IND vs PAK: ਸਪੋਰਟਸ ਡੈਸਕ। ਭਾਰਤੀ ਟੀਮ ਨੇ ਅਗਲੇ ਮਹੀਨੇ ਏਸ਼ੀਆ ਕੱਪ ’ਚ ਹਿੱਸਾ ਲੈਣਾ ਹੈ। ਹੁਣ ਇਸ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਖੇਡ ਮੰਤਰਾਲੇ ਦੇ ਵਸੀਲਿਆਂ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਏਸ਼ੀਆ ਕੱਪ ’ਚ ਹਿੱਸਾ ਲੈਣ ਤੋਂ ਨਹੀਂ ਰੋਕੇਗੀ। ਭਾਰਤ ਨੂੰ ਇਸ ਟੂਰਨਾਮੈਂਟ ’ਚ 14 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਮੈਚ ਵੀ ਖੇਡਣਾ ਹੈ, ਜਿਸ ਕਾਰਨ ਬਹੁਤ ਵਿਵਾਦ ਵੀ ਹੋ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Punjab News: ਕੇਂਦਰ ਸਰਕਾਰ ਦੀ ਨਵੀਂ ਯੋਜਨਾ ’ਚ ਆਉਣਗੇ ਪੰਜਾਬ ਦੇ ਇਹ ਪਿੰਡ! ਜਾਣੋ ਕੀ-ਕੀ ਮਿਲੇਗਾ ਫਾਇਦਾ
‘ਬਹੁ-ਰਾਸ਼ਟਰੀ ਟੂਰਨਾਮੈਂਟਾਂ ’ਚ ਖੇਡਣ ਤੋਂ ਨਹੀਂ ਰੋਕਿਆ ਜਾ ਸਕਦਾ’ | IND vs PAK
ਖੇਡ ਮੰਤਰਾਲੇ ਦੇ ਵਸੀਲਿਆਂ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੁਵੱਲੇ ਮੈਚ ਨਹੀਂ ਖੇਡਦੀਆਂ, ਪਰ ਟੀਮ ਨੂੰ ਏਸ਼ੀਆ ਕੱਪ ਵਰਗੇ ਬਹੁ-ਰਾਸ਼ਟਰੀ ਟੂਰਨਾਮੈਂਟਾਂ ’ਚ ਖੇਡਣ ਤੋਂ ਨਹੀਂ ਰੋਕਿਆ ਜਾ ਸਕਦਾ। ਮੰਤਰਾਲੇ ਨੇ ਭਾਰਤ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਬਾਰੇ ਇੱਕ ਨਵੀਂ ਨੀਤੀ ਦਾ ਪਰਦਾਫਾਸ਼ ਵੀ ਕੀਤਾ, ਜੋ ਕਿ ਪਾਕਿਸਤਾਨ ਵੱਲ ਵਿਸ਼ੇਸ਼ ਧਿਆਨ ਦੇ ਕੇ ਬਣਾਈ ਗਈ ਹੈ। ਵਸੀਲਿਆਂ ਨੇ ਦੱਸਿਆ ਕਿ ਇਹ ਨੀਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਜਾ ਸਕਦੀ ਹੈ।
ਅੰਤਰਰਾਸ਼ਟਰੀ ਮੁਕਾਬਲਿਆਂ ਲਈ ਨਵੀਂ ਨੀਤੀ ਦਾ ਪਰਦਾਫਾਸ਼ | IND vs PAK
ਮੰਤਰਾਲੇ ਦੀ ਇਹ ਨੀਤੀ ਕਹਿੰਦੀ ਹੈ ਕਿ ਪਾਕਿਸਤਾਨ ਨਾਲ ਸਬੰਧਤ ਖੇਡ ਟੂਰਨਾਮੈਂਟਾਂ ਪ੍ਰਤੀ ਭਾਰਤ ਦੀ ਪਹੁੰਚ ਉਸ ਦੇਸ਼ ਨਾਲ ਨਜਿੱਠਣ ਦੀ ਉਸਦੀ ਸਮੁੱਚੀ ਨੀਤੀ ਨੂੰ ਦਰਸ਼ਾਉਂਦੀ ਹੈ। ਜਿੱਥੋਂ ਤੱਕ ਇੱਕ-ਦੂਜੇ ਦੇ ਦੇਸ਼ ’ਚ ਹੋਣ ਵਾਲੇ ਦੁਵੱਲੇ ਖੇਡ ਮੁਕਾਬਲਿਆਂ ਦਾ ਸਵਾਲ ਹੈ, ਭਾਰਤੀ ਟੀਮਾਂ ਪਾਕਿਸਤਾਨ ’ਚ ਹੋਣ ਵਾਲੇ ਮੁਕਾਬਲਿਆਂ ’ਚ ਹਿੱਸਾ ਨਹੀਂ ਲੈਣਗੀਆਂ ਤੇ ਨਾ ਹੀ ਅਸੀਂ ਪਾਕਿਸਤਾਨੀ ਟੀਮਾਂ ਨੂੰ ਭਾਰਤ ਵਿੱਚ ਖੇਡਣ ਦੀ ਇਜਾਜ਼ਤ ਦੇਵਾਂਗੇ। ਹਾਲਾਂਕਿ, ਬਹੁ-ਰਾਸ਼ਟਰੀ ਟੂਰਨਾਮੈਂਟ ਪ੍ਰਭਾਵਿਤ ਨਹੀਂ ਹੋਣਗੇ।
ਵਸੀਲਿਆਂ ਨੇ ਦੱਸਿਆ ਕਿ, ਅਸੀਂ ਭਾਰਤੀ ਕ੍ਰਿਕੇਟ ਟੀਮ ਨੂੰ ਏਸ਼ੀਆ ਕੱਪ ’ਚ ਖੇਡਣ ਤੋਂ ਨਹੀਂ ਰੋਕਾਂਗੇ ਕਿਉਂਕਿ ਇਹ ਇੱਕ ਬਹੁ-ਰਾਸ਼ਟਰੀ ਟੂਰਨਾਮੈਂਟ ਹੈ। ਪਰ ਪਾਕਿਸਤਾਨ ਨੂੰ ਭਾਰਤੀ ਧਰਤੀ ’ਤੇ ਦੁਵੱਲੇ ਮੈਚ ਖੇਡਣ ਦੀ ਇਜਾਜ਼ਤ ਨਹੀਂ ਹੋਵੇਗੀ। ਪਰ ਅਸੀਂ ਉਨ੍ਹਾਂ ਨੂੰ ਬਹੁ-ਰਾਸ਼ਟਰੀ ਟੂਰਨਾਮੈਂਟਾਂ ਵਿੱਚ ਖੇਡਣ ਤੋਂ ਨਹੀਂ ਰੋਕਾਂਗੇ ਕਿਉਂਕਿ ਅਸੀਂ ਓਲੰਪਿਕ ਚਾਰਟਰ ਵੱਲੋਂ ਬੰਨ੍ਹੇ ਹੋਏ ਹਾਂ।
ਸੂਰਿਆਕੁਮਾਰ ਯਾਦਵ ਦੀ ਕਪਤਾਨੀ ’ਚ ਖੇਡੇਗੀ ਟੀਮ
ਭਾਰਤ ਨੇ ਹਾਲ ਹੀ ’ਚ ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਭਾਰਤ ਇਸ ਟੂਰਨਾਮੈਂਟ ’ਚ ਸੂਰਿਆਕੁਮਾਰ ਯਾਦਵ ਦੀ ਅਗਵਾਈ ’ਚ ਖੇਡੇਗਾ। ਇਸ ਟੀਮ ਦਾ ਉਪ ਕਪਤਾਨ ਬਦਲਿਆ ਗਿਆ ਹੈ। ਹੁਣ ਟੀ20 ’ਚ ਭਾਰਤੀ ਟੀਮ ਦਾ ਉਪ ਕਪਤਾਨ ਪੰਜਾਬੀ ਸ਼ੁਭਮਨ ਗਿੱਲ ਨੂੰ ਬਣਾ ਦਿੱਤਾ ਗਿਆ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਨੂੰ ਲੈ ਕੇ ਗੁੱਸਾ ਵੇਖਣ ਨੂੰ ਮਿਲਿਆ ਹੈ। ਅਪਰੈਲ ’ਚ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ‘ਆਪ੍ਰੇਸ਼ਨ ਸੰਧੂਰ’ ਨਾਮਕ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ। ਇਸ ਨੂੰ ਵੇਖਦੇ ਹੋਏ, ਹਰਭਜਨ ਸਿੰਘ ਤੇ ਕੇਦਾਰ ਜਾਧਵ ਵਰਗੇ ਕਈ ਸਾਬਕਾ ਕ੍ਰਿਕੇਟਰਾਂ ਨੇ ਏਸ਼ੀਆ ਕੱਪ ’ਚ ਪਾਕਿਸਤਾਨ ਨਾਲ ਨਾ ਖੇਡਣ ਦੀ ਅਪੀਲ ਕੀਤੀ ਸੀ।
ਦੋਵੇਂ ਟੀਮਾਂ ਦਾ ਤਿੰਨ ਵਾਰੀ ਹੋ ਸਕਦੈ ਮੁਕਾਬਲਾ
ਭਾਰਤੀ ਟੀਮ ਨੂੰ 14 ਸਤੰਬਰ ਨੂੰ ਦੁਬਈ ਵਿੱਚ ਪਾਕਿਸਤਾਨ ਵਿਰੁੱਧ ਗਰੁੱਪ ਪੜਾਅ ਦਾ ਮੈਚ ਖੇਡਣਾ ਹੈ। ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਕੱਟੜ ਵਿਰੋਧੀ ਇੱਕ-ਦੂਜੇ ਦੇ ਸਾਹਮਣੇ ਹੋਣਗੇ। ਏਸ਼ੀਆ ਕੱਪ ’ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਗਰੁੱਪ ਪੜਾਅ ਤੋਂ ਬਾਅਦ, ਦੋਵੇਂ ਟੀਮਾਂ ਸੁਪਰ ਫੋਰ ਪੜਾਅ ਤੇ ਫਾਈਨਲ ’ਚ ਵੀ ਆਹਮੋ-ਸਾਹਮਣੇ ਹੋ ਸਕਦੀਆਂ ਹਨ।