ਚੀਨ ਨੂੰ ਸਬਕ ਸਿਖਾਉਣ ਦੇ ਨਾਲ ਚੀਨ ਤੋਂ ਸਬਕ ਸਿੱਖਣ ਦੀ ਵੀ ਲੋੜ

ਚੀਨ ਨੂੰ ਸਬਕ ਸਿਖਾਉਣ ਦੇ ਨਾਲ ਚੀਨ ਤੋਂ ਸਬਕ ਸਿੱਖਣ ਦੀ ਵੀ ਲੋੜ

ਦੁਨੀਆਂ ਦੇ ਕੁਝ ਦੇਸ਼ਾਂ ਦੀ ਆਰਥਿਕਤਾ ਖੇਤੀਬਾੜੀ ਆਧਾਰਿਤ, ਕੁਝ ਦੀ ਉਦਯੋਗ ਆਧਾਰਿਤ ਤੇ ਕੁਝ ਕੁ ਦੇਸ਼ਾਂ ਦੀ ਆਰਥਿਕਤਾ ਸੂਚਨਾ ਅਤੇ ਤਕਨੀਕ ਆਧਾਰਿਤ ਹੈ। ਇਸ ਵੇਲੇ ਉਹ ਦੇਸ਼ ਮੂਹਰਲੀ ਕਤਾਰ ਵਿਚ ਹਨ ਜੋ ਸੂਚਨਾ ਅਤੇ ਤਕਨੀਕ ਤੋਂ ਪੈਸਾ ਕਮਾ ਰਹੇ ਹਨ। ਜਿੱਥੇ ਦੁਨੀਆਂ ਭਰ ਵਿਚ ਤਕਨਾਲੋਜੀ ਦੀ ਕ੍ਰਾਂਤੀ ਆਈ ਹੈ, ਉਥੇ ਭਾਰਤ ਵੀ ਡਿਜ਼ੀਟਲਾਈਜੇਸ਼ਨ ਵੱਲ ਵਧ ਰਿਹਾ ਹੈ।

ਭਾਵੇਂ ਅਨਪੜ੍ਹਤਾ, ਗਰੀਬੀ ਆਦਿ ਕਾਰਨ ਡਿਜ਼ੀਟਲ ਵੰਡ ਵਿੱਚ ਹਾਲੇ ਸਾਡਾ ਦੇਸ਼ ਕਾਫੀ ਪਿੱਛੇ ਹੈ ਪਰ ਫਿਰ ਵੀ ਅਬਾਦੀ ਜ਼ਿਆਦਾ ਹੋਣ ਕਾਰਨ ਡਿਜ਼ੀਟਲ ਮਾਰਕੀਟਿੰਗ ਲਈ ਵੱਡਾ ਬਜ਼ਾਰ ਪ੍ਰਦਾਨ ਕਰ ਰਿਹਾ ਹੈ। ਪਰ ਭਾਰਤ ਦੀ ਇਸ ਡਿਜ਼ੀਟਲ ਕ੍ਰਾਂਤੀ ਦਾ ਫਾਇਦਾ ਹੋਰ ਦੇਸ਼ ਉਠਾ ਰਹੇ ਹਨ। ਕਿਸੇ ਵੀ ਦੇਸ਼ ਵਿੱਚ ਬਣੀਆਂ ਮੋਬਾਈਲ ਐਪਲੀਕੇਸ਼ਨਾਂ ਤੇ ਗੇਮਾਂ ਨੂੰ ਡਾਊਨਲੋਡ ਕਰ-ਕਰ ਕੇ ਅਸੀਂ ਬੜੀ ਛੇਤੀ ਮਸ਼ਹੂਰ ਕਰ ਦਿੰਦੇ ਹਾਂ।

ਚੀਨ ਦੀ ਹੀ ਗੱਲ ਲੈ ਲਓ ਟਿਕਟਾਕ, ਯੂ ਸੀ ਵੈਬ, ਵੀ ਚੈਟ ਆਦਿ ਕਿੰਨੀਆਂ ਹੀ ਐਪਲੀਕੇਸ਼ਨ ਅਸੀਂ ਧੜਾਧੜ ਵਰਤ ਰਹੇ ਹਾਂ। ਕੀ ਤੁਹਾਨੂੰ ਪਤਾ ਹੈ ਇਨ੍ਹਾਂ ਐਪਲੀਕੇਸ਼ਨਾਂ ਤੋਂ ਚੀਨ ਕਰੋੜਾਂ ਨਹੀਂ ਅਰਬਾਂ ਕਮਾ ਰਿਹਾ ਹੈ। ਇਸੇ ਹੀ ਤਰ੍ਹਾਂ ਅਮਰੀਕਾ ਦੀਆਂ ਫੇਸਬੁੱਕ, ਵੱਟਸਐਪ, ਟਵੀਟਰ ਵਰਗੀਆਂ ਐਪਸ ਵੀ ਇਸੇ ਤਰ੍ਹਾਂ ਧੂਮ ਮਚਾ ਰਹੀਆਂ ਹਨ।

ਕੀ ਅਸੀਂ ਇਨ੍ਹਾਂ ਦੇਸ਼ਾਂ ਦੀ ਰੀਸ ਨਹੀਂ ਕਰ ਸਕਦੇ? ਕੀ ਅਸੀਂ ਭਾਰਤੀਆਂ ਲਈ ਸਵਦੇਸ਼ੀ ਐਪਸ ਨਹੀਂ ਬਣਾ ਸਕਦੇ? ਜੇਕਰ ਸਰਕਾਰਾਂ ਅਤੇ ਵਿਰੋਧੀ ਪਾਰਟੀ ਬਿਆਨਬਾਜ਼ੀ, ਧਾਰਮਿਕ, ਜਾਤੀਗਤ ਮਸਲਿਆਂ ਤੋਂ ਧਿਆਨ ਲਾਂਭੇ ਕਰਕੇ ਇਸ ਬਾਰੇ ਸੋਚਣ ਤੇ ਤਕਨੀਕੀ ਸਿੱਖਿਆ ‘ਤੇ ਜ਼ੋਰ ਦੇਣ ਤਾਂ ਅਸੀਂ ਵੀ ਸੂਚਨਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵਧ ਸਕਦੇ ਹਾਂ।

ਚੀਨ ਨਾਲ ਪੈਦਾ ਹੋਏ ਤਣਾਅ ਕਾਰਨ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਗੱਲ ਅੱਜ-ਕੱਲ੍ਹ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ। ਸਾਡੇ ਕੁਝ ਤੱਤੇ ਸੁਭਾਅ ਦੇ ਭਾਰਤੀ ਤਾਂ ਚੀਨੀ ਵਸਤੂਆਂ ਨੂੰ ਤੋੜਨ-ਭੰਨ੍ਹਣ ‘ਤੇ ਉਤਾਰੂ ਹੋ ਗਏ ਹਨ । ਪਰ ਇਸ ਤਰ੍ਹਾਂ ਚੀਨੀ ਸਾਮਾਨ ਦਾ ਬਾਈਕਾਟ ਕਰਨ ਨਾਲ ਤਾਂ ਉਨ੍ਹਾਂ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ ਜੋ ਉਸ ਸਾਮਾਨ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਖਰੀਦ ਚੁੱਕੇ ਹਨ। ਇਹ ਕੰਮ ਸਰਕਾਰਾਂ ਦੇ ਹਨ ਕਿ ਉਹ ਚੀਨ ਨਾਲ ਵਪਾਰਕ ਸਾਂਝ ਤੋੜਨ।

ਪਰ ਜੇਕਰ ਦੇਖੀਏ ਤਾਂ ਉਹ ਕਿਹੜਾ ਸਾਮਾਨ ਹੈ ਜੋ ਚੀਨ ਤੋਂ ਨਹੀਂ ਆਉਂਦਾ ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਵੱਡੇ-ਵੱਡੇ ਔਜ਼ਾਰਾਂ ਤੱਕ ਸਾਰਾ ਸਾਮਾਨ ਚੀਨ ਵਿੱਚ ਬਣਦਾ ਹੈ ਤੇ ਉਸ ਦੀ ਕੀਮਤ ਵੀ ਇੰਨੀ ਘੱਟ ਹੁੰਦੀ ਹੈ ਸਾਡੇ ਦੇਸ਼ ਦੀ ਬਹੁਤੀ ਜਨਸੰਖਿਆ ਉਸ ਨੂੰ ਖਰੀਦ ਕੇ ਖੁਸ਼ ਹੈ। ਇੱਥੇ ਇਹ ਗੱਲ ਵੀ ਲਾਗੂ ਹੁੰਦੀ ਹੈ ਕਿ ਸਰਕਾਰ ਨੂੰ ਉਸ ਸਾਮਾਨ ਦੀ ਪੂਰਤੀ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਕਿਉਂ ਨਾ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜਾਂ ਭਾਰਤ ਵਿੱਚ ਬਣਨ ਜਿਸ ਨਾਲ ਕਾਫੀ ਹੱਦ ਤੱਕ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ। ਚੀਨੀ ਸਾਮਾਨ ਦੇ ਬਾਈਕਾਟ ਅੰਤਰਗਤ ਭਾਰਤ ਸਰਕਾਰ ਇਕੱਲਾ 59 ਚੀਨੀ ਐਪਲੀਕੇਸ਼ਨਾਂ ਨੂੰ ਬੰਦ ਕਰ ਕੇ ਹੀ ਚੀਨ ਨੂੰ ਸਬਕ ਸਿੱਖਾ ਕੇ ਹੀ ਸੰਤੁਸ਼ਟ ਨਾ ਹੋਵੇ ਸਗੋਂ ਚੀਨ ਤੋਂ ਸਬਕ ਲੈ ਕੇ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਭਾਰਤ ਤੋਂ ਚਲਾਵੇ ਤਾਂ ਜੋ ਚੀਨ ਦੀ ਤਰ੍ਹਾਂ ਇਨ੍ਹਾਂ ਦੀ ਕਮਾਈ ਨਾਲ ਸਾਡੇ ਦੇਸ਼ ਦਾ ਅਰਥਚਾਰਾ ਵੀ ਮਜਬੂਤ ਹੋ ਸਕੇ।

ਭਾਰਤ ਵਿੱਚ ਨਾ ਤਾਂ ਲੋਕ ਹੀ ਵੋਟ ਪਾਉਣ ਸਮੇਂ ਇਸ ਤਰ੍ਹਾਂ ਦੀ ਮੰਗ ਕਰਦੇ ਹਨ ਅਤੇ ਨਾ ਹੀ ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਇਹੋ-ਜਿਹੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲਿਜਾਣ ਵਾਲੇ ਮੁੱਦਿਆਂ ਬਾਰੇ ਜ਼ਿਆਦਾ ਦਿਲਚਸਪੀ ਦਿਖਾਉਂਦਿਆਂ ਹਨ। ਕਿਉਂਕਿ ਉਨ੍ਹਾਂ ਕੋਲ ਵੋਟਾਂ ਲੈਣ ਲਈ ਹੋਰ ਧਾਰਮਿਕ ਅਤੇ ਜਾਤੀਗਤ ਮੁੱਦੇ ਮੌਜੂਦ ਹਨ ਉਨ੍ਹਾਂ ਨੂੰ ਪਤਾ ਹੈ ਕਿ ਲੋਕ ਇਨ੍ਹਾਂ ਮੁੱਦਿਆਂ ‘ਤੇ ਹੀ ਵੋਟ ਦੇਣਗੇ।

ਸਾਡੇ ਦੇਸ਼ ਵਿੱਚ ਸਿੱਖਿਆ ਲਈ ਰੱਖੇ ਜਾਂਦੇ ਸਾਲਾਨਾ ਬਜਟ ਤੋਂ ਜਿਆਦਾ ਰਾਜਨੀਤਕ ਪਾਰਟੀਆਂ ਚੋਣ ਰੈਲੀਆਂ ‘ਤੇ ਖਰਚ ਕਰ ਦਿੰਦੀਆਂ ਹਨ। ਉਸ ਰੱਖੇ ਗਏ ਬਜਟ ਵਿੱਚ ਵੀ ਅਨੇਕਾਂ ਘੁਟਾਲੇ ਸਾਹਮਣੇ ਆ ਜਾਂਦੇ ਹਨ। ਤਕਨੀਕੀ ਸਿੱਖਿਆ ਇੰਨੀ ਮਹਿੰਗੀ ਹੈ ਕਿ ਪਹਿਲਾਂ ਤਾਂ ਆਮ ਵਿਅਕਤੀ ਉਸ ਨੂੰ ਹਾਸਲ ਨਹੀਂ ਕਰ ਸਕਦਾ ਜੇਕਰ ਪੜ੍ਹ ਲਵੇ ਤਾਂ ਮਾਮੂਲੀ ਤਨਖਾਹ ‘ਤੇ ਨੌਕਰੀ ਮਿਲਦੀ ਹੈ।

ਸੋ ਹੁਣ ਲੋੜ ਹੈ ਭਾਰਤੀ ਵੋਟਰਾਂ ਨੂੰ ਜਾਗਣ ਦੀ ਕਿ ਅੱਗੇ ਤੋਂ ਉਸ ਪਾਰਟੀ ਨੂੰ ਵੋਟ ਦੇਣ ਜੋ ਦੇਸ਼ ਨੂੰ ਸੂਚਨਾ ਤਕਨਾਲੋਜੀ ਤਰੱਕੀ, ਭ੍ਰਿਸ਼ਟਾਚਾਰ ਮੁਕਤੀ, ਸਿੱਖਿਆ ਬਜਟ ਵਿੱਚ ਵਾਧਾ ਕਰਨ ਦਾ ਵਾਅਦਾ ਕਰੇ ਨਾ ਕਿ ਮੰਦਰ, ਮਸਜਿਦ, ਹਿੰਦੂ, ਸਿੱਖ, ਮੁਸਲਮਾਨ, ਜਾਤੀ ਆਦਿ ਮੁੱਦਿਆਂ ਵਿੱਚ ਉਲਝਾਈ ਜਾਵੇ ਤੇ ਉਨ੍ਹਾਂ ਵਾਅਦਿਆਂ ਨੂੰ ਅਮਲੀ ਰੂਪ ਦਿਵਾਉਣ ਦੀ ਜਿੰਮੇਵਾਰੀ ਵੀ ਸਾਡੀ ਸਭ ਦੀ ਬਣਦੀ ਹੈ। ਚੀਨ ਨੂੰ ਸਬਕ ਸਿਖਾਉਣ ਲਈ ਕੇਵਲ ਬੇਤੁਕੀਆਂ ਗੱਲਾਂ ਕਰਨ ਨਾਲ ਕੁੱਝ ਨਹੀਂ ਹੋਣਾ । ਚੀਨ ‘ਤੇ ਨਿਰਭਰਤਾ ਘਟਾਉਣ ਲਈ ਸਾਡੇ ਦੇਸ਼ ਨੂੰ ਆਤਮ-ਨਿਰਭਰ ਬਣਨਾ ਚਾਹੀਦਾ ਹੈ। ਖਾਸ ਤੌਰ ‘ਤੇ ਤਕਨੀਕੀ ਸਿੱਖਿਆ ਤੇ ਤਕਨੀਕੀ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਮੋ. 98768-88177
ਚਾਨਣ ਦੀਪ ਸਿੰਘ ਔਲਖ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here