ਵਿਦੇਸ਼ ਜਾਣ ਦੀ ਵਧਦੀ ਹੋੜ

ਵਿਦੇਸ਼ ਜਾਣ ਦੀ ਵਧਦੀ ਹੋੜ

ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ। ਮਾਂ-ਬਾਪ ਕਰਜ਼ਾਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ । ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਦੇ ਸਨ। ਵਿਦੇਸ਼ੀ ਪੜ੍ਹਾਈ ਕਰਕੇ ਫਿਰ ਉਹ ਵਾਪਸ ਪੰਜਾਬ ਆ ਕੇ ਆਪਣੀ ਧਰਤੀ ’ਤੇ ਹੀ ਨੌਕਰੀ ਕਰਦੇ ਸਨ।

ਅੱਜ ਸਮਾਂ ਇਹ ਹੈ ਕਿ ਜੋ ਇੱਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ। ਬੇਰੁਜਗਾਰੀ ਬਹੁਤ ਵਧ ਚੁੱਕੀ ਹੈ। ਜਦੋਂ ਕੋਰੋਨਾ ਮਹਾਂਮਾਰੀ ਨੇ ਭਾਰਤ ਵਿਚ ਦਸਤਕ ਦਿੱਤੀ ਤਾਂ, ਤਾਲਾਬੰਦੀ ਕਰ ਦਿੱਤੀ ਗਈ। ਲੱਖਾਂ ਹੀ ਲੋਕਾਂ ਦਾ ਰੁਜਗਾਰ ਖੁੱਸਿਆ।

ਕੰਮ-ਧੰਦੇ ਸਾਰੇ ਹੀ ਬੰਦ ਹੋ ਚੁੱਕੇ ਸਨ ਅਜੇ ਤੱਕ ਲੀਹ ’ਤੇ ਚੰਗੀ ਤਰ੍ਹਾਂ ਗੱਡੀ ਨਹੀਂ ਆਈ ਹੈ। ਸੀਮਤ ਹੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਫਿਰ ਮਾਂ-ਬਾਪ ਕੋਲ ਕੋਈ ਵੀ ਚਾਰਾ ਨਹੀਂ ਰਹਿੰਦਾ। ਥੱਕੇ-ਹਾਰੇ ਮਾਂ-ਬਾਪ ਫਿਰ ਔਲਾਦ ਨੂੰ ਆਈਲੈਟਸ ਦੀ ਤਿਆਰੀ ਕਰਵਾਉਂਦੇ ਹਨ। ਫਿਰ ਜਦੋਂ ਵਧੀਆ ਬੈਂਡ ਆ ਜਾਂਦੇ ਹਨ, ਤਾਂ ਫਿਰ ਬਾਪ ਪੈਸੇ ਦਾ ਹੀਲਾ-ਵਸੀਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਰਿਸ਼ਤੇਦਾਰਾਂ ਸਕੇ-ਸਬੰਧੀਆਂ ਤੋਂ ਆਸ ਰੱਖਦਾ ਹੈ। ਫਿਰ ਜਦੋਂ ਉਹ ਵੀ ਹੱਥ ਖੜ੍ਹੇ ਕਰ ਦਿੰਦੇ ਹਨ, ਤਾਂ ਆਪਣੀ ਜਮੀਨ ਗਹਿਣੇ ਰੱਖ ਦਿੰਦਾ ਹੈ। ਫਿਰ ਪਿੱਛੋਂ ਉਹ ਮਾਂ-ਬਾਪ ਬੈਂਕ ਦੀਆਂ ਕਿਸ਼ਤਾਂ ਭਰਦੇ ਹਨ। ਸਮੇਂ ਸਿਰ ਕਰਜਾ ਨਾ ਉਤਾਰਨ ਕਰਕੇ ਉਹੀ ਪਿਓ ਖ਼ੁਦਕੁਸ਼ੀ ਕਰ ਲੈਂਦਾ ਹੈ।

ਅੱਜ-ਕੱਲ੍ਹ ਜੋ ਵਿਦੇਸ਼ ਚਲਾ ਜਾਂਦਾ ਹੈ, ਉਹ ਵਤਨ ਵਾਪਸੀ ਨਹੀਂ ਕਰਦਾ। ਸਿਰਫ ਯਾਦਾਂ ਹੀ ਰਹਿ ਜਾਂਦੀਆਂ ਹਨ। ਪਿੱਛੋਂ ਮਾਵਾਂ ਦੀਆਂ ਅੱਖਾਂ ਆਪਣੇ ਲਾਲ ਨੂੰ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਸੀਂ ਸੁਣਦੇ ਵੀ ਹਾਂ ਕਿ ਮਾਤਾ-ਪਿਤਾ ਪਿੱਛੋਂ ਇਸ ਸੰਸਾਰ ਤੋਂ ਰੁਖਸਤ ਹੋ ਗਏ। ਪੁੱਤ ਵਿਦੇਸ਼ ਤੋਂ ਫਿਰ ਵੀ ਨਹੀਂ ਆਉਂਦਾ। ਭਾਈਚਾਰਾ ਹੀ ਮਾਂ-ਬਾਪ ਦੀਆਂ ਅੰਤਿਮ ਰਸਮਾਂ ਨਿਭਾਉਂਦਾ ਹੈ।

ਪਿੱਛੇ ਜਿਹੇ ਖਬਰ ਵੀ ਪੜ੍ਹਨ ਨੂੰ ਮਿਲੀ ਕਿ ਮੋਗਾ ਜ਼ਿਲ੍ਹੇ ਵਿੱਚ ਇੱਕ ਏਜੰਟ ਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਤੇ ਆਪ ਫਰਾਰ ਹੋ ਗਿਆ। ਏਜੰਟਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਕੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਆਪਣਾ ਘਰ ਤਬਾਹ ਕਰ ਲੈਂਦੇ ਹਨ। ਆਮ ਸੁਣਨ ਵਿੱਚ ਵੀ ਆਉਂਦਾ ਹੈ ਕਿ ਜਿਹੜੇ ਦੇਸ਼ ਵਿਚ ਵਿਦਿਆਰਥੀ ਜਾਣਾ ਚਾਹੁੰਦੇ ਹਨ, ਇਹ ਏਜੰਟ ਝੂਠ ਬੋਲ ਕੇ ਉਸ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜ ਦਿੰਦੇ ਹਨ ਤੇ ਕਹਿੰਦੇ ਹਨ ਕਿ ਉੱਥੇ ਜਦੋਂ ਤੂੰ ਪੁੱਜੇਗਾਂ, ਤੈਨੂੰ ਫਲਾਣਾ ਬੰਦਾ ਅੱਗੇ ਭੇਜੇਗਾ।

ਦੋ ਨੰਬਰ ਵਿੱਚ ਵਿਦੇਸ਼ ਜਾਣ ਕਾਰਨ ਕਈ ਅਜਿਹੇ ਬੱਚੇ ਉਹਨਾਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜਾਂ ਫ਼ਿਰ ਉੱਥੇ ਖੱਜਲ-ਖੁਆਰ ਹੋ ਕੇ ਫਿਰ ਇਹੀ ਬੱਚੇ ਆਪਣੇ ਘਰ ਨੂੰ ਖਾਲੀ ਹੱਥ ਵਾਪਸ ਆਉਂਦੇ ਹਨ। ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਾਲਚ ’ਚ ਕਈ ਪਰਿਵਾਰ ਲੱਖਾਂ-ਲੱਖਾਂ ਰੁਪਏ ਏਜੰਟਾਂ ਕੋਲ ਫਸਾ ਲੈਂਦੇ ਹਨ। ਇੱਥੋਂ ਤੱਕ ਕਿ ਆਪਣੀ ਜ਼ਮੀਨ ਵੀ ਗਹਿਣੇ ਰੱਖ ਦਿੰਦੇ ਹਨ। ਵਿਦੇਸ਼ ਜਾਣ ਦੇ ਲਾਲਚ ਵਿੱਚ ਇਹ ਏਜੰਟ ਭੋਲੇ- ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਲੈਂਦੇ ਹਨ ।

ਸਾਡੇ ਹੀ ਇੱਕ ਕਰੀਬੀ ਕੋਲੋਂ 2 ਸਾਲ ਪਹਿਲਾਂ ਏਜੰਟ ਨੇ 15 ਲੱਖ ਰੁਪਿਆ ਮੰਗਿਆ। ਏਜੰਟ ਨੂੰ ਪਾਸਪੋਰਟ ਦੇ ਦਿੱਤਾ। ਪਰਿਵਾਰ ਨੇ ਏਜੰਟ ਨੂੰ ਛੇ ਕੁ ਲੱਖ ਰੁਪਇਆ ਦਿੱਤਾ। ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਆਪਣੀ ਤਿਆਰੀ ਖਿੱਚ ਲਓ। ਹਰ ਰੋਜ਼ ਕੋਈ ਨਾ ਕੋਈ ਲਾਰਾ ਲਾਉਂਦੇ ਹੋਏ ਏਜੰਟ ਨੇ ਇੱਕ ਸਾਲ ਕੱਢ ਦਿੱਤਾ। ਬਾਅਦ ਵਿੱਚ ਉਹੀ ਏਜੰਟ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਬੜੀ ਮੁਸ਼ੱਕਤ ਨਾਲ ਪਾਸਪੋਰਟ ਉਸ ਏਜੰਟ ਦੇ ਕਬਜੇ ’ਚੋਂ ਮਿਲਿਆ। ਛੇ ਲੱਖ ਰੁਪਇਆ ਵੀ ਖੂਹ-ਖਾਤੇ ਗਿਆ ਤੇ ਜੋ ਖੱਜਲ-ਖੁਆਰੀ ਹੋਈ, ਉਹ ਅੱਡ ਹੋਈ।

ਅੱਜ-ਕੱਲ੍ਹ ਪਰਿਵਾਰਕ ਮੈਂਬਰ ਆਪਣੇ ਪੁੱਤਰ ਲਈ ਆਈਲੈਟਸ ਵਾਲੀ ਕੁੜੀ ਲੱਭਦੇ ਹਨ। ਫਿਰ ਉਸ ਕੁੜੀ ਤੇ 25 ਤੋਂ 30 ਲੱਖ ਰੁਪਿਆ ਖਰਚ ਕੇ ਉਸ ਨੂੰ ਵਿਦੇਸ਼ ਵਿੱਚ ਭੇਜ ਦਿੰਦੇ ਹਨ। ਉਨ੍ਹਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੀ ਨੂੰਹ ਉੱਥੇ ਜਾ ਕੇ ਉਨ੍ਹਾਂ ਦੇ ਮੁੰਡੇ ਨੂੰ ਸੱਦ ਲਵੇਗੀ। ਪਰ ਅੱਜ-ਕੱਲ੍ਹ ਇਹ ਘਟਨਾਵਾਂ ਆਮ ਵਾਪਰ ਰਹੀਆਂ ਹਨ ਕਿ ਕੁੜੀ ਉੱਥੇ ਜਾ ਕੇ ਕਿਸੇ ਹੋਰ ਨੌਜਵਾਨ ਨਾਲ ਵਿਆਹ ਕਰਵਾ ਕੇ ਸੈੱਟ ਹੋ ਜਾਂਦੀ ਹੈ ਤੇ ਜਿਨ੍ਹਾਂ ਨੇ ਪੈਸਾ ਲਾ ਕੇ ਵਿਦੇਸ਼ ਭੇਜਿਆ, ਉਨ੍ਹਾਂ ਨੂੰ ਟਾਲ-ਮਟੋਲ ਕਰਦੀ ਰਹਿੰਦੀ ਹੈ। ਫਿਰ ਪਿੱਛੋਂ ਪੰਜਾਬ ਵਿੱਚ ਉਹ ਮੁੰਡਾ ਖੁਦਕੁਸ਼ੀ ਕਰ ਲੈਂਦਾ ਹੈ। ਅਜਿਹੀਆਂ ਘਟਨਾਵਾਂ ਵੀ ਆਮ ਵਾਪਰ ਰਹੀਆਂ ਹਨ।

ਹਾਲ ਹੀ ਵਿੱਚ ਸਾਰਿਆਂ ਨੇ ਹੀ ਖਬਰ ਪੜ੍ਹੀ ਕਿ ਅਮਰੀਕਾ ਵਿੱਚ ਲਾਵਾਰਿਸ ਛੱਡੇ ਟਰਾਲੇ ਵਿਚ 50 ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਮੈਕਸੀਕੋ ਤੋਂ ਨਜਾਇਜ ਤੌਰ ’ਤੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਦੀ ਮੌਤ ਦੀ ਖਬਰ ਸੀ। ਜ਼ਿਆਦਾ ਗਰਮੀ ਹੋਣ ਕਰਕੇ ਇਨ੍ਹਾਂ ਪ੍ਰਵਾਸੀਆਂ ਦੀ ਮੌਤ ਹੋਈ ਹੈ। ਤੇ ਕਈ ਪ੍ਰਵਾਸੀ ਜੇਰੇ ਇਲਾਜ ਹਨ। ਉੱਥੋਂ ਦੇ ਕਿਸੇ ਅਧਿਕਾਰੀ ਨੇ ਦੱਸਿਆ ਕਿ ਮਰੀਜਾਂ ਦਾ ਸਰੀਰ ਗਰਮੀ ਨਾਲ ਬਹੁਤ ਤਪ ਰਿਹਾ ਸੀ ਤੇ ਇਹ ਪ੍ਰਵਾਸੀ ਥਕਾਵਟ ਨਾਲ ਜੂਝ ਰਹੇ ਸਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਕਈ ਵਾਰ ਪ੍ਰਵਾਸੀਆਂ ਨੇ ਆਪਣੀ ਜਾਨ ਗੁਆ ਦਿੱਤੀ ਹੈ।

ਨੌਜਵਾਨਾਂ ਦਾ ਵਿਦੇਸ਼ਾਂ ਵਿਚ ਜਾਣ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ । ਹੱਥਾਂ ਵਿੱਚ ਫੜੀਆਂ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ ਧੱਕੇ ਖਾਂਦੇ ਹਨ। ਜਿੱਥੇ ਵੀ ਕੋਈ ਚਪੜਾਸੀ ਦੀ ਅਸਾਮੀ ਨਿੱਕਲਦੀ ਹੈ ਉੱਥੇ ਪੋਸਟ ਗ੍ਰੈਜੂਏਟ, ਐੱਮ ਫਿਲ ਆਪਣੀ ਅਰਜ਼ੀ ਭਰਦੇ ਹਨ। ਹਾਲ ਹੀ ਵਿੱਚ ਅਖਬਾਰ ਵਿੱਚ ਨਸ਼ਰ ਹੋਈ ਰਿਪੋਰਟ ਮੁਤਾਬਿਕ ਪਟਵਾਰੀ ਦੀਆਂ ਅਸਾਮੀਆਂ ਲਈ ਲੱਖਾਂ ਉਮੀਦਵਾਰਾਂ ਨੇ ਅਰਜੀਆਂ ਭਰੀਆਂ। ਇਹ ਬਹੁਤ ਹੀ ਸੋਚਣ ਦਾ ਸਮਾਂ ਹੈ। ਜਿਹੜਾ ਵਿਅਕਤੀ ਮਿਹਨਤ ਕਰਦਾ ਹੈ, ਚਾਹੇ ਉਸ ਕੋਲ ਇੱਥੇ ਪੰਜਾਬ ਵਿੱਚ ਹੀਲੇ-ਵਸੀਲੇ ਘੱਟ ਹਨ, ਫਿਰ ਵੀ ਉਹ ਵਧੀਆ ਰੋਟੀ ਕਮਾ ਰਿਹਾ ਹੈ।

ਇੱਥੋਂ ਦੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਉਹ ਸਮਾਂ ਦੂਰ ਨਹੀਂ ਜਦੋਂ ਹੋਰ ਸੂਬਿਆਂ ਦੇ ਨੌਜਵਾਨ ਪਰਵਾਸੀ ਇੱਥੇ ਆ ਕੇ ਪੜ੍ਹਾਈ ਕਰਨਗੇ ਤੇ ਸਾਡੇ ਉੱਪਰ ਰੋਹਬ ਪਾਉਣਗੇ। ਉਹਨਾਂ ਦੇ ਹੱਥਾਂ ਵਿੱਚ ਪੂਰੀ ਮਾਲਕੀ ਆ ਜਾਵੇਗੀ। ਅਸੀਂ ਉਨ੍ਹਾਂ ਦੇ ਗੁਲਾਮ ਬਣ ਕੇ ਰਹਿ ਜਾਵਾਂਗੇ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ’ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ, ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਿਕ ਰੁਜ਼ਗਾਰ ਮਿਲ ਸਕੇ। ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇੱਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।
ਮੋਹਾਲੀ
ਮੋ. 78889-66168
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ