ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
- ਸ਼੍ਰੀਲੰਕਾ ਨੇ ਇਸ ਸਾਲ ਲਗਾਤਾਰ 11ਵਾਂ ਵਨਡੇ ਜਿੱਤੇ
ਕੈਂਡੀ । ਸ਼੍ਰੀਲੰਕਾ ਨੇ ਏਸ਼ੀਆ ਕੱਪ 2023 ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਟੀਮ ਨੇ ਗਰੁੱਪ-ਬੀ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਵਨਡੇ ਏਸ਼ੀਆ ਕੱਪ ‘ਚ ਟੀਮ ਨੇ 9 ਸਾਲ ਬਾਅਦ ਬੰਗਲਾਦੇਸ਼ ‘ਤੇ ਜਿੱਤ ਦਰਜ ਕੀਤੀ ਹੈ। ਵਨਡੇ ਏਸ਼ੀਆ ਕੱਪ ‘ਚ ਸ਼੍ਰੀਲੰਕਾ ਦੀ ਆਖਰੀ ਜਿੱਤ 2014 ‘ਚ ਮੀਰਪੁਰ ਦੇ ਮੈਦਾਨ ‘ਤੇ ਮਿਲੀ ਸੀ।
ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 42.4 ਓਵਰਾਂ ‘ਚ 164 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੇ 39 ਓਵਰਾਂ ‘ਚ 5 ਵਿਕਟਾਂ ਗੁਆ ਕੇ 165 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸ਼੍ਰੀਲੰਕਾ ਦੇ ਖਿਡਾਰੀਆਂ ਨੇ ਪੂਰੇ ਮੈਚ ਦੌਰਾਨ ਆਪਣੀ ਪਕੜ ਬਣਾਈ ਰੱਖੀ। ਟੀਮ ਦੇ ਤੇਜ਼ ਗੇਂਦਬਾਜ਼ ਮੈਥਿਸ਼ ਪਥੀਰਾਨਾ ਨੇ ਪ੍ਰਭਾਵਿਤ ਕੀਤਾ। ਉਹ ਚਾਰ ਵਿਕਟਾਂ ਲੈ ਕੇ ਮੈਨ ਆਫ ਦਾ ਮੈਚ ਰਿਹਾ।
ਇਸ ਸਾਲ ਵਨਡੇ ‘ਚ ਸ਼੍ਰੀਲੰਕਾ ਦੀ ਇਹ ਲਗਾਤਾਰ 11ਵੀਂ ਜਿੱਤ ਹੈ। ਟੀਮ ਦੀ ਆਖਰੀ ਹਾਰ 2 ਜੂਨ ਨੂੰ ਹੰਬਨਟੋਟਾ ਵਿੱਚ ਅਫਗਾਨਿਸਤਾਨ ਖਿਲਾਫ ਹੋਈ ਸੀ। ਇਸ ਦੌਰਾਨ ਟੀਮ ਨੇ ਅਫਗਾਨਿਸਤਾਨ-ਨੀਦਰਲੈਂਡ ਨੂੰ 2-2 ਵਾਰ ਅਤੇ ਬੰਗਲਾਦੇਸ਼, ਆਇਰਲੈਂਡ, ਓਮਾਨ, ਸਕਾਟਲੈਂਡ, ਯੂਏਈ, ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਨੂੰ ਇਕ-ਇਕ ਵਾਰ ਹਰਾਇਆ।