ਪੰਜਾਬ ’ਚ 45.2 ਐੱਮਐੱਮ ਪਿਆ ਮੀਂਹ, ਮੌਸਮ ਵਿਭਾਗ ਦੇ ਅਨੁਮਾਨ ਤੋਂ 161 ਫੀਸਦੀ ਜਿਆਦਾ ਪਿਆ ਮੀਂਹ
- ਰੂਪਨਗਰ ਜ਼ਿਲ੍ਹੇ ਅੰਦਰ 100 ਐਮਐਮ ਤੋਂ ਜਿਆਦਾ ਹੋਈ ਬਾਰਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਇਸ ਵਾਰ ਮਈ ਮਹੀਨੇ ਦੌਰਾਨ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਈ ਮਹੀਨੇ ਦੌਰਾਨ ਪੰਜਾਬ ਅੰਦਰ 45.2 ਐਮ.ਐਮ ਮੀਂਹ (Rain Record ) ਪਿਆ ਹੈ, ਜੋਂ ਕਿ ਮੌਸਮ ਵਿਭਾਗ ਚੰਗੀਗੜ੍ਹ ਵੱਲੋਂ ਲਗਾਏ ਅਨੁਮਾਨ ਤੋਂ 161 ਫੀਸਦੀ ਜਿਆਦਾ ਹੈ। ਸਾਲ 2013 ਦੌਰਾਨ ਮਈ ਮਹੀਨੇ ਵਿੱਚ ਸਭ ਤੋਂ ਘੱਟ ਮੀਂਹ ਪਿਆ ਸੀ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਇਸ ਵਾਰ ਮਈ ਮਹੀਨੇ ਦੌਰਾਨ ਮੀਂਹ ਨੇ ਲਹਿਰਾ-ਬਹਿਰਾ ਲਗਾ ਕੇ ਰੱਖ ਦਿੱਤੀਆਂ ਹਨ। ਮਈ ਮਹੀਨੇ ਵਿੱਚ ਕੁਝ ਦਿਨਾਂ ਬਾਅਦ ਹੀ ਮੌਸਮ ਵਿੱਚ ਬਦਲਾਅ ਆਉਂਦ ਰਿਹਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲਦੀ ਰਹੀ ਹੈ। ਉਂਜ ਭਾਵੇਂ ਕਿ ਮਈ ਮਹੀਨੇ ਦੌਰਾਨ ਪੰਜਾਬ ਅੰਦਰ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਗਿਆ ਸੀ, ਪਰ ਤੋਂ ਬਾਅਦ ਪੰਜਾਬ ਦਾ ਮੌਸਮ ਲਗਾਤਾਰ ਠੰਡਾ ਬਣਿਆ ਹੋਇਆ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਅੰਕੜਿਆ ਤੋਂ ਸਾਹਮਣੇ ਆਇਆ ਕਿ ਇਸ ਵਾਰ ਮਈ ਮਹੀਨੇ ਵਿੱਚ ਪਿਛਲੇ 11 ਸਾਲਾਂ ਦੌਰਾਨ ਸਭ ਤੋਂ ਵੱਧ ਮੀਂਹ ਦਰਜ਼ ਕੀਤਾ ਗਿਆ ਹੈ।
ਮਈ ਮਹੀਨੇ ਅੰਦਰ 45.2 ਐਮਐਮ ਮੀਂਹ ਪਿਆ (Rain Record )
ਮਈ ਮਹੀਨੇ ਦੌਰਾਨ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 17.3 ਐਮਐਮ ਮੀਂਹ ਪੈਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਇਨ੍ਹਾਂ ਅਨੁਮਾਨਾਂ ਤੋਂ ਉਲਟ ਪੰਜਾਬ ਵਿੱਚ ਮਈ ਮਹੀਨੇ ਅੰਦਰ 45.2 ਐਮਐਮ ਮੀਂਹ ਪਿਆ ਹੈ ਜੋਂ ਕਿ ਲਗਾਏ ਗਏ ਅਨੁਮਾਨ ਤੋਂ 161 ਫੀਸਦੀ ਜਿਆਦਾ ਹੈ। ਮੌਮਸ ਵਿਭਾਗ ਅਨੁਸਾਰ ਪੰਜਾਬ ਅੰਦਰ ਸਭ ਤੋਂ ਵੱਧ ਮੀਂਹ ਰੂਪਨਗਰ ਜ਼ਿਲ੍ਹੇ ਵਿੱਚ ਪਿਆ ਹੈ। ਇੱਥੇ 100.1 ਐਮਐਮ ਮੀਂਹ ਪਿਆ ਹੈ ਜਦਕਿ ਇੱਥੇ 28.5 ਐਮਐਮ ਮੀਂਹ ਪੈਣ ਦਾ ਅਨੁਮਾਨ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਮੁੱਖ ਮੰਤਰੀ ਸਣੇ ਹੋ ਗਏ ਹੁਣ ਕਿੰਨੇ ਮੰਤਰੀ, ਜਾਣੋ
ਇਸ ਤੋਂ ਬਾਅਦ ਵਿੱਚ ਕਪੂਰਥਲਾ ਵਿੱਚ 81.4 ਐਮਐਮ, ਐਸਬੀਐਸ ਨਗਰ 89.2 ਐਮਐਮ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅੰਦਰ 77.9 ਐਮਐਮ, ਫਿਰੋਜਪੁਰ ਵਿੱਚ 58.7 ਐਮਐਮ ਸਮੇਤ ਕਾਫ਼ੀ ਜ਼ਿਲ੍ਹਿਆਂ ਅੰਦਰ 40 ਐਮਐਮ ਤੋਂ ਜਿਆਦਾ ਮੀਂਹ ਦਰਜ਼ ਕੀਤਾ ਗਿਆ ਹੈ। ਅੱਜ ਵੀ ਪਟਿਆਲਾ ਸਮੇਤ ਪੰਜਾਬ ਦੇ ਕਾਫ਼ੀ ਜ਼ਿਲ੍ਹਿਆਂ ਅੰਦਰ ਚੰਗਾ ਮੀਂਹ ਪਿਆ ਹੈ। ਮੀਂਹ ਪੈਣ ਨਾਲ ਮਈ ਮਹੀਨੇ ਵਿੱਚ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ ਅਤੇ ਬਿਜਲੀ ਦੀ ਮੰਗ ਬਿਲਕੁੱਲ ਹੇਠਾ ਰਹੀ ਹੈ।
ਸਾਲ 2013 ਦੌਰਾਨ ਸਭ ਤੋਂ ਘੱਟ 3.8 ਐਮਐਮ ਪਿਆ ਸੀ ਮੀਂਹ
ਇਸ ਦੌਰਾਨ ਜੇਕਰ ਸਾਲ 2013 ਦੀ ਗੱਲ ਕੀਤੀ ਜਾਵੇ ਤਾ ਉਸ ਸਮੇਂ ਸਭ ਤੋਂ ਘੱਟ ਮੀਂਹ ਪਿਆ ਸੀ। ਸਾਲ 2013 ਦੌਰਾਨ ਮਈ ਮਹੀਨੇ ਵਿੱਚ 3.8 ਐਮਐਮ ਹੀ ਮੀਂਹ ਪਿਆ ਸੀ ਜੋਂ ਕਿ ਅਨੁਮਾਨ ਤੋਂ 78 ਫੀਸਦੀ ਘੱਟ ਸੀ। ਸਾਲ 2014 ਵਿੱਚ 21.5 ਐਮਐਮ, ਸਾਲ 2015 ਵਿੱਚ 17.6 ਐਮਐਮ, ਸਾਲ 2016 ਦੌਰਾਨ 26.3, ਸਾਲ 2017 ਵਿੱਚ 12.7, ਸਾਲ 2018 ਵਿੱਚ 7.2, ਸਾਲ 2019 ਵਿੱਚ 20.6, ਸਾਲ 2020 ਵਿੱਚ 29.1, ਸਾਲ 2021 ਵਿੱਚ 25 ਐਮਐਮ, ਸਾਲ 2022 ਵਿੱਚ 20.1 ਐਮਐਮ ਮੀਂਹ ਪਿਆ ਹੈ।