Punjab Cabinet Meeting: ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲਿਆਂ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੀ ਕੈਬਨਿਟ ’ਚ ਵੱਡਾ ਫ਼ੈਸਲਾ ਲੈਂਦੇ ਹੋਏ ’ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਕਰੀਬ 50 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਲਈ 100 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਗਿਆ ਹੈ। ਇਨ੍ਹਾਂ ਯਾਤਰੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਅਪ੍ਰੈਲ ਦੇ ਆਖ਼ਰੀ ਹਫ਼ਤੇ ਸ਼ੁਰੂ ਹੋਇਆ ਕਰੇਗਾ ਅਤੇ ਮਈ ’ਚ ਯਾਤਰਾ ਦਾ ਆਰੰਭ ਹੋਵੇਗਾ। ਸਾਰੀ ਯਾਤਰਾ ਏਅਰ ਕੰਡੀਸ਼ਨਰ ਹੋਵੇਗੀ, ਆਰਾਮਦਾਇਕ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇਗਾ।
Read Also : Colonel Bath Case: ਕਰਨਲ ਬਾਠ ਕੁੱਟਮਾਰ ਮਾਮਲੇ ’ਚ ਹਾਈਕੋਰਟ ਦਾ ਫ਼ੈਸਲਾ, ਹੁਣ ਇਸ ਤਰ੍ਹਾਂ ਹੋਵੇਗੀ ਜਾਂਚ
ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ, ਜਿਸ ਕਾਰਨ ਤੀਰਥ ਯਾਤਰਾ ’ਤੇ ਜਾਣਾ ਆਪਣਾ ਸੌਭਾਗ ਸਮਝਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਜਾਂ ਹੋਰ ਧਾਰਮਿਕ ਸਥਾਨਾਂ ’ਤੇ ਜਾਣਾ ਚਾਹੁੰਦੇ ਹਨ ਤਾਂ ਉਹ ਜਾ ਸਕਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਕੈਬਨਿਟ ਮੀਟਿੰਗ ’ਚ 118 ਸਕੂਲ ਆਫ ਐਮੀਨੈਂਸਾਂ ’ਚੋਂ 80 ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ’ਸਕੂਲ ਮੈਂਟਿਓਰਸ਼ਿਪ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ ਹੈ। ਸਾਰੇ ਆਈ. ਐੱਸ., ਆਈ. ਪੀ. ਐੱਸ. ਅਤੇ ਸਿਵਲ ਸੇਵਾਵਾਂ ਨਾਲ ਸਬੰਧਿਤ ਅਧਿਕਾਰੀ ਇਕ-ਇਕ ਸਕੂਲ ਗੋਦ ਲੈਣਗੇ। ਇਹ ਅਧਿਕਾਰੀ ਆਉਣ ਵਾਲੇ ਸਮੇਂ ’ਚ ਬੱਚਿਆਂ ਨਾਲ ਭਾਵਨਾਤਮਕ ਸਾਂਝ ਪੈਦਾ ਕਰਨਗੇ। ਇਸ ਨਾਲ ਬੱਚਿਆਂ ਅੰਦਰ ਸਿਵਲ ਸੇਵਾਵਾਂ ’ਚ ਜਾਣ ਦੀ ਇੱਛਾ ਪੈਦਾ ਹੋਵੇਗੀ। ਇਹ ਅਧਿਕਾਰੀ ਘੱਟੋ-ਘੱਟ 5 ਸਾਲ ਲਈ ਸਕੂਲ ਗੋਦ ਲੈ ਕੇ ਰੱਖੇਗਾ।
ਮਾਈਨਿੰਗ ਨੀਤੀ ’ਤੇ ਵੱਡਾ ਫ਼ੈਸਲਾ | Punjab Cabinet Meeting
ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ’ਚ ਇਕ ਹੋਰ ਵੱਡਾ ਫ਼ੈਸਲਾ ਲੈਂਦੇ ਹੋਏ ਨਵੀਂ ਮਾਈਨਿੰਗ ਐਂਡ ਕਰੱਸ਼ਰ ਪਾਲਿਸੀ ਅੰਦਰ ਸੋਧਾਂ ਕੀਤੀਆਂ ਗਈਆਂ ਹਨ। ਇਨ੍ਹਾਂ ਸੋਧਾਂ ਦੇ ਮੁਤਾਬਕ ਜਿੱਥੇ ਪੰਜਾਬ ’ਚ ਗੈਰ-ਕਾਨੂੰਨੀ ਮਾਈਨਿੰਗ ਰੁਕੇਗੀ ਅਤੇ ਉੱਥੇ ਹੀ ਪੰਜਾਬ ਦੇ ਰੈਵੇਨਿਊ ’ਚ ਵਾਧਾ ਹੋਵੇਗਾ।