ਸ਼ਕਤੀ ਸਿੰਘ ਤੇ ਨਿਸ਼ਾਨ ਸਿੰਘ ਦੇ ਹੋਏ ਸਨ ਅਨੰਦ ਕਾਰਜ
ਡੱਗੋਰੋਮਾਣਾ, ਕੋਟਕਪੂਰਾ (ਸੱਚ ਕਹੂੰ ਨਿਊਜ਼) ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਵਿਸ਼ਵਾਸ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ ਸਾਡਾ ਤਾਂ ਹਰ ਸੁਖ-ਦੁੱਖ ਦਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਨਾਲ ਹੀ ਸੰਪੂਰਨ ਹੁੰਦਾ ਸੀ ਜਨਮ ਤੋਂ ਲੈ ਕੇ ਵਿਆਹ ਅਤੇ ਮੌਤ ਤੱਕ ਕਿਸੇ ਵੀ ਮੌਕੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਸਨ’’
ਇਹ ਕਹਿਣਾ ਹੈ ਡੇਰਾ ਸੱਚਾ ਸੌਦਾ ਦੇ ਉਨ੍ਹਾਂ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਦਾ, ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਬਰਗਾੜੀ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ’ਚ ਮੁਲਜ਼ਮ ਬਣਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਹੜੇ ਬੱਚੇ ਗੁਰੂ ਘਰਾਂ ’ਚ ਵੱਡੇ ਹੋਏ, ਉਹ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਸਾਡੇ ਤਾਂ ਸਾਰੇ ਜੀਅ ਪਵਿੱਤਰ ਗੁਰਦੁਆਰਿਆਂ ’ਚ ਸ਼ਰਧਾ ਨਾਲ ਜਾਂਦੇ ਹਨ।
ਬੇਅਦਬੀ ਮਾਮਲਿਆਂ ’ਚ ਮੁਲਜ਼ਮ ਬਣਾਏ ਗਏ ਸ਼ਕਤੀ ਸਿੰਘ ਨਿਵਾਸੀ ਪਿੰਡ ਡੱਗੋਰੋਮਾਣਾ ਜਿਲ੍ਹਾ ਫਰੀਦਕੋਟ ਦਾ ਵਿਆਹ ਸੰਨ 2006 ਚੱਕ ਮੋਦਲੇ ਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਹੋਇਆ ਵਿਆਹ ਮੌਕੇ ਆਨੰਦ ਕਾਰਜ ਉਸੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੰਪੂਰਨ ਹੋਏ ਸ਼ਕਤੀ ਦਾ ਜਦੋਂ ਜਨਮ ਹੋਇਆ ਤਾਂ ਉਦੋਂ ਵੀ ਘਰ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਸ਼ਕਤੀ ਦੇ ਵੱਡੇ ਭਰਾ ਰਵਿੰਦਰ ਸਿੰਘ ਦਾ ਵਿਆਹ ਪਿੰਡ ਚੂਹੜ ਚੱਕ ਜਿਲ੍ਹਾ ਮੋਗਾ ਵਿਖੇ ਹੋਇਆ।
ਰਵਿੰਦਰ ਦੇ ਆਨੰਦ ਕਾਰਜ ਵੀ ਚੂਹੜਚੱਕ ਦੇ ਗੁਰਦੁਆਰਾ ਸਾਹਿਬ ’ਚ ਸੰਪੂਰਨ ਹੋਏ ਇੰਨਾ ਹੀ ਨਹੀਂ ਸੰਨ 2014 ’ਚ ਸ਼ਕਤੀ ਸਿੰਘ ਦੇ ਦਾਦੇ ਅਜੀਤ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਪਾਠ ਦਾ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਗਈ ਸੰਨ 2011 ’ਚ ਸ਼ਕਤੀ ਦੀ ਦਾਦੀ ਪੰਜਾਬ ਕੌਰ ਦੇ ਚਲਾਣਾ ਕਰ ਜਾਣ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਸ਼ਕਤੀ ਦੇ ਭਰਾ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਜੋ ਵੀ ਸੇਵਾ ਉਨ੍ਹਾਂ ਦੇ ਹਿੱਸੇ ਆਉਂਦੀ ਹੈ ਉਹ ਪੂਰੀ ਸ਼ਰਧਾ ਨਾਲ ਕਰਦਾ ਹੈ ਗੁਰਦੁਆਰਾ ਸਾਹਿਬ ਦੀਆਂ ਦੋ ਕਮੇਟੀਆਂ ਵੱਲੋਂ ਹਾੜ੍ਹੀ-ਸਾਉਣੀ ਜੋ ਸਹਿਯੋਗ ਮੰਗਿਆ ਜਾਂਦਾ ਹੈ ਉਨ੍ਹਾਂ ਦਾ ਪਰਿਵਾਰ ਦਿੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਦੀ ਇਹੀ ਮਿਸਾਲ ਨਿਸ਼ਾਨ ਸਿੰਘ ਦੇ ਪਰਿਵਾਰ ਤੋਂ ਮਿਲਦੀ ਹੈ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਦਾ ਵਿਆਹ ਸੰਨ 1997 ’ਚ ਪਿੰਡ ਨਵਾ ਕਿਲ੍ਹਾ, ਜਿਲ੍ਹਾ ਫ਼ਰੀਦਕੋਟ ’ਚ ਹੋਇਆ ਨਿਸ਼ਾਨ ਸਿੰਘ ਦੇ ਵਿਆਹ ਦੀ ਰਸਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਆਨੰਦ ਕਾਰਜਾਂ ਨਾਲ ਹੋਈ।
ਕੋਟਕਪੂਰਾ ’ਚ ਜਦੋਂ ਨਿਸ਼ਾਨ ਸਿੰਘ ਦੇ ਪਿਤਾ ਨੇ ਨਵੇਂ ਮਕਾਨ ਦੀ ਉਸਾਰੀ ਕਰਵਾਈ ਤਾਂ ਮਕਾਨ ਬਣਾਉਣ ਦੀ ਖੁਸ਼ੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰਖਵਾਇਆ ਗਿਆ ਨਿਸ਼ਾਨ ਸਿੰਘ ਦੇ ਦਾਦਾ ਗੁਰਮੇਲ ਸਿੰਘ ਦਾ ਦੇਹਾਂਤ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਅਖੰਡ ਪਾਠ ਰਖਵਾ ਕੇ ਅੰਤਿਮ ਅਰਦਾਸ ਕਰਵਾਈ ਪਰਿਵਾਰ ਨੇ ਇਹ ਵੀ ਦੱਸਿਆ ਕਿ ਨਿਸ਼ਾਨ ਸਿੰਘ ਦੇ ਬੇਟੇ ਅੰਮ੍ਰਿਤ ਸਿੰਘ ਦੇ ਆਨੰਦ ਕਾਰਜ ਵੀ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਪਿੰਡ ਸੰਧਵਾਂ ’ਚ ਹੋਏ।
ਹਰਿਮੰਦਰ ਸਾਹਿਬ ਨਤਮਸਤਕ ਹੋਣਾ ਕਦੇ ਨਹੀਂ ਭੁੱਲਦਾ ਸੀ ਸੁਖਜਿੰਦਰ ਸਿੰਘ ਸਨੀ
ਸਿੱਖਾਂਵਾਲਾ/ਕੋਟਕਪੂਰਾ (ਸੱਚ ਕਹੂੰ ਨਿਊਜ਼) ਸੁਖਜਿੰਦਰ ਸਿੰਘ ਸਨੀ ਤਾਂ ਬਚਪਨ ਤੋਂ ਸਿੱਖ ਧਰਮ ’ਚ ਸ਼ਰਧਾ ਰੱਖਦਾ ਹੈ ਤੇ ਅਜਿਹਾ ਕੋਈ ਸਾਲ ਨਹੀਂ ਲੰਘਿਆ ਹੋਣਾ ਜਦੋਂ ਉਹ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ’ਚ ਨਤਮਸਤਕ ਨਾ ਹੋਇਆ ਹੋਵੇ ਇਹ ਕਹਿਣਾ ਹੈ ਕੋਟਕਪੂਰਾ ਵਾਸੀ ਸੁਖਜਿੰਦਰ ਸਿੰਘ ਸਨੀ ਦੇ ਪਰਿਵਾਰਕ ਮੈਂਬਰਾਂ ਦਾ ਪਰਿਵਾਰ ਨੇ ਬੇਅਦਬੀ ਮਾਮਲੇ ’ਚ ਪੁਲਿਸ ਵੱਲੋਂ ਸਨੀ ਨੂੰ ਨਾਮਜ਼ਦ ਕਰਨ ’ਤੇ ਸਖਤ ਇਤਰਾਜ਼ ਕਰਦਿਆਂ ਇਸ ਨੂੰ ਸਿਆਸੀ ਚਾਲ ਤੇ ਧੱਕੇਸ਼ਾਹੀ ਕਰਾਰ ਦਿੱਤਾ।
ਸਨੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਕਿਸੇ ਨਾ ਕਿਸੇ ਵਿਅਕਤੀ ਦਾ ਸੰਗ ਕਰਕੇ ਸ੍ਰੀ ਹਰਿਮੰਦਰ ਸਾਹਿਬ ਹਰ ਸਾਲ ਜਾਂਦਾ ਸੀ ਪਰਿਵਾਰ ਨੇ ਇਸ ਸਬੰਧੀ ਤਸਵੀਰ ਵਿਖਾਉਂਦਿਆਂ ਦੱਸਿਆ ਕਿ ਉਸ ਦੇ ਦਿਲ ਦੇ ਅੰਦਰ ਧਾਰਮਿਕ ਸਥਾਨਾਂ ਦੇ ਦਰਸ਼ਨ ਤੇ ਸੇਵਾ ਪ੍ਰਤੀ ਪੂਰੀ ਸ਼ਰਧਾ ਭਾਵਨਾ ਹੈ ਸੰਨ 2015 ’ਚ ਸਨੀ ਦਾ ਵਿਆਹ ਹੋਇਆ ਤਾਂ ਇਹ ਨਵੀਂ ਵਿਆਹੀ ਜੋੜੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਨੀ ਨੇ ਇਸ ਧਾਰਮਿਕ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਕਈ ਤਸਵੀਰਾਂ ਵੀ ਕਰਵਾਈਆਂ।
ਉਨ੍ਹਾਂ ਦੱਸਿਆ ਕਿ ਸਨੀ ਦੇ ਵਿਆਹ ਦੀ ਰਸਮ ਵੀ ਕੋਟਕਪੂਰਾ ਦੇ ਇੱਕ ਗੁਰਦੁਆਰਾ ਸਾਹਿਬ ’ਚ ਆਨੰਦ ਕਾਰਜਾਂ ਨਾਲ ਪੂਰੀ ਹੋਈ ਸਨੀ ਤੋਂ ਇਲਾਵਾ ਉਸ ਦੇ ਭਰਾ ਦੇ ਵੀ ਆਨੰਦ ਕਾਰਜ ਹੋਏ ਸਨੀ ਦੇ ਦਾਦਾ ਸੋਹਨ ਸਿੰਘ ਜਦੋਂ ਚਲਾਣਾ ਕਰ ਗਏ ਸਨ ਤਾਂ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਈ ਪਰਿਵਾਰ ਨੇ ਆਖਿਆ ਕਿ ਸਨੀ ਖਿਲਾਫ ਬੇਅਦਬੀ ਦੇ ਦੋਸ਼ ਕਿਸੇ ਸਾਜਿਸ਼ ਤਹਿਤ ਲਾਏ ਗਏ ਹਨ ਤੇ ਇਹ ਕੇਸ ਬੇਬੁਨਿਆਦ ਤੇ ਝੂਠੇ ਹਨ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਦੋਸ਼ ਸਾਬਿਤ ਹੋਣ ਤਾਂ ਉਹ ਸਿਰ ਦੇਣ ਲਈ ਵੀ ਤਿਆਰ ਹਨ।
ਉੱਧਰ ਬੇਅਦਬੀ ਦੇ ਮਾਮਲੇ ’ਚ ਗ੍ਰਿਫਤਾਰ ਬਲਜੀਤ ਸਿੰਘ ਵਾਸੀ ਪਿੰਡ ਸਿੱਖਾਂ ਵਾਲਾ, ਜਿਲ੍ਹਾ ਫਰੀਦਕੋਟ ਦੇ ਪਿਤਾ ਜੱਗਾ ਸਿੰਘ ਨੇ ਭਰੇ ਮਨ ਨਾਲ ਆਖਿਆ ਕਿ ਉਨ੍ਹਾਂ ਦੇ ਬੇਗੁਨਾਹ ਮੁੰਡੇ ਨੂੰ ਫਸਾਇਆ ਗਿਆ ਹੈ ਉਹਨਾਂ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਸ੍ਰੀ ਗੁਰਦੁਆਰਾ ਸਾਹਿਬ ਦਾ ਸੇਵਕ ਤੇ ਸਮਾਜ ਦੇ ਭਲੇ ਲਈ ਹਮੇਸ਼ਾ ਅੱਗੇ ਰਹਿੰਦਾ ਹੈ ਜੱਗਾ ਸਿੰਘ ਨੇ ਆਖਿਆ ਕਿ ਉਹ ਮਿਸਤਰੀ ਦਾ ਕੰਮ ਜਾਣਦਾ ਹੈ ਤੇ ਉਸ ਨੇ ਬਿਨਾ ਕਿਸੇ ਸਵਾਰਥ ਦੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਆਪਣੀ ਸਮਰੱਥਾ ਅਨੁਸਾਰ ਸੇਵਾ ਕੀਤੀ ਹੈ ਤੇ ਕਦੇ ਕੋਈ ਮਿਹਨਤਾਨਾ ਨਹੀਂ ਲਿਆ ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਤੇ ਉਸ ਦੇ ਭਰਾ ਮਨਜੀਤ ਸਿੰਘ ਦੋਵਾਂ ਦਾ ਵਿਆਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਇਆ ਜੱਗਾ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ (ਬਲਜੀਤ ਸਿੰਘ ਦਾ ਦਾਦਾ) ਗੁਜ਼ਰ ਜਾਣ ’ਤੇ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ।
ਸਿੱਖ ਧਰਮ ’ਚ ਸ਼ਰਧਾ ਰੱਖਦੇ ਹਨ ਸੁਖਜਿੰਦਰ ਸਿੰਘ ਤੇ ਬਲਜੀਤ ਸਿੰਘ ਦੇ ਪਰਿਵਾਰ
ਸੰਨ 2015 ’ਚ ਸਨੀ ਦਾ ਵਿਆਹ ਹੋਇਆ ਤਾਂ ਇਹ ਨਵੀਂ ਵਿਆਹੀ ਜੋੜੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਨੀ ਨੇ ਇਸ ਧਾਰਮਿਕ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਕਈ ਤਸਵੀਰਾਂ ਵੀ ਕਰਵਾਈਆਂ।
ਪਰਿਵਾਰ ਨੇ ਆਖਿਆ ਕਿ ਸਨੀ ਖਿਲਾਫ ਬੇਅਦਬੀ ਦੇ ਦੋਸ਼ ਕਿਸੇ ਸਾਜਿਸ਼ ਤਹਿਤ ਲਾਏ ਗਏ ਹਨ ਤੇ ਇਹ ਕੇਸ ਬੇਬੁਨਿਆਦ ਤੇ ਝੂਠੇ ਹਨ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਦੋਸ਼ ਸਾਬਿਤ ਹੋਣ ਤਾਂ ਉਹ ਸਿਰ ਦੇਣ ਲਈ ਵੀ ਤਿਆਰ ਹਨ।
ਪ੍ਰਦੀਪ ਦੇ ਪਰਿਵਾਰ ਨੇ ਨਕਾਰੇ ਬੇਅਦਬੀ ਦੇ ਦੋਸ਼
ਕੋਟਕਪੂਰਾ (ਸੱਚ ਕਹੂੰ ਨਿਊਜ਼) ਵਿਆਹ ਦੀ ਖੁਸ਼ੀ ਵੱਖਰੀ ਹੀ ਹੁੰਦੀ ਹੈ ਤੇ ਇਸ ਦੇ ਹਰ ਕਾਰਜ ਨੂੰ ਹਰ ਕੋਈ ਯਾਦਗਾਰ ਬਣਾਉਂਦਾ ਹੈ ਕੁਝ ਅਜਿਹਾ ਹੀ ਕੀਤਾ ਪ੍ਰਦੀਪ ਸਿੰਘ ਵਾਸੀ ਕੋਟਕਪੂਰਾ ਨੇ ਪ੍ਰਦੀਪ ਦਾ ਵਿਆਹ ਹੋਇਆ ਤਾਂ ਉਸ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵਾਲੀ ਐਲਬਮ ਨੂੰ ਸਜਾਉਣ ਲਈ ਆਪਣੀ ਸ਼ਰਧਾ ਅਨੁਸਾਰ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਤਸਵੀਰ ਨੂੰ ਚੁਣਿਆ ਪਰ ਉਸ ਨੂੰ ਇਸ ਗੱਲ ਦਾ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਜਿਸ ਸਿੱਖ ਧਰਮ ਅਤੇ ਪਵਿੱਤਰ ਗੁਰਬਾਣੀ ’ਚ ਉਸਦੀ ਸ਼ਰਧਾ ਹੈ, ਪੰਜਾਬ ਪੁਲਿਸ ਉਸੇ ਧਰਮ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਉਸ ’ਤੇ ਮੜ੍ਹ ਦੇਵੇਗੀੇ।
ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਸਮੇਤ ਸਾਰਾ ਪਰਿਵਾਰ ਹੀ ਸਿੱਖ ਧਰਮ ਸਮੇਤ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਦਾ ਹੈ ਉਨ੍ਹਾਂ ਦੇ ਵਿਆਹ-ਸ਼ਾਦੀ ਤੇ ਦੁੱਖ-ਸੁਖ ਦੇ ਹੋਰ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਹੀ ਸੰਪੂਰਨ ਹੁੰਦੇ ਹਨ ਉਨ੍ਹਾਂ ਦੱਸਿਆ ਕਿ ਪ੍ਰਦੀਪ ਦਾ ਵਿਆਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਅਨੰਦ ਕਾਰਜਾਂ ਨਾਲ ਹੋਇਆ ਉਸ ਦਾ ਵਿਆਹ 26 ਸਤੰਬਰ 2003, ਪਿੰਡ ਮੌੜ ਜਿਲ੍ਹਾ ਫਰੀਦਕੋਟ ਵਿੱਚ ਹੋਇਆ ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਉਸ ਦੇ ਅਨੰਦ ਕਾਰਜ ਹੋਏ।
ਉਨ੍ਹਾਂ ਦੱਸਿਆ ਕਿ ਪ੍ਰਦੀਪ ਦੀ ਸਿੱਖ ਧਰਮ ’ਚ ਅਥਾਹ ਸ਼ਰਧਾ ਹੈ ਉਸ ਨੇ ਇਸੇ ਸ਼ਰਧਾ ਸਦਕਾ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਦੀ ਐਲਬਮ ਦੀ ਸ਼ੁਰੂਆਤ ’ਚ ਗੁਰੂ ਸਾਹਿਬਾਨਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਜਾਈਆਂ ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਕਦੇ ਵੀ ਪਿੱਛੇ ਨਹੀਂ ਹਟਦਾ।
ਉੱਧਰ ਬੇਅਦਬੀ ਦੇ ਮਾਮਲੇ ’ਚ ਗ੍ਰਿਫਤਾਰ ਰਣਜੀਤ ਸਿੰਘ ਭੋਲਾ ਦੇ ਪਰਿਵਾਰ ਦੀ ਸ਼ਰਧਾ ਵੀ ਅਥਾਹ ਹੈ ਰਣਜੀਤ ਸਿੰਘ ਹੁਰੀਂ ਪੰਜ ਭੈਣ-ਭਰਾ ਹਨ ਜਿਨ੍ਹਾਂ ਦੇ ਵਿਆਹ ਅਨੰਦ ਕਾਰਜ ਨਾਲ ਸੰਪੂਰਨ ਹੋਏ ਉਸ ਦਾ ਵਿਆਹ ਸੰਨ 2015 ’ਚ ਮਖੂ ਨੇੜਲੇ ਪਿੰਡ ਜਿਲ੍ਹਾ ਫਿਰੋਜ਼ਪੁਰ ’ਚ ਹੋਇਆ ਵਿਆਹ ਦੀ ਰਸਮ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੰਪੂਰਨ ਹੋਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ ਉਨ੍ਹਾਂ ਦੀ ਬੇਅੰਤ ਸ਼ਰਧਾ ਹੈ ਸੰਗਰਾਂਦ ਹੋਵੇ ਜਾਂ ਮੱਸਿਆ ਜਾਂ ਗੁਰਪੁਰਬ, ਕੋਈ ਮੌਕਾ ਅਜਿਹਾ ਨਹੀਂ ਹੁੰਦਾ ਜਦੋਂ ਉਹ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਣ ਲਈ ਨਾ ਗਏ ਹੋਣ ਉਨ੍ਹਾਂ ਇਹ ਵੀ ਦੱਸਿਆ ਕਿ ਘਰ ’ਚ ਕੋਈ ਵੱਡੀ-ਛੋਟੀ ਖੁਸ਼ੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਦੋਸ਼ ਪੰਜਾਬ ਪੁਲਿਸ ਨੇ ਮੜ੍ਹੇ ਹਨ, ਉਨ੍ਹਾਂ ਨਾਲ ਸਾਡੇ ਹਿਰਦੇ ਵਲੂੰਧਰੇ ਗਏ ਹਨ। ਰਣਜੀਤ ਸਿੰਘ ਦੇ ਪਰਿਵਾਰ ਨੇ ਬੇਅਦਬੀ ਕਰਨ ਵਾਲਿਆਂ ਨੂੰ ਲਾਹਨਤ ਪਾਉਂਦਿਆਂ ਕਿਹਾ, ‘‘ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ’’ ਪਰਿਵਾਰ ਨੇ ਮੰਗ ਕੀਤੀ ਕਿ ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਰਧਾ ਰੱਖਣ ਵਾਲੇ ਡੇਰਾ ਸ਼ਰਧਾਲੂਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਦੀ ਬਜਾਇ ਅਸਲੀ ਦੋਸ਼ੀਆਂ ਨੂੰ ਫੜੇ ਤੇ ਉਨ੍ਹਾਂ ਨੂੰ ਸਖਤ ਸਜ਼ਾ ਦੇਵੇ।