ਭਾਰਤ ਬੰਦ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਦਰਸਾਈ ਅਹਿਮੀਅਤ : ਅਮਰਿੰਦਰ ਸਿੰਘ
ਚੰਡੀਗੜ, (ਅਸ਼ਵਨੀ ਚਾਵਲਾ)। ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਸਬੰਧਤ ਧਿਰਾਂ ਨਾਲ ਵਿਚਾਰੇ ਬਗੈਰ ਲਿਆਉਣ ਦੀ ਗੱਲ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਬੰਦ ਰਾਹੀਂ ਕਿਸਾਨਾਂ ਦੇ ਏਕੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਾਅਦ ਵਿੱਚ ਖੇਤੀਬਾੜੀ ਸੁਧਾਰਾਂ ‘ਤੇ ਵਿਸਥਾਰ ਵਿੱਚ ਚਰਚਾ ਕਰਨ ਦੀ ਅਹਿਮੀਅਤ ਨੂੰ ਦਰਸਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਮੁਲਕ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਅਤੇ ਇਨਾਂ ਕਾਨੂੰਨਾਂ ਨੂੰ ਰੱਦ ਕਰ ਕੇ ਸਬੰਧਤ ਧਿਰਾਂ ਨਾਲ ਨਵੇਂ ਸਿਰਿਓ ਗੱਲਬਾਤ ਕਰਨ ਦੀਆਂ ਕਿਸਾਨੀ ਮੰਗਾਂ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ। ਉਨਾਂ ਕਿਹਾ, ”ਜੇ ਮੈਂ ਉਨਾਂ ਦੀ ਜਗਾਂ ਹੁੰਦਾ ਤਾਂ ਮੈਂ
ਆਪਣੀ ਗਲਤੀ ਮੰਨਣ ਅਤੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਇਕ ਮਿੰਟ ਵੀ ਨਾ ਲਾਉਂਦਾ।” ਇਹ ਦੱਸਦਿਆਂ ਕਿ ਸਾਰਾ ਦੇਸ਼ ਕਿਸਾਨੀ ਦੇ ਦਰਦ ਅਤੇ ਉਨਾਂ ਦੀ ਹੋਂਦ ਵਾਸਤੇ ਲੜੇ ਜਾ ਰਹੇ ਸੰਘਰਸ਼ ਦੇ ਨਾਲ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਨੂੰ ਆੜਤੀਆ ਤੇ ਮੰਡੀ ਸਿਸਟਮ ਨੂੰ ਖਾਰਜ ਕਰਨ ਦੀ ਬਜਾਏ ਮੌਜੂਦਾ ਪ੍ਰਣਾਲੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਉਨਾਂ ਕਿਹਾ, ”ਉਹ ਇਸ ਨੂੰ ਖਤਮ ਕਿਉਂ ਕਰ ਰਹੇ ਹਨ?
ਉਨਾਂ ਨੂੰ ਇਹ ਕਿਸਾਨਾਂ ਉਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਕੀ ਚਾਹੁੰਦੇ ਹਨ।” ਉਨਾਂ ਕਿਹਾ ਕਿ ਕੋਈ ਵੀ ਪ੍ਰਾਈਵੇਟ ਖਰੀਦਦਾਰ ਨੂੰ ਖਰੀਦ ਤੋਂ ਨਹੀਂ ਰੋਕਦਾ ਪਰ ਇਹ ਪੂਰੀ ਤਰਾਂ ਸਥਾਪਿਤ ਪ੍ਰਣਾਲੀ ਦੀ ਕੀਮਤ ‘ਤੇ ਆਗਿਆ ਨਹੀਂ ਦੇਣੀ ਚਾਹੀਦੀ ਜਿਸ ਸਿਸਟਮ ਨੇ ਕਿਸਾਨਾਂ ਨੂੰ ਦਹਾਕਿਆਂ ਤੋਂ ਫਾਇਦਾ ਪਹੁੰਚਾਇਆ ਹੈ। ਉਹਨਾਂ ਅਮਿਤ ਸ਼ਾਹ ਨੂੰ ਅਪੀਲ ਕੀਤੀ ਸੀ ਕਿਸ ਗਰੀਬ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ ਇਹੋ ਭਾਰਤ ਦੀ ਸੁਰੱਖਿਆ ਦੇ ਹਿੱਤ ‘ਚ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.