ਖਜ਼ਾਨੇ ‘ਤੇ ਬੇਵਜਾ ਬੋਝ ਨਾ ਪਾਉਣ ਦਾ ਦਿੱਤਾ ਨਿਰਦੇਸ਼
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਮੁਖੀ ਇਮਰਾਨ ਖਾਨ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਨੂੰ ਸਾਦਗੀ ਨਾਲ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਨਿਊਜ਼ ਚੈੱਨਲ ‘ਦੁਨੀਆ ਨਿਊਜ਼’ ਅਨੁਸਾਰ ਪਾਕਿਸਤਾਨ ਦੇ ਭਾਵੀ ਪ੍ਰਧਾਨ ਮੰਤਰੀ ਖਾਨ ਨੇ ਸਹੁੰ ਚੁੱਕ ਸਮਾਗਮ ਬਿਲਕੁਲ ਸਾਦਗੀ ਨਾਲ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਸਮਾਰੋਹ 18 ਅਗਸਤ ਨੂੰ ਏਵਾਨ-ਏ-ਸਰਦ (ਪ੍ਰੈਜ਼ੀਡੈਂਟ ਹਾਊਸ) ‘ਚ ਹੋਵੇਗਾ, ਜਿੱਥੇ ਮਹਿਮਾਨਾਂ ਨੂੰ ਸਿਰਫ਼ ਚਾਹ ਤੇ ਬਿਸਕੁੱਟ ਪਰੋਸੇ ਜਾਣਗੇ।
ਪੀਟੀਆਈ ਮੁਖੀ ਨੇ ਇਸ ਸਮਾਰੋਹ ‘ਚ ਖਜ਼ਾਨੇ ‘ਤੇ ਬੇਵਜ੍ਹਾ ਬੋਝ ਨਾ ਪਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ‘ਚ ਕਿਸੇ ਤਰ੍ਹਾਂ ਦੀ ਫਜ਼ੂਲਖਰਚੀ ਜਾਂ ਦਿਖਾਵਾ ਨਹੀਂ ਕੀਤਾ ਜਾਵੇਗਾ। ਇਸ ‘ਚ ਇਮਰਾਨ ਖਾਨ ਦੇ ਕੁਝ ਕਰੀਬੀ ਮਿੱਤਰ ਹੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ 25 ਜੁਲਾਈ ਨੂੰ ਹੋਈਆਂ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ‘ਚ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਬਣ ਕੇ ਉੱਭਰੀ ਹੈ। (Imran Khan)