ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਪਹਿਲੇ ਦਿਨ ਹੀ ਪੜ੍ਹਾਇਆ ਅਧਿਆਪਕਾਂ ਨੂੰ ਪਾਠ
- ਜੇਕਰ ਕੋਈ ਐ ਦਿੱਕਤ ਤਾਂ ਆਉਣ ਮੀਟਿੰਗ ਲਈ, ਹਰ ਜਾਇਜ਼ ਮੰਗ ਹੋਵੇਗੀ ਪੂਰੀ : ਸੋਨੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੰਗਲਵਾਰ ਨੂੰ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਪੰਜਾਬ ਭਰ ਦੇ ਅਧਿਆਪਕਾਂ ਨੂੰ ਪਾਠ ਪੜ੍ਹਾਉਂਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਉਹ ਅਧਿਆਪਕਾਂ ਦੇ ਦਬਾਅ ਵਿੱਚ ਆਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਮੰਗ ਸਬੰਧੀ ਸੰਘਰਸ਼ ਕਰਨਾ ਵੱਖਰੀ ਗਲ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਖ਼ਰਾਬ ਕਰਦੇ ਹੋਏ ਉਨ੍ਹਾਂ ਨੂੰ ਨਾ ਪੜ੍ਹਾਉਣਾ ਵੱਖਰੀ ਗੱਲ ਹੈ। ਇਸ ਲਈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਯੂਨੀਅਨਾਂ ਦੀ ਕੋਈ ਮੰਗ ਹੈ ਤਾਂ ਉਹ ਅਧਿਕਾਰੀਆਂ ਨੂੰ ਮਿਲਣ ਅਤੇ ਜੇਕਰ ਉਥੇ ਹੱਲ ਨਹੀਂ ਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਆ ਕੇ ਮਿਲ ਸਕਦੇ ਹਨ ਪਰ ਇਸ ਦੇ ਬਦਲੇ ਅਨੁਸ਼ਾਸਨ ਤੋੜਨਾ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਉਹ ਅਧਿਆਪਕ ਯੂਨੀਅਨਾਂ ਨਾਲ ਵੀ ਮੀਟਿੰਗ ਕਰਨਗੇ।
ਮੰਗਾਂ ਰੱਖਣਾ ਅਤੇ ਪੂਰਾ ਕਰਵਾਉਣਾ ਵੱਖਰੀ ਗੱਲ ਪਰ ਪੜ੍ਹਾਈ ਰੋਕਣਾ ਬਰਦਾਸ਼ਤ ਤੋਂ ਬਾਹਰ
ਉਨ੍ਹਾਂ ਕਿਹਾ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ, ਜਦੋਂ ਕਿ ਨਾਜਾਇਜ਼ ਮੰਗ ਨੂੰ ਕਿਸੇ ਵੀ ਦਬਾਓ ਹੇਠ ਆਉਂਦੇ ਹੋਏ ਸਵੀਕਾਰ ਨਹੀਂ ਕੀਤਾ ਜਾਵੇਗਾ। ਓ.ਪੀ. ਸੋਨੀ ਨੇ ਕਿਹਾ ਕਿ ਕੁਝ ਯੂਨੀਅਨ ਲੀਡਰ ਸਕੂਲਾਂ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਹੋਏ ਹਨ ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਚੰਗੀ ਤਰ੍ਹ੍ਹਾਂ ਪੜਾਉਣਗੇ, ਉਨ੍ਹਾਂ ਨੂੰ ਸਰਕਾਰ ਵੱਲੋਂ ਇਨਾਮ ਵੀ ਦਿੱਤਾ ਜਾਵੇਗਾ।