਸੇ ਤਰ੍ਹਾਂ ਹੀ ਇਜ਼ਰਾਈਲ ਤੇ ਫਲਸਤੀਨ ਦੇ ਮਾਮਲੇ ਵਿੱਚ ਵੀ ਭਾਰਤ ਨੇ ਦੋਵਾਂ ਮੁਲਕਾਂ ਨਾਲ ਆਪਣੇ ਸਬੰਧ ਬਣਾਈ ਰੱਖੇ ਫਲਸਤੀਨ ਨੇ ਕਸ਼ਮੀਰ ਦੇ ਮਾਮਲੇ ’ਚ ਭਾਰਤ ਦੀ ਹਮਾਇਤ ਕੀਤੀ ਸੀ ਭਾਵੇਂ ਲੰਮਾ ਸਮਾਂ ਭਾਰਤ ਫਲਸਤੀਨ ਨਾਲ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਤੇ ਫਲਸਤੀਨ ਦੋਵਾਂ ਮੁਲਕਾਂ ਦੇ ਦੌਰੇ ਕਰਕੇ ਗੁੱਟਨਿਰਲੇਪਤਾ ਦੇ ਸਿਧਾਂਤ ਨੂੰ ਬਰਕਰਾਰ ਰੱਖਿਆ
ਹੁਣ ਵੀ ਜਿੱਥੋਂ ਤੱਕ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਬਿਆਨ ਦਾ ਸਬੰਧ ਹੈ ਭਾਰਤ ਦੇ ਗੁੱਟਨਿਰਲੇਪਤਾ ਦੇ ਸਿਧਾਂਤ ’ਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਦਰਅਸਲ ਭਾਰਤ ਨੇ ਅਮਰੀਕਾ ਤੇ ਪੱਛਮੀ ਮੁਲਕਾਂ ਦੀਆਂ ਦੋਗਲੀਆਂ ਨੀਤੀਆਂ ’ਤੇ ਸਵਾਲ ਉਠਾਇਆ ਹੈ ਪੱਛਮੀ ਮੁਲਕ ਲੰਮੇ ਸਮੇਂ ਤੱਕ ਪਾਕਿਸਤਾਨ ਲਈ ਡਟੇ ਰਹੇ ਜਿਸ ਦਾ ਨਤੀਜਾ ਹੈ ਕਿ ਭਾਰਤ ਨੂੰ 1990 ਤੋਂ ਲਗਾਤਾਰ ਜੰਮੂ ਕਸ਼ਮੀਰ ’ਚ ਅੱਤਵਾਦ ਦਾ ਸਾਹਮਣਾ ਕਰਨਾ ਪਿਆ ਭਾਰਤ ਦਾ ਵਰਤਮਾਨ ਰੁਖ ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਲਈ ਝਟਕਾ ਹੈ ਜਿਹੜਾ ਅਮਰੀਕਾ, ਬਰਤਾਨੀਆ ਵਿਸ਼ਵ ਅੱਤਵਾਦ ਖਿਲਾਫ਼ ਕੌਮਾਂਤਰੀ ਮੁਹਿੰਮ ਚਲਾਉਣ ਲਈ ਸਭ ਤੋਂ ਅੱਗੇ ਸਨ ਉਹਨਾਂ ਮੁਲਕਾਂ ਨੂੰ ਭਾਰਤ ਨੇ ਇੱਕ ਅੱਤਵਾਦ ਦੇ ਮਾਮਲੇ ’ਚ ਕਟਹਿਰੇ ’ਚ ਪਾ ਦਿੱਤਾ ਵਰਤਮਾਨ ਦੌਰ ’ਚ ਜੇਕਰ ਰੂਸ-ਯੂਕਰੇਨ ਜੰਗ ਨੂੰ ਛੱਡ ਵੀ ਦੇਈਏ ਤਾਂ ਅੱਤਵਾਦ ਹੀ ਇੱਕ ਬਹੁਤ ਵੱਡੀ ਸਮੱਸਿਆ ਹੈ
ਅਸਲ ’ਚ ਅੱਤਵਾਦ ਦੇ ਵਧਣ-ਫੁੱਲਣ ਤੇ ਇਸ ਨਾਲ ਭਾਰੀ ਤਬਾਹੀ ਹੋਣ ਦੀ ਵਜ੍ਹਾ ਵੀ ਇਹੀ ਹੈ ਕਿ ਦੁਨੀਆ ਦੇ ਤਾਕਤਵਰ ਮੁਲਕ ਅੱਤਵਾਦ ਖਿਲਾਫ ਦੂਹਰੇ ਮਾਪਦੰਡ ਅਪਣਾਉਂਦੇ ਰਹੇ ਅੱਤਵਾਦ ਆਪਣੇ-ਆਪ ਤਾਂ ਪੈਦਾ ਹੁੰਦਾ ਨਹੀਂ ਕੋਈ ਨਾ ਕੋਈ ਦੇਸ਼ ਅੱਤਵਾਦੀ ਸੰਗਠਨਾਂ ਨੂੰ ਹਥਿਆਰਾਂ ਲਈ ਪੈਸਾ ਦੇਂਦਾ ਹੈ, ਅੱਤਵਾਦੀਆਂ ਨੂੰ ਪੈਸਾ ਦਿੰਦਾ ਹੈ ਇਹ ਵੀ ਇੱਕ ਵਜ੍ਹਾ ਰਹੀ ਹੈ ਕਿ ਅੱਤਵਾਦ ਨੂੰ ਫੰਡ ਦੇਣ ਵਾਲੇ ਦੇਸ਼ ਖਿਲਾਫ਼ ਕਾਰਵਾਈ ਨਹੀਂ ਹੋ ਸਕੀ ਕਈ ਤਾਕਤਵਰ ਮੁਲਕ ਅੱਤਵਾਦ ਦੀ ਇੱਕ ਪਰਿਭਾਸ਼ਾ ਬਣਾਉਣ ਤੇ ਅੱਤਵਾਦੀਆਂ ਖਿਲਾਫ਼ ਕਾਰਵਾਈ ’ਚ ਅੜਿੱਕੇ ਪਾਉਂਦੇ ਰਹੇ ਜਿਸ ਦਾ ਨਤੀਜਾ ਨਿੱਕਲਿਆ ਕਿ ਅੱਤਵਾਦ ਦੀ ਬਗੀਚੀ ਜੰਗਲ ਦਾ ਰੂਪ ਧਾਰਨ ਕਰਦੀ ਗਈ ਬਿਨਾਂ ਸ਼ੱਕ ਭਾਰਤ ਦਾ ਵਰਤਮਾਨ ਸਟੈਂਡ ਅੱਤਵਾਦ ਸਬੰਧੀ ਤਾਕਤਵਰ ਮੁਲਕਾਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦਾ ਹੈ ਤੇ ਉਨ੍ਹਾਂ ਤੋਂ ਜਵਾਬ ਵੀ ਮੰਗਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ