ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਪੁਲਿਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਸਾਡੇ ਸਿਆਸੀ ਸਿਸਟਮ, ਪੁਲਿਸ ਪ੍ਰਬੰਧ ਤੇ ਲੋਕਤੰਤਰੀ ਪ੍ਰਣਾਲੀ ‘ਤੇ ਸਵਾਲ ਉਠਾਉਂਦੀ ਹੈ ਇਸ ਝੜਪ ਦੌਰਾਨ ਗੋਲੀ ਚੱਲਣਾ, ਗੱਡੀਆਂ ਦੀ ਸਾੜ-ਫੂਕ ਚਿੰਤਾ ਭਰੀ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ ‘ਚ ਇੱਕ ਵਕੀਲ ਤੇ ਟ੍ਰੈਫਿਕ ਮੁਲਾਜ਼ਮ ਦਰਮਿਆਨ ਹੱਥੋਪਾਈ ਚਰਚਾ ਦਾ ਕਾਰਨ ਬਣੀ ਰਹੀ ਦਰਅਸਲ ਅਸਲ ਮਸਲਾ ਮੁਲਾਜ਼ਮਾਂ ਦੀ ਟ੍ਰੇਨਿੰਗ ਦੀ ਘਾਟ ਤੇ ਦਿਨੋਂ-ਦਿਨ ਵਧ ਰਹੀ ਅਸਹਿਣਸ਼ੀਲਤਾ ਹੈ ਛੋਟੀ ਜਿਹੀ ਗੱਲ ‘ਤੇ ਵਿਰੋਧ ਪ੍ਰਗਟ ਕਰਨ ‘ਤੇ ਮਾਮਲਾ ਵਿਗੜ ਜਾਂਦਾ ਹੈ ਜ਼ਿਆਦਾ ਮਾਮਲਿਆਂ ‘ਚ ਪੁਲਿਸ ਦੀ ਗਲਤੀ ਵੱਧ ਸਾਹਮਣੇ ਆਉਂਦੀ ਹੈ ਪਿਛਲੇ ਦਿਨੀਂ ਦਿੱਲੀ ‘ਚ ਇੱਕ ਆਟੋ ਰਿਕਸ਼ਾ ਵਾਲੇ ਦੀ ਕੁੱਟਮਾਰ ਦਾ ਮਾਮਲਾ ਵੀ ਤੂਲ ਫੜ ਗਿਆ ਤੇ ਆਖ਼ਰ ਕਈ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਤੀਸ ਹਜ਼ਾਰੀ ਮਾਮਲੇ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਕਾਂਗਰਸ ਨੇ ਵਕੀਲਾਂ ਦੀ ਹਮਾਇਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੂੰ ਵਕੀਲਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ ।
ਪਾਰਟੀ ਨੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਵੀ ਮੰਗੀ ਹੈ ਗੱਲ ਸਿਰਫ਼ ਤੀਸ ਹਜ਼ਾਰੀ ਮਾਮਲੇ ਨੂੰ ਨਿਬੇੜਨ ਨਾਲ ਖਤਮ ਨਹੀਂ ਹੋ ਜਾਣੀ ਇਸ ਤੋਂ ਬਾਦ ਵੀ ਅਜਿਹਾ ਜਾਂ ਇਸ ਤੋਂ ਵੱਧ ਭਿਆਨਕ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਾਰਵਾਈ ਪਹਿਲਾਂ ਵੀ ਕਿਸੇ ਨਾ ਕਿਸੇ ਅਧਿਕਾਰੀ ਖਿਲਾਫ਼ ਹੁੰਦੀ ਆਈ ਹੈ ਪਰ ਘਟਨਾਵਾਂ ਵਾਪਰਨ ਦਾ ਸਿਲਸਿਲਾ ਬੰਦ ਨਹੀਂ ਹੋਇਆ ਅਸਲ ਸਮੱਸਿਆ ਤਾਂ ਅਧਿਕਾਰੀਆਂ ਨੂੰ ਡਿਊਟੀ ਨਿਭਾਉਣ ਲਈ ਵਿਹਾਰ ਸਿਖਾਉਣ ਦੀ ਹੈ ਜਦੋਂ ਤੱਕ ਅਧਿਕਾਰੀਆਂ, ਮੁਲਾਜ਼ਮਾਂ ‘ਚ ਕੰਮ ਕਰਨ ਦਾ ਵਧੀਆ ਸੱਭਿਆਚਾਰ ਨਹੀਂ ਪੈਦਾ ਹੁੰਦਾ ਉਦੋਂ ਤੱਕ ਇਸ ਸਮੱਸਿਆ ਦਾ ਹੱਲ ਨਿੱਕਲਦਾ ਨਹੀਂ ਨਜ਼ਰ ਆਉਂਦਾ ਅਧਿਕਾਰੀਆਂ ਨੂੰ ਇੱਕ ਮੁਕੰਮਲ ਸਿਖਲਾਈ ਦੇਣ ਦੀ ਜ਼ਰੂਰਤ ਹੈ ਤਾਂ ਕਿ ਉਹ ਜਨਤਾ ਦੀ ਸਮੱਸਿਆ ਵੱਲ ਪੂਰੀ ਜਿੰਮੇਵਾਰੀ ਨਾਲ ਗੌਰ ਕਰਨ ਅਕਸਰ ਲੋਕ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੋ ਕੇ ਭੜਕ ਜਾਂਦੇ ਹਨ ਜੇਕਰ ਅਧਿਕਾਰੀ ਭੜਕੇ ਹੋਏ ਲੋਕਾਂ ਨਾਲ ਬਰਾਬਰ ਭੜਕ ਪੈਣਗੇ ਤਾਂ ਗੱਲ ਬਲ਼ਦੀ ‘ਤੇ ਤੇਲ ਪਾਉਣ ਵਾਲੀ ਹੋਵੇਗੀ ਕਾਨੂੰਨ ਪ੍ਰਬੰਧ ਕਾਇਮ ਰੱਖਣ ਲਈ ਪੁਲਿਸ ਨੂੰ ਬਲ ਦੀ ਵਰਤੋਂ ਦਾ ਅਧਿਕਾਰ ਹੈ ਪਰ ਵਕੀਲਾਂ ਜਾਂ ਕਿਸੇ ਵੀ ਸਮੂਹ ਨਾਲ ਸਿਰਫ਼ ਬਹਿਸ ਤੋਂ ਕਾਨੂੰਨ ਪ੍ਰਬੰਧ ਦੀ ਸਮੱਸਿਆ ਪੈਦਾ ਹੋਣਾ ਪੁਲਿਸ ਅਧਿਕਾਰੀਆਂ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਦੀ ਹੈ ਸਿਆਣੇ ਪੁਲਿਸ ਅਫਸਰ ਵੱਡੇ-ਵੱਡੇ ਮਸਲੇ ਵੀ ਸੂਝ-ਬੂਝ ਨਾਲ ਸੁਲਝਾ ਲੈਂਦੇ ਹਨ ਪਰ ਲਾਪਰਵਾਹ ਤੇ ਗੈਰ-ਜਿੰਮੇਵਾਰ ਅਫ਼ਸਰ ਛੋਟੀ ਜਿਹੀ ਘਟਨਾ ਨੂੰ ਨਾ ਸੰਭਾਲਣ ਕਰਕੇ ‘ਬਾਤ ਦਾ ਬਤੰਗੜ’ ਬਣਾ ਲੈਂਦੇ ਹਨ ਪੁਲਿਸ ਦਾ ਜਨਤਾ ਨਾਲ ਰਿਸ਼ਤਾ ਸਹਿਯੋਗ ਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ ਇੱਕ-ਦੂਜੇ ਦੇ ਵਿਰੁੱਧ ਸਿਆਸੀ ਬਿਆਨਬਾਜੀ ਤਾਂ ਬਥੇਰੀ ਹੁੰਦੀ ਹੈ ਪਰ ਸਮੱਸਿਆ ਦਾ ਪੱਕਾ ਹੱਲ ਲੱਭਣ ਦੀ ਗੱਲ ਕੋਈ ਨਹੀਂ ਕਰਦਾ ਸੁਧਾਰ ਦੇ ਦਾਅਵੇ ਕਾਗਜ਼ਾਂ ਤੱਕ ਸੀਮਤ ਹੋਣ ਕਾਰਨ ਹੀ ਵਿਵਾਦ ਪੈਦਾ ਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।