ਵਿਸ਼ਵ ਕੱਪ: ਭਾਰਤ ਨੇ ਵਿੰਡੀਜ਼ ਨੂੰ ਹਰਾ ਸੈਮੀਫਾਈਨਲ ਦਾ ਦਾਅਵਾ ਕੀਤਾ ਮਜ਼ਬੂਤ
ਮੈਨਚੇਸਟਰ, ਏਜੰਸੀ। ਕਪਤਾਨ ਵਿਰਾਟ ਕੋਹਲੀ (72) ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ (ਨਾਬਾਦ 56) ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਤੇਜ਼ ਗੇਂਦਬਾਜ ਮੁਹੰਮਦ ਸ਼ਮੀ (16 ਦੌੜਾਂ ‘ਤੇ 4 ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (9 ਦੌੜਾਂ ‘ਤੇ ਦੋ ਵਿਕਟਾਂ) ਦੀ ਦਮਦਾਰ ਗੇਂਦਬਾਜੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਵੀਰਵਾਰ ਨੂੰ 125 ਦੌੜਾਂ ਨਾਲ ਹਰਾ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਭਾਰਤ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 268 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਨੂੰ 34.2 ਓਵਰਾਂ ‘ਚ 143 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਦੀ ਇਹ ਛੇ ਮੈਚਾਂ ‘ਚ ਪੰਜਵੀਂ ਜਿੱਤ ਹੈ ਅਤੇ 11 ਅੰਕਾਂ ਨਾਲ ਉਸ ਨੇ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ।
ਟੂਰਨਾਮੈਂਟ ‘ਚ ਇੱਕੋ ਇੱਕ ਅਜੇਤੂ ਟੀਮ ਭਾਰਤ ਹੁਣ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਤੋਂ ਇੱਕ ਕਦਮ ਦੂਰ ਰਹਿ ਗਈ ਹੈ। ਭਾਰਤ ਨੇ 1983 ਦੀ ਆਪਣੀ ਖਿਤਾਬੀ ਜਿੱਤ ਦੌਰਾਨ ਵੈਸਟ ਇੰਡੀਜ਼ ਨੂੰ ਇਸੇ ਮੈਦਾਨ ‘ਤੇ 34 ਦੌੜਾਂ ਨਾਲ ਹਰਾਇਆ ਸੀ। ਵੈਸਟ ਇੰਡੀਜ਼ ਦੀ ਸੱਤ ਮੈਚਾਂ ‘ਚ ਇਹ ਪੰਜਵੀਂ ਹਾਰ ਹੈ ਅਤੇ ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਤੋਂ ਬਾਅਦ ਵੈਸਟਇੰਡੀਜ਼ ਵਿਸ਼ਵ ਕੱਪ ਤੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।