ਵੋਟਾਂ ਦੇ ਚੱਕਰ ’ਚ… ਅਧਿਆਪਕਾਂ ਦੇ ਤਬਾਦਲੇ ਕਰ, ਬਾਰਡਰ ਏਰੀਆ ਖ਼ਾਲੀ ਕਰ ‘ਗੀ ਕਾਂਗਰਸ ਸਰਕਾਰ, ਹੁਣ ਰਲੀਵ ਨਹੀਂ ਕਰੇਗੀ ‘ਆਪ’ ਸਰਕਾਰ

techer

1500 ਦੇ ਲਗਭਗ ਹੋਏ ਤਬਾਦਲੇ, 10 ਮਹੀਨੇ ਪਹਿਲਾਂ ਤਾਇਨਾਤ ਹੋਣ ਵਾਲੇ ਅਧਿਆਪਕਾਂ ਦੇ ਵੀ ਹੋਏ ਤਬਾਦਲੇ (Transfer Teachers)

(ਅਸ਼ਵਨੀ ਚਾਵਲਾ) ਚੰਡੀਗੜ । ਪੰਜਾਬ ਦੀ ਕਾਂਗਰਸ ਸਰਕਾਰ ਚੋਣ ਜ਼ਾਬਤਾ ਲੱਗਣ ਤੋਂ 5-6 ਦਿਨ ਪਹਿਲਾਂ ਥੋਕ ਭਾਅ ਵਿੱਚ 1 ਹਜ਼ਾਰ ਤੋਂ ਲੈ ਕੇ 1500 ਦੇ ਦਰਮਿਆਨ ਅਧਿਆਪਕਾਂ ਤੇ ਤਬਾਦਲੇ ਕਰਦੇ ਹੋਏ ਸਾਰੇ ਬਾਰਡਰ ਇਲਾਕੇ ਦੇ ਹੀ ਸਕੂਲ ਖ਼ਾਲੀ ਕਰ ਗਈ, ਜਿਸ ਕਾਰਨ ਹੁਣ ਬਾਰਡਰ ਇਲਾਕੇ ਵਿੱਚ ਕਈ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਲਈ ਇੱਕ ਵੀ ਅਧਿਆਪਕ ਨਹੀਂ ਹੈ ਤਾਂ ਕਈਆਂ ਵਿੱਚ 50 ਫੀਸਦੀ ਅਧਿਆਪਕ ਤਾਂ ਹਨ ਪਰ ਉਨਾਂ ਦਾ ਨਾਅ ਵੀ ਤਬਾਦਲਾ ਦੀ ਲਿਸਟ ਵਿੱਚ ਹੋਣ ਕਰਕੇ ਉਹ ਸਕੂਲ ਵਿੱਚੋਂ ਰਲੀਵ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਬਾਰਡਰ ਇਲਾਕੇ ਦੇ ਹੋਏ ਤਬਾਦਲਿਆਂ ਵਿੱਚ ਹੁਣ ਕਿਸੇ ਵੀ ਅਧਿਆਪਕ ਨੂੰ ਰਲੀਵ ਨਹੀਂ ਕੀਤਾ ਜਾਏਗਾ ਤਾਂ ਕਿ ਬਾਰਡਰ ਇਲਾਕੇ ਦੇ ਸਕੂਲਾਂ ਵਿੱਚ ਬੱਚਿਆ ਦੀ ਪੜ੍ਹਾਈ ਵਿੱਚ ਕੋਈ ਪਰੇਸ਼ਾਨੀ ਨਾ ਆਵੇ।

ਸਿੱਖਿਆ ਵਿਭਾਗ ਤਾਂ ਚੋਣ ਜ਼ਾਬਤਾ ਤੋਂ ਕੁਝ ਦਿਨ ਪਹਿਲਾਂ ਹੋਏ ਸਾਰੇ ਤਬਾਦਲੇ ਰੱਦ ਕਰਨਾ ਚਾਹੁੰਦਾ ਹੈ ਪਰ ਰਲੀਵ ਹੋਏ ਅਧਿਆਪਕਾਂ ਵੱਲੋਂ ਨਵੀਂ ਥਾਈਂ ਜੁਆਇੰਨ ਕਰਨ ਕਰਕੇ ਸਿੱਖਿਆ ਵਿਭਾਗ ਅਦਾਲਤਾਂ ਦੇ ਫਾਲਤੂ ਚੱਕਰ ਵਿੱਚ ਪੈਣਾ ਨਹੀਂ ਚਾਹੁੰਦਾ। ਜਿਸ ਕਾਰਨ ਜਿਹੜੇ ਹੁਣ ਰਲੀਵ ਹੋਣ ਤੋਂ ਰਹਿੰਦੇ ਹਨ, ਉਨਾਂ ਨੂੰ ਕਿਸੇ ਵੀ ਹਾਲਤ ਵਿੱਚ ਰਲੀਵ ਨਹੀਂ ਕੀਤਾ ਜਾਏਗਾ।

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਧਿਆਪਕਾਂ ਵੱਲੋਂ ਵੱਡੇ ਪੱਧਰ ’ਤੇ ਕਾਂਗਰਸ ਦੇ ਵਿਧਾਇਕਾਂ ਅਤੇ ਕਾਂਗਰਸੀ ਲੀਡਰਾਂ ਨਾਲ ਸੰਪਰਕ ਕਰਦੇ ਹੋਏ ਤਬਾਦਲਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਿਨਾਂ ਵਿੱਚ ਬੀਤੇ ਸਾਲ ਭਰਤੀ ਹੋਏ ਅਧਿਆਪਕ ਵੀ ਸ਼ਾਮਲ ਹਨ, ਜਿਹੜੇ ਕਿ 3 ਸਾਲ ਤੋਂ ਪਹਿਲਾਂ ਕਿਸੇ ਵੀ ਹਾਲਤ ਵਿੱਚ ਆਪਣਾ ਤਬਾਦਲਾ ਕਰਵਾ ਹੀ ਨਹੀਂ ਸਕਦੇ ਸਨ ਪਰ ਕਾਂਗਰਸ ਦੀ ਸਰਕਾਰ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ’ਤੇ ਟੰਗਦੇ ਹੋਏ ਆਨਲਾਈਨ ਤਬਾਦਲੇ ਦੀ ਨੀਤੀ ਨੂੰ ਵੀ ਦਰਕਿਨਾਰ ਕਰਦੇ ਹੋਏ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ।

  • ਚੋਣ ਜ਼ਾਬਤਾ ਲੱਗਣ ਤੋਂ 5-6 ਦਿਨ ਪਹਿਲਾਂ ਨਿਯਮਾਂ ਤੋਂ ਉਲਟ ਕੀਤੇ ਗਏ ਤਬਾਦਲੇ, ਖ਼ਾਲੀ ਹੋ ਗਏ ਬਾਰਡਰ ਸਕੂਲ

ਜਿਸ ਤੋਂ ਬਾਅਦ ਵੱਡੇ ਪੱਧਰ ’ਤੇ ਅਧਿਆਪਕਾਂ ਵੱਲੋਂ ਰਲੀਵ ਹੁੰਦੇ ਹੋਏ ਨਵੇਂ ਸਟੇਸ਼ਨ ’ਤੇ ਜੁਆਇੰਨ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਚੋਣ ਜ਼ਾਬਤਾ ਲੱਗਣ ਕਰਕੇ ਵੱਡੀ ਗਿਣਤੀ ਵਿੱਚ ਅਧਿਆਪਕ ਰਲੀਵ ਹੋਣ ਅਮਲ ਹੀ ਮੁਕੰਮਲ ਨਹੀਂ ਕਰ ਸਕੇ ਸਨ ਅਤੇ ਹੁਣ ਨਵੀਂ ਸਰਕਾਰ ’ਤੇ ਅਧਿਆਪਕਾਂ ਵਲੋਂ ਰਲੀਵ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਪਰ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਰਲੀਵ ਨਹੀਂ ਕੀਤਾ ਜਾਏਗਾ, ਕਿਉਂਕਿ ਜਿਹੜੇ ਤਬਾਦਲੇ ਹੋਏ ਹਨ, ਉਨਾਂ ਵਿੱਚ 90 ਫੀਸਦੀ ਦੇ ਲਗਭਗ ਤਬਾਦਲੇ ਬਾਰਡਰ ਇਲਾਕੇ ਨਾਲ ਹੀ ਸੰਬੰਧਿਤ ਹਨ, ਜਿਸ ਨਾਲ ਬਾਰਡਰ ਇਲਾਕੇ ਦੇ ਸਾਰੇ ਸਕੂਲ ਖ਼ਾਲੀ ਹੋਣ ਦਾ ਡਰ ਸਿੱਖਿਆ ਵਿਭਾਗ ਨੂੰ ਲਗ ਰਿਹਾ ਹੈ।

ਨਵੀਂ ਭਰਤੀ ਤੱਕ ਬਾਰਡਰ ਇਲਾਕੇ ‘ਚ ਨਹੀਂ ਹੋਣਗੇ ਤਬਾਦਲੇ : ਮੀਤ ਹੇਅਰ

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਤਵੱਜੋਂ ਹੀ ਨਹੀਂ ਦਿੱਤੀ ਗਈ, ਜਿਸ ਕਾਰਨ ਹੀ ਗਲਤ ਫੈਸਲੇ ਕਰਦੇ ਹੋਏ ਸਕੂਲਾਂ ਵਿੱਚ ਪੜ੍ਹਾਈ ਨੂੰ ਖ਼ਰਾਬ ਕੀਤਾ ਗਿਆ ਹੈ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਨਿਯਮਾਂ ਤੋਂ ਉਲਟ ਤਬਾਦਲੇ ਕਰਦੇ ਹੋਏ ਬਾਰਡਰ ਸਕੂਲਾਂ ਨੂੰ ਖ਼ਾਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੇ ਤਬਾਦਲੇ ਹੋ ਵੀ ਗਏ ਸਨ ਪਰ ਹੁਣ ਜਿਹੜੇ ਵੀ ਅਧਿਆਪਕ ਰਿਲੀਵ ਨਹੀਂ ਹੋਏ ਹਨ, ਉਨਾਂ ਨੂੰ ਰਿਲੀਵ ਨਹੀਂ ਕੀਤਾ ਜਾਏਗਾ, ਕਿਉਂਕਿ ਰਿਲੀਵ ਕਰਨ ਨਾਲ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਲਈ ਬਾਰਡਰ ਇਲਾਕੇ ਵਿੱਚ ਅਧਿਆਪਕ ਹੀ ਨਹੀਂ ਹੋਣਗੇ। ਇਸ ਲਈ ਨਵੀਂ ਭਰਤੀ ਹੋਣ ਤੋਂ ਪਹਿਲਾਂ ਬਾਰਡਰ ਇਲਾਕੇ ਦੇ ਕਿਸੇ ਵੀ ਅਧਿਆਪਕ ਨੂੰ ਤਬਾਦਲੇ ਸਬੰਧੀ ਵਿਚਾਰਿਆਂ ਹੀ ਨਹੀਂ ਜਾਏਗਾ ਅਤੇ ਪਿਛਲੀ ਸਰਕਾਰ ਦੇ ਤਬਾਦਲੇ ਨੂੰ ਮੰਨਿਆ ਨਹੀਂ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ