ਕਿਹਾ, ਬਾਦਲ ਮਜੀਠੀਆ ਦੀ ਜੋੜੀ ਨੇ ਪੰਦਰਾਂ ਸਾਲਾਂ ’ਚ ਅਨੇਕਾਂ ਮਾਫ਼ੀਏ ਹੋਂਦ ’ਚ ਲਿਆ ਕੇ 27 ਸੌ ਕਰੋੜ ਹੜੱਪਿਆ
ਬਰਨਾਲਾ, (ਜਸਵੀਰ ਸਿੰਘ ਗਹਿਲ) । ਅਚਾਨਕ ਹੀ ਬਰਨਾਲਾ ਪੁੱਜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਸਮਝੌਤਾ ਮੁੱਖ ਮੰਤਰੀ’ ਦਾ ਨਾਂਅ ਦਿੰਦਿਆਂ ਉਨਾਂ ’ਤੇ ਤਿੱਖੇ ਹਮਲੇ ਕਰਦਿਆਂ ਸੁਖਬੀਰ ਸਿੰਘ ਬਾਦਲ ਤੇ ਉਸਦੇ ਪਰਿਵਾਰ ਨੂੰ ਵੀ ਨਿਸ਼ਾਨੇ ’ਤੇ ਲਿਆ। ਵੜਿੰਗ ਨੇ ਕਿਹਾ ਕਿ ਹੁਣ ਤੱਕ ਦੇ ਇਤਿਹਾਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਪਹਿਲੇ ਮੁੱਖ ਮੰਤਰੀ ਸਨ ਜਿੰਨਾਂ ਨੂੰ ਪਾਰਟੀ ਨੇ ਸਾਡੇ 9 ਸਾਲ ਦੇ ਸਮੇਂ ਦਾ ਮੌਕਾ ਦਿੱਤਾ।
ਪਰ ਇੰਨਾਂ ਨੇ ਜਿੰਨਾਂ ਮੁੱਦਿਆਂ ’ਤੇ ਕੰਮ ਕਰਨੇ ਸਨ ਉਨਾਂ ਨੂੰ ਛੋਹਿਆ ਵੀ ਨਹੀ। ਜਨਤਾ ਨੇ ਇਨਾਂ ਦੁਆਰੇ ਤਮਾਮ ਮਾਫ਼ੀਏ ਨੂੰ ਖ਼ਤਮ ਕਰਨ ਤੇ ਹੋਰ ਵਿਕਾਸ ਦੇ ਕੰਮ ਕਰਨ ਦੇ ਕੀਤੇ ਗਏ ਵਾਅਦਿਆਂ ’ਤੇ ਵਿਸ਼ਵਾਸ਼ ਕਰਕੇ ਇਨਾਂ ਨੂੰ ਸੱਤਾ ਸੌਂਪੀ, ਪਰ ਕੈਪਟਨ ਸਾਬ ਇੱਕ ਸਾਜਿਸ਼ ਤਹਿਤ ਆਪਣਾ ਸਮਾਂ ਟਪਾਉਂਦੇ ਰਹੇ। ਜਿਸ ਦਾ ਸਬੂਤ ਉਨਾਂ ਵੱਲੋਂ ਹੁਣ ਭਾਜਪਾ ਦੇ ਅਮਿੱਤ ਸ਼ਾਹ ਨੂੰ ਮਿਲਕੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਮਿਲਦਾ ਹੈ। ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਲੋਕਾਂ ਦੀ ਮੰਗ ’ਤੇ ਕਰਤਾਰਪੁਰ ਲਾਂਘਾ ਖੁਲਵਾਉਣ ਗਏ ਸਨ ਪਰ ਤੁਸੀ ਤਾਂ ਓਧਰ ਦੇ ਚੰਗੇ ਚੰਗੇ ਲੋਕਾਂ ਨੂੰ ਆਪਣੇ ਘਰ ਰੱਖੀ ਬੈਠੇ ਹੋਂ।
ਉਨਾਂ ਕਿਹਾ ਕਿ ਭਵਿੱਖ ’ਚ ਕੈਪਟਨ ਅਮਰਿੰਦਰ ਸਿੰਘ ਨੂੰ ‘ਸਮਝੌਤਾ ਮੁੱਖ ਮੰਤਰੀ’ ਦੇ ਨਾਂਅ ਨਾਲ ਜਾਣਿਆ ਜਾਏਗਾ ਕਿਉਂਕਿ ਇੰਨਾਂ ਨੇ ਆਪਣੇ ਕਾਰਜ਼ਕਾਲ ਦੌਰਾਨ ਅਕਾਲੀਆਂ ਨਾਲ ਮਿਲ ਕੇ ਸਰਕਾਰ ਚਲਾਈ, ਜਿਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਸੋਚ ਕੰਮ ਕਰ ਰਹੀ ਸੀ। ਉਨਾਂ ਕਿਹਾ ਕਿ ਜੇਕਰ ਕੋਈ ਕਿਸੇ ਦੇ ਪਾਕਿਸਤਾਨ ਜਾਣ ’ਤੇ ਉਸ ਤੋਂ ਦੇਸ਼ ਨੂੰ ਖ਼ਤਰਾ ਦੱਸਦਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਏ ਹਨ ਪਾਕਿਸਤਾਨ। ਜੋ ਉੱਥੋਂ ਲੋਕ ਆਉਂਦੇ ਆ ਤੇ ਥੋੜੇ ਘਰੇ ਹੀ ਵਸ ਜਾਂਦੇ ਆ, ਥੋਡੇ ਨਾਲ ਇੱਕ ਰਿਸਤਾ ਬਣਾ ਲੈਂਦੇ ਆ। ਉਸ ਬਾਰੇ ਵੀ ਕੁੱਝ ਦੱਸੋ। ਉਨਾਂ ਸਵਾਲ ਕੀਤਾ ਕਿ ਜੋ ਥੋਡੇ ਘਰ ਆ ਕੇ ਰਹਿੰਦੇ ਆ ਉਨਾਂ ਨੂੰ ਕੌਣ ਲੈ ਕੇ ਆਉਦਾ ਰਿਹਾ, ਉਨਾਂ ਦਾ ਵੀਜਾ ਕੌਣ ਲਗਵਾਉਂਦਾ ਰਿਹਾ, ਉਹ ਵੀਜਾ ਕਿਵੇਂ ਲਗਦਾ ਰਿਹਾ।
ਇਸ ਪਿੱਛੇ ਭਾਜਪਾ, ਅਮਰਿੰਦਰ ਸਿੰਘ ਦੀ ਸਾਜਿਸ਼ ਹੈ। ਜਿਸ ਕਰਕੇ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ‘ਸਮਝੌਤਾ ਮੁੱਖ ਮੰਤਰੀ’ ਦਾ ਨਾਂਅ ਦਿੱਤਾ ਗਿਆ ਹੈ। ਉਨਾਂ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ‘ਮਾਫ਼ੀਏ’ ਦਾ ਜਨਮ ਦਾਤਾ ਸੰਬੋਧਨ ਕਰਦਿਆਂ ਕਿਹਾ ਕਿ ਇਨਾਂ ਨੇ ਵੱਖ ਵੱਖ ਤਰਾਂ ਦੇ ਮਾਫੀਏ ਹੋਂਦ ’ਚ ਲਿਆਂਦੇ, ਜਿਸ ਦੇ ਤਹਿਤ ਵੱਖ ਵੱਖ ਨਾਵਾਂ ਹੇਠ ਅਨੇਕਾਂ ਕੰਪਨੀਆਂ ਬਣਾ ਕੇ ਆਪਣੀਆਂ ਬੱਸਾਂ ਚਲਾਈਆਂ ਤੇ ਪਿਛਲੇ ਪੰਦਰਾਂ ਸਾਲਾਂ ’ਚ ਲੱਗਭਗ 27 ਸੌ ਕਰੋੜ Wਪਇਆ ਸਰਕਾਰੀ ਬੱਸਾਂ ਦਾ ਹੜੱਪਿਆ ਜੋ ਸਾਰੇ ਦਾ ਸਾਰਾ ਇਸ ‘ਜੀਜੇੑਸਾਲੇ’ ਦੀ ਜੋੜੀ ਦੀ ਜੇਬ ਵਿੱਚ ਹੀ ਗਿਆ। ਜਦਕਿ ਪੰਦਰਾਂ ਸਾਲ ਪਹਿਲਾਂ ਮਾਫ਼ੀਏ ਨਾਂਅ ਦਾ ਕੋਈ ਸ਼ਬਦ ਹੀ ਨਹੀ ਸੁਣਿਆੇਲਿਆ ਜਾਂਦਾ ਸੀ। ਜਿਸ ਨੂੰ ਹੁਣ ਉਨਾਂ ਵੱਲੋਂ ਨੱਥ ਪਾਈ ਜਾ ਰਹੀ ਹੈ।
ਉਨਾਂ ਦੱਸਿਆ ਕਿ ਉਨਾਂ ਦੇ ਮੰਤਰੀ ਬਣਨ ਤੋਂ ਬਾਅਦ ਪੀਆਰਟੀਸੀ ਤੇ ਪਨਬੱਸ ਨੂੰ ਤਕਰੀਬਨ 54 ਲੱਖ Wਪਏ ਦਾ ਮੁਨਾਫਾ ਰੋਜਾਨਾ ਦਾ ਵਧਿਆ ਹੈ ਜੋ ਅੱਗੇ ਹੋਰ ਵੀ ਵਧੇਗਾ। ਉਨਾਂ ਦੱਸਿਆ ਕਿ ਜਲਦ ਹੀ ਸਰਕਾਰ ਕੰਟਰੈਕਟ ਜਾਂ ਮਹਿਕਮੇ ਦੇ ਵਿੱਚ ਪੱਕੇ ਤੌਰ ’ਤੇ ਅੱਠ ਨੌ ਸੌ ਬੰਦਿਆਂ ਦੀ ਭਰਤੀ ਵੀ ਕਰ ਰਹੀ ਹੈ ਜੋ ਆਊਟਸੋਰਸ ’ਤੇ ਨਹੀ ਹੋਣਗੇ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ’ਚ ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਜ਼ਵੀਜ ਕਰ ਰਹੇ ਹਾਂ। ਜਿਸ ’ਚ ਸਮੂਹ ਮਹਿਕਮਿਆਂ ਤੇ ਕਾਮਿਆਂ ਨੂੰ ਸਾਮਲ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਫ਼ਿਲਹਾਲ ਇਨਾਂ ਮੁਲਾਜ਼ਮਾਂ ਦੀ ਤਨਖ਼ਾਹ ’ਚ 30 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਗਿਆ ਜੋ ਇਸੇ ਮਹੀਨੇ ਤੋਂ ਤਨਖਾਹ ’ਚ ਜੁੜ ਕੇ ਆਵੇਗਾ। ਇਸ ਦੇ ਨਾਲ ਹੀ ਹਰ ਸਾਲ 5 ਪ੍ਰਤੀਸ਼ਤ ਵਾਧੇ ਵੀ ਦਿੱਤਾ ਜਾਇਆ ਕਰੇਗਾ। ਉਨਾਂ ਦਾਅਵਾ ਕੀਤਾ ਕਿ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਫੈਸਲਾ ਵੀ ਕੁੱਝ ਕੁ ਦਿਨਾਂ ’ਚ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ