ਏਸ਼ੀਆਡ2018,14ਵਾਂ ਦਿਨ: ਓਲੰਪਿਕ ਚੈਂਪੀਅਨ ਨੁੰ ਹਰਾ ਅਮਿਤ ਨੇ ਜਿੱਤਿਆ ਇਤਿਹਾਸਕ ਸੋਨ ਤਗਮਾ

ਇਹਨਾਂ ਖੇਡਾਂ ‘ਚ ਭਾਰਤ ਦਾ 14ਵਾਂ ਅਤੇ ਮੁੱਕੇਬਾਜ਼ੀ ‘ਚ ਪਹਿਲਾ ਸੋਨ ਤਗਮਾ

ਜਕਾਰਤਾ, 1 ਸਤੰਬਰ

ਭਾਰਤੀ ਮੁੱਕੇਬਾਜ਼ 22 ਸਾਲ ਦੇ ਅਮਿਤ ਪੰਘਲ ਨੇ 18ਵੀਆਂ ਏਸ਼ੀਆਈ ਖੇਡਾਂ  ਦੇ 14ਵੇਂ ਦਿਨ ਪੁਰਸ਼ਾਂ ਦੇ 49 ਕਿਗ੍ਰਾ ਲਾਈਟਵੇਟ ਭਾਰ ਵਰਗ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਇਹ ਇਹਨਾਂ ਖੇਡਾਂ ‘ਚ ਭਾਰਤ ਦਾ 14ਵਾਂ ਅਤੇ ਮੁੱਕੇਬਾਜ਼ੀ ‘ਚ ਪਹਿਲਾ ਸੋਨ ਤਗਮਾ ਹੈ

ਹਰਿਆਣਾ ਦੇ ਨੌਜਵਾਨ ਮੁੱਕੇਬਾਜ਼ ਨੇ ਰਿਓ ਓਲੰਪਿਕ 2016 ਦੇ ਸੋਨ ਤਗਮਾ ਜੇਤੂ ਉਜ਼ਬੇਕਿਸਤਾਨ ਦੇ ਹਸਨ ਦੁਸਮਾਤੋਵ ਨੂੰ ਸਖ਼ਤ ਮੁਕਾਬਲੇ ‘ਚ 3-2 ਨਾਲ ਹਰਾਉਂਦਿਆਂ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਬਾਊਟ ਜਿੱਤ ਆਪਣੇ ਨਾਂਅ ਕਰ ਲਈ ਇਹਨਾਂ ਖੇਡਾਂ ‘ਚ ਮੁੱਕੇਬਾਜ਼ੀ ‘ਚ ਇਹ ਭਾਰਤ ਦਾ ਦੂਸਰਾ ਤਗਮਾ ਹੈ ਇਸ ਤੋਂ ਪਹਿਲਾਂ ਵਿਕਾਸ ਕ੍ਰਿਸ਼ਨਨ ਨੇ 75 ਕਿਗ੍ਰਾ ਭਾਰ ਵਰਗ ‘ਚ ਕਾਂਸੀ ਤਗਮਾ ਜਿੱਤਿਆ ਸੀ

 

10 ਮੁੱਕੇਬਾਜ਼ਾਂ ਵਿੱਚੋਂ ਸਿਰਫ਼ ਅਮਿਤ ਹੀ ਫਾਈਨਲ ‘ਚ ਪਹੁੰਚੇ ਅਤੇ ਦੇਸ਼ ਨੂੰ ਸੋਨ ਤਗਮਾ ਵੀ ਦਿਵਾਇਆ

ਭਾਰਤ ਨੇ ਇਹਨਾਂ ਖੇਡਾਂ ‘ਚ 10 ਮੁੱਕੇਬਾਜ਼ਾਂ ਨੂੰ ਉਤਾਰਿਆ ਸੀ ਜਿੰਨ੍ਹਾਂ ਵਿੱਚੋਂ ਸਿਰਫ਼ ਅਮਿਤ ਹੀ ਫਾਈਨਲ ‘ਚ ਪਹੁੰਚੇ ਅਤੇ ਦੇਸ਼ ਨੂੰ ਸੋਨ ਤਗਮਾ ਵੀ ਦਿਵਾਇਆ ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਮੁੱਕੇਬਾਜ਼ੀ ‘ਚ ਇੱਕ ਸੋਨ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਜਿੱਤੇ ਸਨ
ਫੌਜ ‘ਚ ਨਾਇਬ ਸੂਬੇਦਾਰ ਦੇ ਅਹੁਦੇ ‘ਤੇ ਅਮਿਤ ਲਈ ਓਲੰਪਿਕ ਚੈਂਪੀਅਨ ਹਸਨ ਵਿਰੁੱਧ ਫਾਈਨਲ ਮੁਕਾਬਲਾ ਬਹੁਤ ਹੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਸੀ ਪਰ ਭਾਰਤੀ ਖਿਡਾਰੀ ਨੇ ਸ਼ੁਰੂਆਤ ਤੋਂ ਹੀ ਆਪਣੀ ਰੱਖਿਆਤਮਕ ਸ਼ੈਲੀ ਦੇ ਉਲਟ ਹਮਲਾਵਰ ਹੋ ਕੇ ਖੇਡਿਆ ਜਦੋਂਕਿ ਉਜ਼ਬੇਕ ਪਹਿਲਵਾਨ ਪਹਿਲੇ ਗੇੜ ‘ਚ ਸਿਰਫ਼ ਰੱਖਿਆਤਮਕ ਖੇਡਦੇ ਰਹੇ
ਅਮਿਤ ਨੇ ਦੂਸਰੇ ਗੇੜ ‘ਚ ਲਗਾਤਾਰ ਤਿੰਨ ਪੰਚ ਲਾ ਕੇ ਅੰਕ ਲਏ ਉਹਨਾਂ 25 ਸਾਲਾ ਵਿਰੋਧੀ ਮੁੱਕੇਬਾਜ਼ ਦੇ ਸਿਰ ਦੇ ਪਿੱਛੇ ਵੀ ਪੰਚ ਜੜੇ, ਹਾਲਾਂਕਿ ਇਸ ਤੋਂ ਉਹਨਾਂ ਨੂੰ ਅੰਕ ਨਹੀਂ ਮਿਲੇ ਪਰ ਹਸਨ ਇਸ ਨਾਲ ਕਮਜ਼ੁਰ ਜਰੂਰ ਪੈ ਗਏ ਉਜ਼ਬੇਕ ਮੁੱਕੇਬਾਜ਼ ਨੇ ਵੀ ਵਾਪਸੀ ਕਰਦੇ ਹੋਏ ਚੰਗੇ ਪੰਚ ਜੜੇ, ਹਾਲਾਂਕਿ ਭਾਰਤੀ ਖਿਡਾਰੀ ਦਾ ਪੱਲਾ ਦੋ ਗੇੜ ਦੇ ਬਾਅਦ ਭਾਰੀ ਹੀ ਰਿਹਾ
ਤੀਸਰਾ ਰਾਊਂਡ ਹੋਰ ਵੀ ਰੋਮਾਂਚਕ ਰਿਹਾ ਜਿਸ ਵਿੱਚ ਅਮਿਤ ਨੇ ਹਮਲਾਵਰ ਰੁਖ਼ ਦਿਖਾਉਣ ਦੇ ਨਾਲ ਕਾਫ਼ੀ ਬਚਾਅ ਵੀ ਕੀਤਾ ਅਤੇ ਖੱਬੇ ਅਤੇ ਸੱਜਿਓਂ ਹੁੱਕ ਲਾਏ ਉਹਨਾਂ ਹਸਨ ਸਾਹਮੇ ਆਪਣੇ ਲੰਮੇ ਕੱਦ ਦਾ ਵੀ ਫਾਇਦਾ ਲਿਆ ਅਤੇ ਆਖ਼ਰੀ 15 ਸੈਕਿੰਡ ‘ਚ ਉਜ਼ਬੇਕ ਮੁੱਕੇਬਾਜ਼ ਦੇ ਚਿਹਰੇ ‘ਤੇ ਲਗਾਤਾਰ ਪੰਚ ਜੜੇ ਆਖ਼ਰ ‘ਚ ਪੰਜਾਂ ਜੱਜਾਂ ਨੇ ਵੱਖਰਾ-ਵੱਖਰਾ ਫੈਸਲਾ ਸੁਣਾਇਆ ਜਿਸ ਵਿੱਚ ਤਿੰਨ ਨੇ ਅਮਿਤ ਨੂੰ ਜੇਤੂ ਕਰਾਰ ਦਿੱਤਾ ਅਤੇ ਅਮਿਤ ਨੇ 28-29, 29-28, 29-28, 28-29, 30-27 ਨਾਲ ਬਾਊਟ ਅਤੇ ਸੋਨ ਤਗਮਾ ਜਿੱਤ ਲਿਆ
ਰੋਹਤਕ ‘ਚ ਜਨਮੇ ਅਮਿਤ ਨੇ 2008 ‘ਚ ਮੁੱਕੇਬਾਜ਼ੀ ਸ਼ੁਰੂ ਕੀਤਾ ਸੀ ਉਹਨਾਂ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਤਗਮਾ ਜਿੱਤਿਆ ਸੀ ਜਦੋਂਕਿ ਇਸ ਸਾਲ ਹੀ ਬੁਲਗਾਰੀਆ ਦੇ ਸੋਫੀਆ ‘ਚ ਹੋਏ ਸਟਰੈਂਡਜ਼ਾ ਯਾਦਗਾਰੀ ਟੂਰਨਾਮੈਂਟ ‘ਚ ਸੋਨ ਤਗਮਾ ਜਿੱਤਿਆ ਸੀ ਭਾਰਤੀ ਫੌਜ ਨੇ 2017 ‘ਚ ਅਮਿਤ ਨੂੰ ਮਹਾਰ ਰੇਜ਼ੀਮੇਂਟ ‘ਚ ਰੱਖਿਆ ਸੀ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ