ਭਾਰਤੀ ਗੇਂਦਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
- ਭਾਰਤ ਕੋਲ ਲਗਾਤਾਰ ਛੇਵਾਂ ਮੈਚ ਜਿੱਤਣ ਦਾ ਮੌਕਾ
- ਅਸਟਰੇਲੀਆ ਦੀਆਂ ਨਿਗਾਹਾਂ ਵਾਪਸੀ ’ਤੇ
ਤਿਰੂਵਨੰਤਪੁਰਮ (ਏਜੰਸੀ)। ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਦ ਭਾਰਤ ਅਤੇ ਅਸਟਰੇਲੀਆ ਦੀਆਂ ਟੀਮਾਂ ਇੱਕ ਵਾਰ ਫੋਰ ਤੋਂ ਆਹਮੋ-ਸਾਹਮਣੇ ਹਨ। ਦੋਵਾਂ ਟੀਮਾਂ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੁਕਾਬਲਾ ਅੱਜ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਕੌਮਾਂਤਰੀ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ੁਰੂ ਹੋਣ ਦਾ ਸਮਾਂ ਸ਼ਾਮ 7 ਵਜੇ ਦਾ ਹੈ। ਟਾਸ ਸ਼ਾਮ 6:30 ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਪੰਜ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ। ਲੜੀ ਦਾ ਪਹਿਲਾ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਗਿਆ ਸੀ ਜਿਸ ਨੂੰ ਭਾਰਤੀ ਟੀਮ 2 ਵਿਕਟਾਂ ਨਾਲ ਜਿੱਤ ਕੇ ਇਸ ਲੜੀ ’ਚ 1-0 ਦੀ ਲੀੜ ਬਣਾਈ ਹੈ। (IND Vs AUS 2nd T20)
ਅੱਜ ਭਾਰਤੀ ਟੀਮ ਕੋਲ ਆਪਣੀ ਲੀਡ 2-0 ਕਰਨ ਦਾ ਮੌਕਾ ਰਹੇਗਾ, ਜਦਕਿ ਅਸਟਰੇਲੀਆਈ ਟੀਮ ਵਾਪਸੀ ਦੀ ਕੋਸ਼ਿਸ਼ ਕਰੇਗੀ। ਬਾਕੀ ਦੱਸਣਯੋਗ ਹੈ ਕਿ ਵਿਸ਼ਵ ਕੱਪ 2023 ਦੀ ਸਮਾਪਤੀ ਤੋਂ ਬਾਅਦ ਇਸ ਲੜੀ ’ਚ ਭਾਰਤ ਦੇ ਪੰਜ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਜਿਸ ’ਚ ਮੁੱਖ ਤੌਰ ’ਤੇ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਸ਼ਾਮਲ ਹਨ। ਜੇਕਰ ਭਾਰਤੀ ਟੀਮ ਅੱਜ ਵਾਲਾ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੀ ਟੀ-20 ’ਚ ਲਗਾਤਾਰ ਛੇਵੀਂ ਜਿੱਤ ਹੋਵੇਗੀ। ਅਸਟਰੇਲੀਆ ’ਤੇ ਲਗਾਤਾਰ ਚੌਥੀ ਟੀ-20 ਜਿੱਤ ਹੋਵੇਗੀ। ਅੱਜ ਵਾਲੇ ਮੈਚ ’ਚ ਮੀਂਹ ਦੀ ਵੀ 55 ਫੀਸਦੀ ਸੰਭਾਵਨਾ ਹੈ। ਕੱਲ੍ਹ ਤਿਰੂਵਨੰਤਪੁਰਮ ’ਚ ਮੀਂਹ ਪਿਆ ਸੀ ਅਤੇ ਅੱਜ ਵੀ ਮੀਂਹ ਦੀ ਸੰਭਾਵਨਾ ਹੈ।
ਦੋਵਾਂ ਟੀਮਾਂ ਦਾ ਅੱਜ ਤੱਕ ਦਾ ਰਿਕਾਰਡ | IND Vs AUS 2nd T20
ਜੇਕਰ ਦੋਵਾਂ ਟੀਮਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਮੇਜ਼ਬਾਨ ਭਾਰਤ ਅਤੇ ਅਸਟਰੇਲੀਆ ਵਿਚਕਾਰ ਟੀ-20 ਫਾਰਮੈਟ ਦੀਆਂ ਕੁਲ 10 ਸੀਰੀਜ਼ ਖੇਡੀਆਂ ਗਈਆਂ ਹਨ। ਜਿਸ ਵਿੱਚ ਭਾਰਤ ਨੇ 5 ਸੀਰੀਜ ਆਪਣੇ ਨਾਂਅ ਕੀਤੀਆਂ ਹਨ, ਜਦਕਿ ਅਸਟਰੇਲੀਆਈ ਟੀਮ ਸਿਰਫ 2 ਸੀਰੀਜ਼ ਹੀ ਜਿੱਤਣ ’ਚ ਕਾਮਯਾਬ ਹੋਈ ਹੈ। (IND Vs AUS 2nd T20)
ਪਿੱਚ ਦੀ ਰਿਪੋਰਟ | IND Vs AUS 2nd T20
ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਕੌਮਾਂਤਰੀ ਕ੍ਰਿਕੇਟ ਸਟੇਡੀਅਮ ਦੀ ਵਿਕਟ ਹਮੇਸ਼ਾ ਗੇਂਦਬਾਜ਼ਾਂ ਦੇ ਪੱਖ ਲਈ ਮੰਨੀ ਜਾਂਦੀ ਹੈ। ਖਾਸ ਤੌਰ ’ਤੇ ਇੱਥੇ ਸਪਿਨਰਾਂ ਨੂੰ ਜ਼ਿਆਦਾ ਮਦਦ ਮਿਲਦੀ ਹੈ। ਇੱਥੇ ਕੁੱਲ 3 ਟੀ-20 ਕੌਮਾਂਤਰੀ ਕ੍ਰਿਕੇਟ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 1 ਮੈਚ ’ਚ ਜਿੱਤ ਹਾਸਲ ਕੀਤੀ ਹੈ ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 2 ਮੈਚ ਜਿੱਤੇ ਹਨ। ਇਸ ਮੈਦਾਨ ’ਤੇ ਟੀਮ ਦਾ ਸਭ ਤੋਂ ਵੱਧ ਸਕੋਰ 173 ਦੌੜਾਂ ਹੈ, ਜੋ ਵੈਸਟਇੰਡੀਜ਼ ਨੇ 2019 ’ਚ ਭਾਰਤ ਖਿਲਾਫ ਬਣਾਇਆ ਸੀ। ਭਾਰਤ ਅਤੇ ਅਸਟਰੇਲੀਆ ਇਸ ਮੈਦਾਨ ’ਤੇ ਪਹਿਲੀ ਵਾਰ ਟੀ-20 ’ਚ ਆਹਮੋ-ਸਾਹਮਣੇ ਹੋਣਗੇ। (IND Vs AUS 2nd T20)
ਮੀਂਹ ਦੀ 55 ਫੀਸਦੀ ਸੰਭਾਵਨਾ | IND Vs AUS 2nd T20
ਤਿਰੂਵਨੰਤਪੁਰਮ ’ਚ ਐਤਵਾਰ ਨੂੰ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ 55 ਫੀਸਦੀ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 7 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। (IND Vs AUS 2nd T20)
ਸੂਰਿਆ ਕੁਮਾਰ, ਈਸ਼ਾਨ ਕਿਸ਼ਨ ਅਤੇ ਰਿੰਕੂ ’ਤੇ ਬੱਲੇਬਾਜ਼ੀ ਨਿਰਭਰ
ਪਹਿਲੇ ਟੀ-20 ਮੈਚ ’ਚ ਕਪਤਾਨ ਸੂਰਿਆ ਕੁਮਾਰ ਯਾਦਵ, ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਫਿਨਿਸ਼ਰ ਰਿੰਕੂ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੂਜੇ ਟੀ-20 ’ਚ ਵੀ ਬੱਲੇਬਾਜ਼ੀ ਤਿੰਨਾਂ ’ਤੇ ਨਿਰਭਰ ਕਰੇਗੀ। ਹਾਲਾਂਕਿ ਪਹਿਲੇ ਮੈਚ ’ਚ ਰਨ ਆਊਟ ਹੋਏ ਗਾਇਕਵਾੜ ਅਤੇ ਤਿਲਕ ਵੀ ਚੰਗੀ ਪਾਰੀ ਖੇਡਣਾ ਚਾਹੁਣਗੇ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ, ਤਿਲਕ ਵਰਮਾ, ਅਕਸ਼ਰ ਪਟੇਲ ਨੂੰ ਆਪਣਾ ਪ੍ਰਦਰਸ਼ਨ ਸੁਧਾਰਨਾ ਹੋਵੇਗਾ। (IND Vs AUS 2nd T20)
ਅਸਟਰੇਲੀਆ ਵੱਲੋਂ ਜ਼ੈਂਪਾ ਨੂੰ ਮਿਲ ਸਕਦਾ ਹੈ ਮੌਕਾ
ਜੋਸ਼ ਇੰਗਲਿਸ ਨੇ ਆਸਟਰੇਲੀਆ ਲਈ ਸੈਂਕੜਾ ਲਾ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰ ਦਿੱਤਾ ਹੈ। ਸਟੀਵ ਸਮਿਥ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਣ ਦਾ ਫੈਸਲਾ ਸਹੀ ਨਹੀਂ ਸੀ। ਉਨ੍ਹਾਂ 41 ਗੇਂਦਾਂ ’ਚ 52 ਦੌੜਾਂ ਬਣਾਈਆਂ ਪਰ ਉਨ੍ਹਾਂ ਦੀ ਪਾਰੀ ਸੁਚਾਰੂ ਨਹੀਂ ਰਹੀ। ਗੇਂਦਬਾਜ਼ਾਂ ’ਚ ਜੇਸਨ ਬੇਹਰਨਡੋਰਫ ਤੋਂ ਇਲਾਵਾ ਕੋਈ ਵੀ ਪ੍ਰਭਾਵਸ਼ਾਲੀ ਨਹੀਂ ਰਿਹਾ। ਅਜਿਹੇ ’ਚ ਤਨਵੀਰ ਸੰਘਾ ਦੀ ਜਗ੍ਹਾ ਲੈੱਗ ਸਪਿਨਰ ਐਡਮ ਜ਼ਾਂਪਾ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। (IND Vs AUS 2nd T20)
ਟੀਮਾਂ ਇਸ ਤਰ੍ਹਾਂ ਹਨ | IND Vs AUS 2nd T20
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਰੁਤੁਰਾਜ ਗਾਇਕਵਾੜ (ਉਪ-ਕਪਤਾਨ), ਈਸ਼ਾਨ ਕਿਸ਼ਨ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ, ਅਵੇਸ਼ ਖਾਨ, ਮੁਕੇਸ਼ ਕੁਮਾਰ। (IND Vs AUS 2nd T20)
ਆਸਟਰੇਲੀਆ : ਮੈਥਿਊ ਵੇਡ (ਕਪਤਾਨ ਅਤੇ ਵਿਕਟਕੀਪਰ), ਆਰੋਨ ਹਾਰਡੀ, ਜੇਸਨ ਬੇਹਰਨਡੋਰਫ, ਸ਼ਾਨ ਐਬੋਟ, ਟਿਮ ਡੇਵਿਡ, ਨਾਥਨ ਐਲਿਸ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਟ ਸ਼ਾਰਟ, ਸਟੀਵ ਸਮਿਥ, ਮਾਰਕਸ ਸਟੋਇਨਿਸ, ਕੇਨ ਰਿਚਰਡਸਨ, ਐਡਮ ਜ਼ੈਂਪਾ। (IND Vs AUS 2nd T20)