ਜ਼ਿਲ੍ਹੇ ’ਚੋਂ ਹਰੇਕ ਨਜਾਇਜ਼ ਕਾਬਜ਼ਕਾਰ ਤੋਂ ਛੁਡਵਾਈ ਜਾਵੇਗੀ ਸਰਕਾਰੀ ਜ਼ਮੀਨ-ਸੁਖਚੈਨ ਸਿੰਘ ਪਾਪਰਾ
(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਅਰੰਭੀ ਮੁਹਿੰਮ ਤਹਿਤ ਅੱਜ ਬਲਾਕ ਸਨੌਰ ਦੀ ਗ੍ਰਾਮ ਪੰਚਾਇਤ ਚਰਾਸੋਂ ਦੀ 7.5 ਏਕੜ ਸ਼ਾਮਲਾਟ ਜ਼ਮੀਨ (Shamlat Land) ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਤਹਿਤ ਛੁਡਵਾਏ ਗਏ ਇਸ ਕਬਜ਼ੇ ਦੌਰਾਨ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪਰਾ ਵੱਲੋਂ ਸਮੁਚੀ ਕਾਰਵਾਈ ਦੀ ਅਗਵਾਈ ਕੀਤੀ।
ਡੀ.ਡੀ.ਪੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਇੱਕ ਮੁਹਿੰਮ ਵਿੱਢੀ ਹੈ, ਇਸ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਅਗਵਾਈ ਹੇਠ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹਰੇਕ ਨਾਜਾਇਜ਼ ਕਾਬਜ਼ਕਾਰ ਕੋਲੋਂ ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਜਾਵੇਗਾ। ਸੁਖਚੈਨ ਸਿੰਘ ਪਾਪਰਾ ਨੇ ਅਜਿਹੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਆਪ ਹੀ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਤੁਰੰਤ ਖਾਲੀ ਕਰ ਦੇਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਡੀ.ਡੀ.ਪੀ.ਓ.-ਕਮ-ਕੁਲੈਕਟਰ ਪਟਿਆਲਾ ਦੀ ਅਦਾਲਤ ਨੇ ਪੰਜਾਬ ਵਿਲੇਜ਼ ਕਾਮਨ ਲੈਂਡਜ਼ ਐਕਟ 1961 ਦੀ ਧਾਰਾ 7 ਤਹਿਤ 2008 ਦੌਰਾਨ ਇਸ ਜ਼ਮੀਨ ਨੂੰ ਛੁਡਵਾਉਣ ਦਾ ਫੈਸਲਾ ਸੁਣਾਇਆ ਸੀ। ਇਸ ਤਰ੍ਹਾਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪਰਾ ਵੱਲੋਂ ਜਾਰੀ ਕਬਜ਼ਾ ਵਾਰੰਟਾਂ ਤਹਿਤ 7.5 ਏਕੜ ਸ਼ਾਮਲਾਟ ਜ਼ਮੀਨ ਤੋਂ ਕਬਜ਼ਾ ਛੁਡਵਾ ਕੇ ਗ੍ਰਾਮ ਪੰਚਾਇਤ ਚਰਾਸੋਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਬੀ.ਡੀ.ਪੀ.ਓ. ਹਰਮਿੰਦਰ ਸਿੰਘ, ਤਹਿਸੀਲਦਾਰ ਰਾਮ ਕ੍ਰਿਸ਼ਨ, ਸਰਪੰਚ ਅਤੇ ਪੁਲਿਸ ਵੀ ਮੌਜੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ