ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤੀ ਨਵੇਂ ਕਾਨੂੰਨ ਦੀ ਮੰਗ
- ਕਿਹਾ, ਭਾਵੇਂ ਹੋਵੇ ਪੰਜਾਬ ਸਰਕਾਰ ਜਾਂ ਫਿਰ ਕੇਂਦਰ ਸਰਕਾਰ, ਕਾਨੂੰਨ ਬਣੇ ਤਾਂ ਕਿ ਬਜਟ ਨਾ ਬਣੇ ਝੂਠ ਦਾ ਪੁਲੰਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਜੇਕਰ ਕੋਈ ਸਰਕਾਰ ਬਜਟ ਵਿੱਚ ਕੀਤੇ ਐਲਾਨ ਨੂੰ ਪੂਰਾ ਨਾ ਕਰ ਸਕੇ ਤਾਂ ਉਸ ਸਰਕਾਰ ਨੂੰ ਹੀ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਜਟ ਸਿਰਫ਼ ਝੂਠ ਦਾ ਪੁਲੰਦਾ ਹੀ ਬਣ ਕੇ ਨਾ ਰਹਿ ਜਾਵੇ। ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ, ਜਿਸ ਦੇ ਹੇਠ ਹਰ ਸਰਕਾਰ ਆਉਣੀ ਚਾਹੀਦੀ ਹੈ। ਭਾਵੇਂ ਉਹ ਸਰਕਾਰ ਪੰਜਾਬ ਦੀ ਹੋਵੇ ਜਾਂ ਫਿਰ ਕੇਂਦਰ ਦੀ ਹੋਵੇ। ਇਸ ਕਾਨੂੰਨ ਤੋਂ ਕਿਸੇ ਨੂੰ ਵੀ ਛੋਟ ਨਹੀਂ ਮਿਲਣੀ ਚਾਹੀਦੀ ਹੈ। ਇਹ ਮੰਗ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਕੀਤੀ ਹੈ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰ ਪਾਸੇ ਐਲਾਨ ਤਾਂ ਕਰ ਦਿੰਦੇ ਹਾਂ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਕੁਝ ਵੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੀ ਸਰਕਾਰ ਨੇ ਜੇਕਰ ਬਿਜਲੀ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ ਤਾਂ ਉਸ ਨੂੰ ਲਾਗੂ ਵੀ ਕੀਤਾ ਸੀ ਨਾ ਕਿ ਬਾਅਦ ਵਿੱਚ ਹਲਫ਼ੀਆ ਬਿਆਨ ਜਾਂ ਫਿਰ ਹੋਰ ਤਰ੍ਹਾਂ ਦੇ ਰੌਲ਼ਾ ਰੱਪਾ ਪਾਉਂਦੇ ਹੋਏ ਕਿੰਤੂ ਪਰੰਤੂ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੇ ਪੂਰਾ ਕਰਜ਼ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਜਲ ਸਪਲਾਈ ਵਿਭਾਗ ਅੱਗੇ ਗਰਜ਼ੇ ਕੱਚੇ ਕਾਮੇ
ਤਾਂ ਅਮਰਿੰਦਰ ਸਿੰਘ ਨੂੰ ਇਹ ਐਲਾਨ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਹੋਣ ਵਾਲੇ ਝੂਠੇ ਐਲਾਨ ਵਾਂਗ ਹੀ ਹੁਣ ਬਜਟ ਵਿੱਚ ਕਾਫ਼ੀ ਕੁਝ ਐਲਾਨ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਸਾਲ ਦੇ ਆਖਰ ਤੱਕ ਉਹ ਪੂਰਾ ਹੀ ਨਹੀਂ ਹੁੰਦਾ ਹੈ। ਕਾਂਗਰਸ ਦੇ ਖਜਾਨਾ ਮੰਤਰੀ ਨੇ ਵੀ ਵੱਡੇ-ਵੱਡੇ ਐਲਾਨ ਕੀਤੇ ਸਨ ਪਰ ਉਹ ਉੱਠ ਦੇ ਬੁੱਲ ਵਾਂਗ ਹੀ ਲਟਕਦੇ ਨਜ਼ਰ ਆ ਰਹੇ ਹਨ, ਜ਼ਿਆਦਾਤਰ ਐਲਾਨ ਪੂਰੇ ਹੀ ਨਹੀਂ ਹੋਏ ਹਨ, ਇਸ ਲਈ ਬਜਟ ਨੂੰ ਹਰ ਹਾਲਤ ਵਿੱਚ ਲਾਗੂ ਕਰਵਾਉਣ ਲਈ ਕਾਨੂੰਨ ਬਣਨਾ ਚਾਹੀਦਾ ਹੈ।
ਜੇਕਰ ਕੋਈ ਸਰਕਾਰ ਬਜਟ ਵਿੱਚ ਕੀਤੇ ਐਲਾਨ ਪੂਰੇ ਨਹੀਂ ਕਰਦੀ ਹੈ ਤਾਂ ਉਹ ਸਰਕਾਰ ਬਰਖ਼ਾਸਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਸੋਚ ਹੀ ਠੀਕ ਨਹੀਂ ਹੈ, ਕਿਉਂਕਿ ਜੇਕਰ ਸੋਚ ਠੀਕ ਹੋਵੇ ਤਾਂ ਹਰ ਕੰਮ ਆਪਣੇ ਆਪ ਠੀਕ ਹੋ ਜਾਂਦਾ ਹੈ। ਉਨ੍ਹਾਂ ਨੇ ਵੀ ਤਾਂ 10 ਸਾਲ ਸਰਕਾਰ ਚਲਾਈ ਹੈ, ਕਦੇ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਰੋਕੀ ਤੇ ਨਾ ਹੀ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਇਆ ਹੈ ਪਰ ਇਸ ਸਰਕਾਰ ਵਿੱਚ ਤਨਖਾਹ ਤੋਂ ਲੈ ਕੇ ਵਿਕਾਸ ਕਾਰਜ ਸਾਰਾ ਕੁਝ ਰੁਕਿਆ ਹੋਇਆ ਹੈ।