ਜ਼ਮੀਨ ਖਿਸਕਣ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ

Landslides

Landslides : ਕੇਰਲ ਦੇ ਵਾਇਨਾਡ ’ਚ ਜ਼ਮੀਨ ਖਿਸਕਣ ਦੀ ਭਿਆਨਕ ਘਟਨਾ ਨੇ ਨਾ ਸਿਰਫ ਜਾਨ-ਮਾਲ ਦਾ ਭਾਰੀ ਨੁਕਸਾਨ ਕੀਤਾ, ਸਗੋਂ ਵਾਤਾਵਰਨ ਅਤੇ ਵਿਕਾਸ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਚੁਣੌਤੀ ਨੂੰ ਵੀ ਰੇਖਾਂਕਿਤ ਕੀਤਾ। ਇਸ ਸੰਤੁਲਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਭਾਰਤ ਸੰਸਾਰ ਦੇ ਚੋਟੀ ਦੇ ਪੰਜ ਜ਼ਮੀਨ ਖਿਸਕਣ ਲਈ ਸੰਭਾਵਿਤ ਦੇਸ਼ਾਂ ’ਚੋਂ ਇੱਕ ਹੈ। ਬਰਫ ਨਾਲ ਢੱਕੇ ਖੇਤਰਾਂ ਨੂੰ ਛੱਡ ਕੇ ਭਾਰਤ ਦਾ ਲਗਭਗ 12.6 ਫੀਸਦੀ ਭੂਗੋਲਿਕ ਜ਼ਮੀਨੀ ਖੇਤਰ ਜ਼ਮੀਨ ਖਿਸਕਣ ਦੀ ਸੰਭਾਵਨਾ ਵਾਲਾ ਹੈ।

ਭਾਰਤ ’ਚ ਪੂਰਵ ਉੱਤਰੀ ਖੇਤਰ ਸਭ ਤੋਂ ਜ਼ਿਆਦਾ ਜ਼ਮੀਨ ਖਿਸਕਣ ਦੀ ਚਪੇਟ ’ਚ ਆਉਂਦਾ ਹੈ। ਦੇਸ਼ ਦੇ ਕੁੱਲ ਜ਼ਮੀਨ ਖਿਸਕਣ ਦੇ ਸੰਭਾਵਿਤ ਖੇਤਰ ਦਾ ਲੱਗਭੱਗ 42 ਫੀਸਦੀ ਇਸ ਦਾ ਹਿੱਸਾ ਹੈ, ਜੋ ਮੇਘਾਲਿਆ, ਮਿਜ਼ੋਰਮ, ਅਸਾਮ ਅਤੇ ਨਾਗਾਲੈਂਡ ਵਰਗੇ ਖਹਾੜੀ ਰਾਜਾਂ ’ਚ ਕੇਂਦਰਿਤ ਹੈ। ਭਾਰਤ ਦੇ ਪੂਰਵਉੱਤਰੀ ਰਾਜਾਂ ’ਚ ਜ਼ਮੀਨ ਖਿਸਕਣ ਦੀਆਂ ਵਧੇਰੇ ਘਟਨਾਵਾਂ ਵਾਪਰਦੀਆਂ ਹਨ। ਸਾਲ 2015-2022 ਦੀ ਮਿਆਦ ਦੌਰਾਨ ਭਾਰਤ ’ਚ ਸਾਰੀਆਂ ਮੁੱਖ ਜ਼ਮੀਨ ਖਿਸਕਣ ਦੀਆਂ ਘਟਨਾਵਾਂ ’ਚੋਂ 10 ਫੀਸਦੀ ਪੂਰਵਉੱਤਰ ਖੇਤਰਾਂ ’ਚ ਹੋਈਆਂ ਭਾਵ ਇਸ ਖੇਤਰ ’ਚ ਹਰ ਸਾਲ ਔਸਤਨ 54 ਵਾਰ ਜ਼ਮੀਨ ਖਿਸਕੀ।

Landslides

ਦਰਅਸਲ ਭਾਰਤ ’ਚ ਜ਼ਮੀਨ ਖਿਸਕਣ ਦੀਆਂ ਵਧਦੀਆਂ ਘਟਨਾਵਾਂ ਕਈ ਕਾਰਨਾਂ ਦਾ ਨਤੀਜਾ ਹੈ। ਜਲਵਾਯੂ ਪਰਿਵਰਤਨ, ਵਧੇਰੇ ਬਰਸਾਤ, ਹੜ੍ਹ ਅਤੇ ਸੋਕੇ ਦੀ ਬਾਰੰਬਾਰਤਾ ’ਚ ਵਾਧੇ ਨੇ ਪਹਾੜੀ ਖੇਤਰਾਂ ਦੀ ਮਿੱਟੀ ਨੂੰ ਅਸਥਿਰ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨੇ ਵੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹੀ ਰੱਖਦੀਆਂ ਹਨ, ਪਰ ਜਦੋਂ ਉਹ ਨਹੀਂ ਰਹਿੰਦੇ, ਤਾਂ ਮਿੱਟੀ ਅਸਾਨੀ ਨਾਲ ਰੁੜ੍ਹ ਜਾਂਦੀ ਹੈ। ਵਿਕਾਸ ਦੀ ਅੰਨ੍ਹੀ ਦੌੜ ਨੇ ਵੀ ਇਸ ਸਮੱਸਿਆ ਨੂੰ ਵਧਾਇਆ ਹੈ।

ਪਹਾੜੀ ਖੇਤਰਾਂ ’ਚ ਬੇਢੰਗਾ ਨਿਰਮਾਣ, ਸੜਕਾਂ ਦਾ ਵਿਸਥਾਰ ਅਤੇ ਮਾਈਨਿੰਗ ਗਤੀਵਿਧੀਆਂ ਪਹਾੜਾਂ ਦੀ ਬਣਤਰ ਨੂੰ ਕਮਜ਼ੋਰ ਕਰ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਕਾਰਨ ਕੁਦਰਤੀ ਜਲ ਨਿਕਾਸੀ ਪ੍ਰਣਾਲੀਆਂ ’ਚ ਰੁਕਾਵਟ ਆ ਰਹੀ ਹੈ, ਜੋ ਜ਼ਮੀਨ ਖਿਸਕਣ ਦਾ ਮੁੱਖ ਕਾਰਨ ਹੈ। ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਅਬਾਦੀ ਦਾ ਦਬਾਅ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਪਹਾੜੀ ਖੇਤਰਾਂ ’ਚ ਵਧਦੀ ਅਬਾਦੀ ਕਾਰਨ ਜ਼ਿਆਦਾ ਲੋਕ ਜੋਖ਼ਿਮ ਭਰੇ ਖੇਤਰਾਂ ’ਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ। ਇਸ ਨਾਲ ਨਾ ਸਿਰਫ਼ ਜ਼ਮੀਨ ਖਿਸਕਣ ਦੀ ਸੰਭਾਵਨਾ ਵਧ ਜਾਂਦੀ ਹੈ, ਸਗੋਂ ਅਜਿਹੀਆਂ ਘਟਨਾਵਾਂ ਹੋਣ ’ਤੇ ਉਨ੍ਹਾਂ ਦਾ ਅਸਰ ਵੀ ਵਧ ਜਾਂਦਾ ਹੈ।

Landslides

ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸਾਨੂੰ ਆਪਣੇ ਵਿਕਾਸ ਮਾਡਲ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਲੋੜ ਹੈ। ਪਹਾੜੀ ਖੇਤਰਾਂ ’ਚ ਕੋਈ ਵੀ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਵਾਤਾਵਰਣਕ ਪ੍ਰਭਾਵ ਦਾ ਵਿਆਪਕ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਇਸ ’ਚ ਨਾ ਸਿਰਫ਼ ਤੁਰੰਤ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਸ਼ਾਮਲ ਹੋਣਾ ਚਾਹੀਦਾ ਹੈ, ਸਗੋਂ ਲੰਮੇ ਸਮੇਂ ਦੇ ਨਤੀਜਿਆਂ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਨਾਲ ਹੀ ਜੰਗਲੀ ਏਰੀਆ ਵਧਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਸਥਾਨਕ ਹਾਲਾਤਾਂ ਦੇ ਅਨੁਸੁਾਰ ਰੁੱਖਾਂ ਨੂੰ ਲਾਉਣ ਨਾਲ ਨਾ ਸਿਰਫ਼ ਮਿੱਟੀ ਦਾ ਕਟਾਅ ਰੁਕੇਗਾ, ਸਗੋਂ ਇਹ ਜੈਵ-ਵਿਭਿੰਨਤਾ ਨੂੰ ਵੀ ਹੱਲਾਸ਼ੇਰੀ ਦੇਵੇਗਾ।

ਇਸ ਨਾਲ ਕਾਰਬਨ ਨਿਕਾਸੀ ਨੂੰ ਘੱਟ ਕਰਨ ’ਚ ਮੱਦਦ ਮਿਲੇਗੀ, ਜੋ ਜਲਵਾਯੂ ਪਰਿਵਰਤਨ ਨਾਲ ਲੜਨ ’ਚ ਮਹੱਤਵਪੂਰਨ ਹੈ। ਇਸ ਤਰ੍ਹਾਂ ਜਲ ਪ੍ਰਬੰਧਨ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪਹਾੜੀ ਖੇਤਰਾਂ ’ਚ ਕੁਦਰਤੀ ਜਲ ਨਿਕਾਸੀ ਪ੍ਰਣਾਲੀਆਂ ਨੂੰ ਬਣਾਈ ਰੱਖਣਾ ਤੇ ਉਨ੍ਹਾਂ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਸੰਭਾਲ ਵਰਗੀਆਂ ਤਕਨੀਕਾਂ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਨਾ ਸਿਰਫ ਭੂਜਲ ਪੱਧਰ ਨੂੰ ਬਣਾਈ ਰੱਖਣ ’ਚ ਮੱਦਦ ਮਿਲੇਗੀ , ਸਗੋਂ ਮਿੱਟੀ ਦੀ ਨਮੀ ਵੀ ਸੰਤੁਲਿਤ ਰਹੇਗੀ।

Landslides

ਜ਼ਮੀਨ ਖਿਸਕਣ ਵਾਲੇ ਸੰਭਾਵਿਤ ਖੇਤਰਾਂ ਦੀ ਪਛਾਣ ਅਤੇ ਨਕਸ਼ਾ ਬਣਾਉਣਾ ਵੀ ਜ਼ਰੂਰੀ ਹੈ। ਆਧੁਨਿਕ ਤਕਨੀਕ ਜਿਵੇਂ ਸੈਟੇਲਾਈਟ ਇਮੇਜਰੀ ਅਤੇ ਜਿਓਗ੍ਰਾਫਿਕ ਇਨਫਾਰਮੇਸ਼ਨ ਸਿਸਟਮ ਦੀ ਵਰਤੋਂ ਕਰਕੇ ਅਸੀਂ ਉਨ੍ਹਾਂ ਖੇਤਰਾਂ ਦੀ ਸਟੀਕ ਪਛਾਣ ਕਰ ਸਕਦੇ ਹਾਂ ਜਿੱਥੇ ਜ਼ਮੀਨ ਖਿਸਕਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ। ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਇਨ੍ਹਾਂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਸ਼ਿਫ਼ਟ ਕੀਤਾ ਜਾ ਸਕਦਾ ਹੈ ਅਤੇ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਜਾ ਸਕਦੇ ਹਨ। ਸੰਸਾਰ ਦੇ ਕਈ ਦੇਸ਼ਾਂ ਨੇ ਜ਼ਮੀਨ ਖਿਸਕਣ ਨਾਲ ਨਜਿੱਠਣ ਲਈ ਪ੍ਰਭਾਵੀ ਉਪਾਅ ਅਪਣਾਏ ਹਨ। ਜਾਪਾਨ ’ਚ ਉੱਨਤ ਜ਼ਮੀਨ ਖਿਸਕਣ ਨਿਗਰਾਨੀ ਅਤੇ ਅਗਾਊਂ ਚਿਤਾਵਨੀ ਪ੍ਰਣਾਲੀਆਂ ਸਥਾਪਿਤ ਕੀਤੀਆਂ ਗਈਆਂ ਹਨ ਜੋ ਅਸਲ ਸਮੇਂ ’ਚ ਡਾਟਾ ਪ੍ਰਦਾਨ ਕਰਦੀਆਂ ਹਨ।

ਸਵਿੱਟਜਰਲੈਂਡ ਨੇ ਪਹਾੜੀ ਢਲਾਣਾਂ ਨੂੰ ਸਥਿਰ ਕਰਨ ਲਈ ਜੈਵ-ਇੰਜੀਨੀਅਰਿੰਗ ਤਕਨੀਕਾਂ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ, ਜਿਸ ’ਚ ਸਥਾਨਕ ਵਣਸਪਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਚੀਨ ਨੇ ਵੱਡੇ ਪੈਮਾਨੇ ’ਤੇ ਜੰਗਲ ਵਧਾਓ ਮੁਹਿੰਮ ਚਲਾਈ ਹੈ ਜੋ ਜ਼ਮੀਨ ਖਿਸਕਣ ਨੂੰ ਰੋਕਣ ’ਚ ਮੱਦਦ ਕਰਦੀ ਹੈ। ਸਥਾਨਕ ਭਾਈਚਾਰਿਆਂ ਦੀ ਭਾਗੀਦਾਰੀ ਇਸ ਸਮੱਸਿਆ ਨਾਲ ਨਜਿੱਠਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੂੰ ਜ਼ਮੀਨ ਖਿਸਕਣ ਦੇ ਸੰਕੇਤਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤੇ ਐਮਰਜੈਂਸੀ ਸਥਿਤੀ ’ਚ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਥਾਨਕ ਗਿਆਨ ਅਤੇ ਆਧੁਨਿਕ ਵਿਗਿਆਨਕ ਤਕਨੀਕਾਂ ਦਾ ਤਾਲਮੇਲ ਇੱਕ ਮਜ਼ਬੂਤ ਮੁੱਢਲੀ ਚਿਤਾਵਨੀ ਪ੍ਰਣਾਲੀ ਵਿਕਸਿਤ ਕਰਨ ’ਚ ਮੱਦਦ ਕਰ ਸਕਦਾ ਹੈ।

Landslides

ਨੀਤੀ-ਘਾੜਿਆਂ ਨੂੰ ਇਹ ਯਕੀਕੀ ਕਰਨਾ ਚਾਹੀਦਾ ਹੈ ਕਿ ਜ਼ਮੀਨ ਖਿਸਕਣ ਦੇ ਰੋਕਥਾਮ ਉਪਾਵਾਂ ਲਈ ਲੋੜੀਂਦਾ ਪੈਸਾ ਜਾਰੀ ਕੀਤਾ ਜਾਵੇ। ਇਹ ਨਾ ਕੇਵਲ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਹੋਣਾ ਚਾਹੀਦਾ ਹੈ, ਸਗੋਂ ਦੀਰਘਕਾਲੀ ਯੋਜਨਾਵਾਂ ਅਤੇ ਰਿਸਰਚ ਲਈ ਵੀ ਹੋਣਾ ਚਾਹੀਦਾ ਹੈ। ਹਲਾਂਕਿ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫਤਾਂ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੈ। ਪਰ ਸਟੀਕ ਯੋਜਨਾ, ਨੀਤੀਆਂ ਲਾਗੂ ਕਰਨ ਨਾਲ ਇਨ੍ਹਾਂ ਦੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਲਿਹਾਜ਼ਾ ਇਹ ਸਮਝਣਾ ਮਹੱਤਵਪੂਰਨ ਹੈ ਕਿ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫਤਾਂ ਨਾਲ ਨਜਿੱਠਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜਿੰਮੇਵਾਰੀ ਨਹੀਂ ਹੈ। ਇਹ ਇੱਕ ਸਮੂਹਿਕ ਯਤਨ ਹੋਣਾ ਚਾਹੀਦਾ ਹੈ ਜਿਸ ’ਚ ਸਰਕਾਰ, ਗੈਰ-ਸਰਕਾਰੀ ਸੰਗਠਨ, ਵਿਗਿਆਨਕ ਭਾਈਚਾਰਾ, ਸਥਾਨਕ ਨਿਵਾਸੀ ਤੇ ਆਮ ਜਨਤਾ ਸਾਰਿਆਂ ਦੀ ਭਾਗੀਦਾਰੀ ਹੋਵੇ। ਸਿਰਫ਼ ਇੱਕਜੁਟ ਹੋ ਕੇ ਹੀ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਪਹਾੜੀ ਖੇਤਰਾਂ ਨੂੰ ਸੁਰੱਖਿਅਤ ਅਤੇ ਟਿਕਾਊ ਬਣਾ ਸਕਦੇ ਹਾਂ।

ਦੇਵੇਂਦਰਰਾਜ ਸੁਥਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)