IND vs NZ ਪਹਿਲਾ ਟੈਸਟ : ਭਾਰਤ ਨੇ ਪਹਿਲੇ ਦਿਨ ਬਣਾਈਆਂ 4 ਵਿਕਟਾਂ ਤੇ 258 ਦੌੜਾਂ

ਅਈਅਰ ਨੇ ਆਪਣੇ ਕੈਰੀਅਰ ਦੇ ਪਹਿਲੇ ਮੈਚ ‘ਚ ਬਣਾਇਆ ਅਰਧ ਸੈਂਕੜਾ

(ਏਜੰਸੀ) ਕਾਨਪੁਰ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 258 ਦੌੜਾਂ ਬਣਾਈਆਂ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੇਅਸ ਅਈਅਰ ਨੇ ਆਪਣੇ ਕੈਰੀਅਰ ਦੇ ਪਹਿਲ ਮੈਚ ‘ਚ ਹੀ ਅਰਧ ਸੈਂਕੜਾ ਬਣਾ ਦਿੱਤਾ। ਪਹਿਲੇ ਦਿਨ ਦੀ ਖੇਡ ਤੱਕ ਸ਼੍ਰੇਅਸ ਅਈਅਰ 136 ਗੇਂਦਾਂ ‘ਤੇ 75 ਅਤੇ ਰਵਿੰਦਰ ਜਡੇਜਾ 100 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਨਾਬਾਦ ਰਹੇ।

ਸ਼ੁਰੂਆਤ ਚ ਭਾਰਤੀ ਟੀਮ ਨੇ 145 ਦੌੜਾਂ ‘ਤੇ ਆਪਣੀਆਂ ਪਹਿਲੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਰਵਿੰਦਰ ਜਡੇਜਾ ਨੇ 5ਵੀਂ ਵਿਕਟ ਲਈ 208 ਗੇਂਦਾਂ ‘ਚ 113 ਦੌੜਾਂ ਜੋੜ ਕੇ ਟੀਮ ਇੰਡੀਆ ਦੀ ਪਾਰੀ ਨੂੰ ਸੰਭਾਲਿਆ। ਦੋਵੇਂ ਖਿਡਾਰੀਆਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਮੁੜ ਜਸ਼ਨ ਮਨਾਉਣ ਦਾ ਕੋਈ ਮੌਕਾ ਨਹੀਂ ਦਿੱਤਾ। ਭਾਰਤ ਵੱਲੋਂ ਪੁਜਾਰਾ (26), ਰਹਾਣੇ (35) , ਮਿਅੰਕ ਅਗਰਵਾਲ (13) ਤੇ ਸ਼ੁਭਮਨ ਗਿੱਲ ਨੇ (52) ਦੌੜਾਂ ਬਣਾਈਆਂ।

ਰਵਿੰਦਰ ਜਡੇਜਾ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 97 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਟੈਸਟ ਕ੍ਰਿਕਟ ਵਿੱਚ ਉਸਦਾ 17ਵਾਂ ਅਤੇ ਨਿਊਜ਼ੀਲੈਂਡ ਦੇ ਖਿਲਾਫ ਉਸਦਾ ਦੂਜਾ ਅਰਧ ਸੈਂਕੜਾ ਅਤੇ ਭਾਰਤੀ ਧਰਤੀ ਉੱਤੇ ਉਸਦਾ 10ਵਾਂ ਅਰਧ ਸੈਂਕੜਾ ਸੀ।

ਅਈਅਰ ਕੈਰੀਅਰ ਦੇ ਪਹਿਲੇ ਟੈਸਟ ‘ਚ 50 ਦੌੜਾਂ ਬਣਾਉਣ ਵਾਲੇ 47ਵੇਂ ਖਿਡਾਰੀ ਬਣੇ

ਨੰਬਰ-5 ‘ਤੇ ਖੇਡਦੇ ਹੋਏ ਸ਼੍ਰੇਅਸ ਅਈਅਰ ਨੇ 94 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਅਈਅਰ ਆਪਣੀ ਪਹਿਲੀ ਟੈਸਟ ਪਾਰੀ ਵਿੱਚ 50 ਦੌੜਾਂ ਬਣਾਉਣ ਵਾਲੇ ਭਾਰਤ ਦੇ 47ਵੇਂ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਅਈਅਰ ਭਾਰਤੀ ਧਰਤੀ ‘ਤੇ ਟੈਸਟ ਪਾਰੀਆਂ ‘ਚ 50 ਦੌੜਾਂ ਬਣਾਉਣ ਵਾਲੇ 25ਵੇਂ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ, ਅਈਅਰ ਆਪਣੇ ਟੈਸਟ ਡੈਬਿਊ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 50 ਦੌੜਾਂ ਬਣਾਉਣ ਵਾਲਾ ਪੰਜਵਾਂ ਭਾਰਤੀ ਬਣ ਗਿਆ। ਇਲ ਤੋਂ ਪਹਿਲਾਂ ਸਰਿੰਦਰ ਅਮਰਨਾਥ (124), ਕ੍ਰਿਪਾਲ ਸਿੰਘ (100), ਦੇਵਾਂਗ ਗਾਂਧੀ (75) ਅਤੇ ਬਾਪੂ ਨਾਡਕਰਨੀ (68) ਨੇ ਇਰ ਕਰਨਾਮਾ ਕੀਤਾ ਹੈ।

ਸ਼ੁਭਮਨ ਗਿੱਲ ਨੇ ਜੜਿਆ ਅਰਧ ਸੈਂਕੜਾ

ਸ਼ੁਭਮਨ ਗਿੱਲ ਨੇ ਟੈਸਟ ਕ੍ਰਿਕਟ ਵਿੱਚ ਆਪਣਾ ਚੌਥਾ ਅਰਧ ਸੈਂਕੜਾ 81 ਗੇਂਦਾਂ ਵਿੱਚ ਪੂਰਾ ਕੀਤਾ। ਇੰਗਲੈਂਡ ਦੌਰੇ ਤੋਂ ਪਹਿਲਾਂ ਗਿੱਲ ਤਣਾਅ ਦੇ ਕਾਰਨ ਟੀਮ ਤੋਂ ਬਾਹਰ ਹੋ ਗਏ ਸਨ ਪਰ ਇਸ ਟੈਸਟ ‘ਚ ਉਨ੍ਹਾਂ ਨੇ ਅਰਧ ਸੈਂਕੜੇ ਲਾ ਕੇ ਸ਼ਾਨਦਾਰ ਵਾਪਸੀ ਕੀਤੀ। ਓਪਨਰ ਬੱਲੇਬਾਜ਼ ਨੇ 7 ਪਾਰੀਆਂ ਤੋਂ ਬਾਅਦ 50 ਦੌੜਾਂ ਬਣਾਈਆਂ ਹਨ। ਗਿੱਲ ਦੀ ਪਾਰੀ 52 ਦੌੜਾਂ ‘ਤੇ ਸਮਾਪਤ ਹੋਈ।

ਭਾਰਤ ਦੇ 303ਵੇਂ ਖਿਡਾਰੀ ਬਣੇ ਅਰੀਅਰ

ਸ਼੍ਰੇਅਸ ਅਈਅਰ ਭਾਰਤ ਲਈ ਟੈਸਟ ਡੈਬਿਊ ਕਰਨ ਵਾਲੇ 303ਵੇਂ ਖਿਡਾਰੀ ਬਣ ਗਏ ਹਨ। ਟਾਸ ਤੋਂ ਪਹਿਲਾਂ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਅਈਅਰ ਨੂੰ ਆਪਣੀ ਟੈਸਟ ਕੈਪ ਸੌਂਪੀ। 26 ਸਾਲਾ ਅਈਅਰ ਨੇ ਸਾਲ 2017 ਵਿੱਚ ਭਾਰਤ ਲਈ ਆਪਣਾ ਪਹਿਲਾ ਵਨਡੇ ਅਤੇ ਟੀ-20 ਖੇਡਿਆ ਸੀ। ਹੁਣ ਤੱਕ ਖੇਡੇ ਗਏ 22 ਵਨਡੇ ਮੈਚਾਂ ‘ਚ ਉਸ ਨੇ 42.79 ਦੀ ਔਸਤ ਨਾਲ 813 ਦੌੜਾਂ ਅਤੇ 31 ਅੰਤਰਰਾਸ਼ਟਰੀ ਟੀ-20 ਮੈਚਾਂ ‘ਚ 27.62 ਦੀ ਔਸਤ ਨਾਲ 580 ਦੌੜਾਂ ਬਣਾਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ