ਨਵੀਂ ਦਿੱਲੀ (ਏਜੰਸੀ)। ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਪੁੰਛ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਲਾਈਨ ‘ਤੇ ਵੱਡੀ ਕਾਰਵਾਈ ਕਰਦਿਆਂ 7 ਪਾਕਿਸਤਾਨੀ ਫੌਜੀਆਂ ਨੂੰ ਮਾਰ ਮੁਕਾਇਆ, ਜਦੋਂਕਿ ਕੁਝ ਪਾਕਿਸਤਾਨੀ ਫੌਜੀ ਇਸ ਕਾਰਵਾਈ ਵਿੱਚ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਵੀ ਫੌਜ ਨੇ ਉੜੀ ਸੈਕਟਰ ਵਿੱਚ ਘੁਸਪੈਠ ਕਰ ਰਹੇ ਛੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। 70ਵੇਂ ਆਰਮੀ ਦਿਵਸ ਮੌਕੇ ਭਾਰਤੀ ਫੌਜ ਨੇ ਐਲਓਸੀ ‘ਤੇ ਇਹ ਕਾਰਵਾਈ ਕਰਕੇ ਦੇਸ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਕਾਰਵਾਈ ਵਿੱਚ ਭਾਰਤੀ ਫੌਜ ਦੇ ਕਿਸੇ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਆਈ। ਪਾਕਿਸਤਾਨ ਸਰਕਾਰ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੇ ਚਾਰ ਫੌਜੀਆਂ ਦੀ ਮੌਤ ਹੋ ਗਈ ਹੈ। ਸ਼ਨਿੱਚਰਵਾਰ ਨੂੰ ਰਾਜੌਰੀ ਸੈਕਟਰ ਵਿੱਚ ਹੋਈ ਫਾਇਰਿੰਗ ਤੋਂ ਬਾਅਦ ਇੱਕ ਭਾਰਤੀ ਜਵਾਨ ਦੇ ਸ਼ਹੀਦ ਹੋਣ ਪਿੱਛੋਂ ਫੌਜ ਨੇ ਇਹ ਕਾਰਵਾਈ ਕੀਤੀ ਹੈ।
ਉੱਧਰ 70ਵੇਂ ਆਰਮੀ ਦਿਵਸ ਮੌਕੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਇੱਥੇ ਕਰਿਅੱਪਾ ਪਰੇਡ ਗਰਾਊਂਡ ਵਿੱਚ ਵਿਸ਼ਾਲ ਪਰੇਡ ਤੋਂ ਸਲਾਮੀ ਲੈਣ ਪਿੱਛੋਂ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਕਰਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਭਾਰਤ ਇੱਕ ਵਾਰ ਫਿਰ ਮਜ਼ਬੂਰੀ ਵਿੱਚ ‘ਦੂਜਾ ਬਦਲ’ ਅਪਣਾਉਣ ਤੋਂ ਪਿੱਛੇ ਨਹੀਂ ਹਟੇਗਾ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਪਾਕਿਸਤਾਨ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਘੁਸਪੈਠੀਆਂ ਦੀ ਮੱਦਦ ਕਰਦੀ ਰਹੀ ਹੈ, ਜੇਕਰ ਸਾਨੂੰ ਮਜ਼ਬੂਰ ਕੀਤਾ ਗਿਆ ਤਾਂ ਹੋਰ ਮਜਬੂਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਉਕਸਾਵੇ ਦੀ ਕਿਸੇ ਵੀ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਰਾਵਤ ਨੇ ਕਿਹਾ ਕਿ ਆਧੁਨਿਕਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਇਸ ਲਈ ਕਈ ਗੇੜਾਂ ਵਿੱਚ ਫੌਜ ਨੂੰ ਆਧੁਨਿਕ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੜਾਈ ਦੀ ਸਮਰੱਥਾ ਵਿੱਚ ਉਤਸ਼ਾਹ ਨੂੰ ਲੈ ਕੇ ਹਵਾਈ ਨਿਗਰਾਨੀ ਵੀ ਵਧਾਈ ਜਾ ਰਹੀ ਹੈ।