Bathinda Bus Accident: ਬੱਸ ’ਚ ਸਵਾਰ ਸਵਾਰੀਆਂ ’ਚੋਂ ਅੱਠ ਜਣਿਆਂ ਦੀ ਹੋਈ ਹੈ ਮੌਤ
Bathinda Bus Accident: ਬਠਿੰਡਾ (ਸੁਖਜੀਤ ਮਾਨ)। ਬਠਿੰਡਾ-ਤਲਵੰਡੀ ਸਾਬੋ ਰੋਡ ‘ਤੇ ਪਿੰਡ ਜੀਵਨ ਸਿੰਘ ਵਾਲਾ ਕੋਲ ਇੱਕ ਨਿੱਜੀ ਕੰਪਨੀ ਦੀ ਬੱਸ ਨਾਲੇ ਵਿੱਚ ਡਿੱਗਣ ਕਰਕੇ ਅੱਠ ਜਣਿਆਂ ਦੀ ਮੌਤ ਦੇ ਮਾਮਲੇ ’ਚ ਤਲਵੰਡੀ ਸਾਬੋ ਪੁਲਿਸ ਨੇ ਨਾਮਾਲੂਮ ਟਰਾਲਾ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਹ ਮਾਮਲਾ ਹਾਦਸੇ ਦੌਰਾਨ ਬੱਸ ਤੋਂ ਪਿੱਛੇ ਕਾਰ ਤੇ ਆ ਰਹੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।
ਥਾਣਾ ਤਲਵੰਡੀ ਸਾਬੋ ਵਿਖੇ ਦਰਜ ਹੋਏ ਮੁਕੱਦਮੇ ਮੁਤਾਬਿਕ ਦੇਵੀ ਲਾਲ ਪੁੱਤਰ ਬਲਕੌਰ ਸਿੰਘ ਵਾਸੀ ਮਾਨਸਾ ਕਲਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਸ ਘਟਨਾ ਦੌਰਾਨ ਉਹ ਆਪਣੀ ਕਾਰ ਤੇ ਪਿੰਡ ਜੀਵਨ ਸਿੰਘ ਵਾਲਾ ਕੋਲ ਡਰੇਨ ਪੁਲ ਤੋਂ ਥੋੜ੍ਹਾ ਪਿੱਛੇ ਜਾ ਰਿਹਾ ਸੀ ਅਤੇ ਉਸ ਦੇ ਅੱਗੇ ਗੁਰੂ ਕਾਸ਼ੀ ਟਰਾਂਸਪੋਰਟ ਕੰਪਨੀ ਬਠਿੰਡਾ ਦੀ ਬੱਸ (ਪੀਬੀ 11ਡੀ 6631) ਜਾ ਰਹੀ ਸੀ। ਇਸ ਦੌਰਾਨ ਜਦੋਂ ਬੱਸ ਡਰੇਨ ਪੁਲ ਉੱਤੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਟਰਾਲਾ (ਘੋੜਾ) ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਨੇ ਬੱਸ ਵਿੱਚ ਫੇਟ ਮਾਰੀ ਤਾਂ ਬੱਸ ਪੁਲ ਤੋਂ ਥੱਲੇ ਡਰੇਨ ਵਿੱਚ ਡਿੱਗ ਪਈ।
Bathinda Bus Accident
ਇਸ ਮਗਰੋਂ ਟਰਾਲਾ ਡਰਾਈਵਰ ਟਰਾਲੇ ਸਮੇਤ ਫਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚੋਂ ਸਵਾਰੀਆਂ ਕੱਢ ਕੇ ਸਿਵਲ ਹਸਪਤਾਲ ਤਲਵੰਡੀ ਸਾਬੋ ਅਤੇ ਬਠਿੰਡਾ ਪਹੁੰਚਾਈਆਂ ਗਈਆਂ। ਜਖਮੀਆਂ ਵਿੱਚੋਂ ਅੱਠ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਬੱਸ ਦਾ ਡਰਾਈਵਰ ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਧਰਮੂ ਜ਼ਿਲ੍ਹਾ ਮਾਨਸਾ ਵੀ ਸ਼ਾਮਿਲ ਹੈ।
Read Also : Holiday: ਸਾਲ 2025 ਦੀਆਂ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ, ਦੇਖੋ ਕਦੋਂ ਹੋਣਗੀਆਂ ਛੁੱਟੀਆਂ
ਇਸ ਤੋਂ ਇਲਾਵਾ ਮ੍ਰਿਤਕਾਂ ਵਿੱਚ ਰਵਨੀਤ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਜੰਡਵਾਲਾ ਮੀਰਾ ਸਾਂਗਲਾ ਜ਼ਿਲ੍ਹਾ ਫਾਜ਼ਿਲਕਾ, ਪੁਨੀਤ ਕੌਰ ਪੁੱਤਰੀ ਅਮਨਦੀਪ ਕੌਰ, ਅਮਨਦੀਪ ਕੌਰ ਪਤਨੀ ਸੁਖਪ੍ਰੀਤ ਸਿੰਘ, ਮੁਖਤਿਆਰ ਕੌਰ ਪਤਨੀ ਕਰਮ ਸਿੰਘ ਵਾਸੀਅਨ ਜੀਵਨ ਸਿੰਘ ਵਾਲਾ, ਪਰਮਜੀਤ ਕੌਰ ਪਤਨੀ ਪ੍ਰੇਮ ਕੁਮਾਰ ਵਾਸੀ ਹੁਕਮਾਂ ਵਾਲੀ (ਹਰਿਆਣਾ), ਅਰਜਨ ਕੁਮਾਰ ਪੁੱਤਰ ਚੰਦੇਸ਼੍ਰੀ ਸਰਕਾਰ ਵਾਸੀ ਸ੍ਰੀਪੁਰ (ਬਿਹਾਰ), ਮਹਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੋਹਨ (ਸਰਸਾ) ਸ਼ਾਮਿਲ ਹਨ, ਜਦੋਂ ਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਟਰਾਲਾ ਡਰਾਈਵਰ ਖਿਲਾਫ 106, 281, 324 (4), 125ਏ ਬੀਐਨਐਸ ਤਹਿਤ ਮੁਕੱਦਮਾ ਨੰਬਰ 232 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।