ਅਫ਼ਗਾਨਾਂ ਨੂੰ ਪਾਰੀ ਤੇ 262 ਦੌੜਾਂ ਨਾਲ ਦਰੜਿਆ
- ਭਾਰਤ ਦੀ 18ਵੀਂ ਪਾਰੀ ਦੀ ਜਿੱਤ
ਏਜੰਸੀ, (ਬੰਗਲੁਰੂ) ਬੰਗਲੁਰੂ ‘ਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਇਤਿਹਾਸਕ ਕ੍ਰਿਕਟ ਟੈਸਟ ਮੈਚ ਰਾਹੀਂ ਟੈਸਟ ਕ੍ਰਿਕਟ ‘ਚ ਸ਼ੁਰੂਆਤ ਕਰ ਰਹੇ ਅਫ਼ਗਾਨਿਸਤਾਨ ਨੂੰ ਭਾਰਤ ਨੇ ਪਾਰੀ ਅਤੇ 262 ਦੌੜਾਂ ਨਾਲ ਹਰਾ ਕੇ ਟੈਸਟ ਇਤਿਹਾਸ’ਚ ਪਾਰੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਅਤੇ ਹਾਲ ਹੀ ‘ਚ ਟਵੰਟੀ20 ਲੜੀ ‘ਚ ਬੰਗਲਾਦੇਸ਼ ਨੂੰ 3-0 ਨਾਲ ਸ਼ਾਨਦਾਰ ਢੰਗ ਨਾਲ ਹਰਾ ਕੇ ਭਾਰਤ ਵਿਰੁੱਧ ਟੈਸਟ ਮੈਚ ‘ਚ ਨਿੱਤਰੀ ਅਫਗਾਨਿਸਤਾਨ ਟੀਮ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਇਹ ਸਬਕ ਦੇ ਦਿੱਤਾ ਕਿ ਲੰਮੇ ਫਾਰਮੇਟ ‘ਚ ਉਸਨੂੰ ਅਜੇ ਕਾਫ਼ੀ ਮਿਹਨਤ ਦੀ ਜ਼ਰੂਰਤ ਹੈ।
ਇਸ ਇੱਕੋ ਇੱਕ ਟੈਸਟ ‘ਚ ਭਾਰਤ ਨੇ 2 ਦਿਨ ‘ਚ ਹੀ ਇਹ ਮੈਚ ਆਪਣੇ ਨਾਂਅ ਕਰ ਲਿਆ ਅਤੇ ਮੈਚ ਦੇ ਦੂਸਰੇ ਹੀ ਦਿਨ ਅਫ਼ਗਾਨਿਸਤਾਨ ਦੀਆਂ ਦੋਵੇਂ ਪਾਰੀਆਂ (109 ਅਤੇ 103) ਨਿਪਟਾ ਦਿੱਤੀਆਂ ਪਹਿਲੀ ਵਾਰ ਟੈਸਟ ਮੈਚ ਖੇਡਣ ਵਾਲੀ ਕਿਸੇ ਵੀ ਟੀਮ ਦੀ ਇਹ ਸਭ ਤੋਂ ਵੱਡੀ ਹਾਰ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂਅ ਦਰਜ ਸੀ, ਜਿਸ ਨੇ ਆਪਣੇ ਪਹਿਲੇ ਟੈਸਟ ‘ਚ ਭਾਰਤ ਵਿਰੁੱਧ ਪਾਰੀ ਅਤੇ 70 ਦੌੜਾਂ ਨਾਲ ਹਾਰ ਦਾ ਸਾਹਮਣਾ ਕੀਤਾ ਸੀ ਅਫ਼ਗਾਨਿਸਤਾਨ ਦੀ ਟੀਮ ਆਪਣੀ ਪਹਿਲੀ ਪਾਰੀ ‘ਚ ਸਿਰਫ਼ 27.5 ਓਵਰਾਂ ‘ਚ ਸਿਮਟੀ ਹਾਲਾਂਕਿ ਦੂਸਰੀ ਪਾਰੀ ‘ਚ ਉਸਨੇ 38.4 ਓਵਰ ਖੇਡੇ ਪਰ ਉਸਦਾ ਬੋਰੀਆ ਬਿਸਤਰ 103 ਦੌੜਾਂ ਤੱਕ ਬੱਝ ਗਿਆ।
ਇਸ ਤੋਂ ਪਹਿਲਾਂ ਦੂਸਰੇ ਦਿਨ ਦੀ ਸ਼ੁਰੂਆਤ ‘ਚ ਭਾਰਤ ਦੀ ਪਹਿਲੀ ਪਾਰੀ 474 ਦੌੜਾਂ ‘ਤੇ ਸਿਮਟ ਗਈ ਇਸ ਦੇ ਜਵਾਬ ‘ਚ ਅਫ਼ਗਾਨਿਸਤਾਨ ਦੀ ਟੀਮ 109 ਦੌੜਾਂ ਬਣਾ ਕੇ ਆਊਟ ਹੋ ਗਈ ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਨੂੰ 365 ਦੌੜਾਂ ਦਾ ਵਾਧਾ ਮਿਲਿਆ ਅਤੇ ਭਾਰਤ ਨੇ ਅਫ਼ਗਾਨਿਸਤਾਨ ਨੂੰ ਫਾਲੋਆਨ ਦੇਣ ਦਾ ਫੈਸਲਾ ਕੀਤਾ ਆਪਣੇ ਪਹਿਲੇ ਟੈਸਟ ਮੈਚ ‘ਚ ਫਾਲੋਆਨ ਖੇਡਣ ਤੋਂ ਬਾਅਦ ਵੀ ਅਫ਼ਗਾਨੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਨੂੰ ਟਿਕ ਕੇ ਨਾ ਖੇਡ ਸਕੇ ਅਤੇ ਅਤੇ ਟੀਮ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਘੰਟਾ ਪਹਿਲਾਂ ਹੀ ਭਾਰਤ ਅੱਗੇ ਹਥਿਆਰ ਸੁੱਟ ਗਈ।
ਭਾਰਤੀ ਟੀਮ ਦੇ ਪਹਿਲੀ ਪਾਰੀ ਦੇ 474 ਦੌੜਾਂ ਦੇ ਜਵਾਬ ‘ਚ ਬੱਲੇਬਾਜ਼ੀ ਕਰਨ ਉੱਤਰੀ ਅਫ਼ਗਾਨ ਟੀਮ ਦੀ ਪਹਿਲੀ ਪਾਰੀ ‘ਚ ਵੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਿਰਫ਼ 15 ਦੌੜਾਂ ਦੇ ਸਕੋਰ ‘ਤੇ ਉਸਦੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਰਨ ਆਊਟ ਹੋ ਗਏ ਇਸ ਤੋਂ ਬਾਅਦ ਵਿਕਟਾਂ ਦੀ ਝੜੀ ਦੌਰਾਨ ਉਮੇਸ਼ ਯਾਦਵ ਨੇ ਰਹਿਮਤ ਸ਼ਾਹ ਨੂੰ ਆਊਟ ਕਰਕੇ ਟੈਸਟ ਕ੍ਰਿਕਟ ‘ਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ ਅਸ਼ਵਿਨ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ ਉਸਨੇ ਇਸ ਦੌਰਾਨ ਮਹਿਮਾਨ ਟੀਮ ਨੂੰ ਇੱਕ ਹੀ ਓਵਰ ‘ਚ ਦੋ ਝਟਕੇ ਦਿੱਤੇ ਪਹਿਲਾਂ ਅਹਿਮਦਜ਼ਈ ਨੂੰ ਜਡੇਜਾ ਹੱਥੋਂ ਕੈਚ ਕਰਾ ਕੇ ਅਤੇ ਫਿਰ ਮੁਹੰਮਦ ਨਬੀ ਨੂੰ ਇਸ਼ਾਂਤ ਹੱਥੋਂ ਕੈਚ ਆਊਟ ਕਰਵਾਇਆ।
ਇਸ ਤੋਂ ਪਹਿਲਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀ 71 ਦੌੜਾਂ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ ਭਾਰਤ ਨੇ ਅਫ਼ਗਾਨਿਸਤਾਨ ਵਿਰੁੱਧ ਇੱਕੋ ਇੱਕ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਲੰਚ ਤੱਕ ਆਪਣੀ ਪਹਿਲੀ ਪਾਰੀ ‘ਚ 474 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਭਾਰਤ ਨੇ ਕੱਲ ਦੇ 6 ਵਿਕਟਾਂ ‘ਤੇ 347 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 474 ਦੌੜਾਂ ‘ਤੇ ਸਮਾਪਤ ਹੋਈ ਪਾਂਡਿਆ ਨੇ 10 ਦੌੜਾਂ ਤੋਂ ਅੱਗੇ ਖੇਡਦੇ ਹੋਏ 94 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 71 ਦੌੜਾਂ ਬਣਾਈਆਂ ਪਾਂਡਿਆ ਦਾ ਇਹ ਤੀਸਰਾ ਅਰਧ ਸੈਂਕੜਾ ਸੀ ਇਸ ਤੋਂ ਇਲਾਵਾ ਅਸ਼ਵਿਨ, ਜਡੇਜਾ ਅਤੇ ਉਮੇਸ਼ ਯਾਦਵ ਨੇ ਵੀ ਤੇਜ਼ ਤਰਾਰ ਪਾਰੀਆਂ ਨਾਲ ਚੰਗਾ ਯੋਗਦਾਨ ਦਿੱਤਾ ਭਾਰਤੀ ਪਾਰੀ 104.5 ਓਵਰਾਂ ‘ਚ ਸਮਾਪਤ ਹੋਈ ਭਾਰਤ ਵਿਰੁੱਧ 25 ਸਾਲ ਦੇ ਤੇਜ਼ ਗੇਂਦਬਾਜ਼ ਯਾਤਿਨ ਅਹਿਮਦਜ਼ਈ ਨੇ 19 ਓਵਰਾਂ ‘ਚ 51 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ 18 ਸਾਲ ਦੇ ਵਫਾਦਾਰ ਨੇ 21 ਓਵਰਾਂ ‘ਚ 100 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।