ਬੁੱਤ ਬੇਅਦਬੀ: ਦਲਿਤ ਜੱਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਦੀ ਹੋਈ ਅਹਿਮ ਮੀਟਿੰਗ

ਪੁਲਿਸ ਨੇ ਜੁਆਇੰਟ ਐਕਸ਼ਨ ਕਮੇਟੀ ਸਾਹਮਣੇ ਪੇਸ਼ ਕੀਤੀ ਹੁਣ ਤੱਕ ਦੀ ਕਾਰਵਾਈ

ਰਾਜਪੁਰਾ, (ਜਤਿੰਦਰ ਲੱਕੀ (ਸੱਚ ਕਹੂੰ))। ਬੀਤੀ 26-27 ਫਰਵਰੀ ਦੀ ਦਰਮਿਆਨੀ ਰਾਤ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਹੋਈ ਬੇਅਦਬੀ ਸਬੰਧੀ ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਦਲਿਤ ਜਥੇਬੰਦੀਆਂ ਵਿਚਕਾਰ ਇੱਕ ਅਹਿਮ ਮੀਟਿੰਗ ਹੋਈ । ਮੀਟਿੰਗ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ ਐਸਡੀਐਮ ਰਾਜਪੁਰਾ ਖੁਸ਼ਦਿਲ ਸਿੰਘ, ਤਹਿਸੀਲਦਾਰ ਮਨਮੋਹਨ ਕੌਂਸਲ ਅਤੇ ਨਗਰ ਕੌਂਸਲ ਕਾਰਜਸਾਧਕ ਅਫਸਰ ਰਵਨੀਤ ਸਿੰਘ, ਪੁਲਿਸ ਵੱਲੋਂ ਡੀਐਸਪੀ ਰਾਜਪੁਰਾ ਗੁਰਵਿੰਦਰ ਸਿੰਘ, ਐਸ.ਐਚ.ਓ. ਰਾਜਪੁਰਾ ਗੁਰਪ੍ਰਤਾਪ ਸਿੰਘ ਅਤੇ ਕਸਤੂਰਬਾ ਚੌਕੀ ਇੰਚਾਰਜ ਆਕਾਸ਼ਦੀਪ ਸ਼ਰਮਾ ਮੌਜੂਦ ਰਹੇ।

ਮੀਟਿੰਗ ’ਚ ਪੁਲਿਸ ਨੇ ਉਕਤ ਮਾਮਲੇ ਸਬੰਧੀ ਹੁਣ ਤੱਕ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਜਥੇਬੰਦੀਆਂ ਵੱਲੋਂ ਗਠਿਤ ਕੀਤੀ ਜੁਆਇੰਟ ਐਕਸ਼ਨ ਕਮੇਟੀ ਸਾਹਮਣੇ ਪੇਸ਼ ਕੀਤੀ। ਇਸ ਮੌਕੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਮੋਬਾਇਲ ਕੰਪਨੀਆਂ ਤੋਂ ਫੋਨ ਕਾਲਾਂ ਦੇ ਡੰਪ ਇਕੱਤਰ ਕਰਕੇ ਉਨ੍ਹਾਂ ਦੀ ਛਾਣਬੀਣ ਕੀਤੀ ਹੈ ਅਤੇ 15-20 ਸ਼ੱਕੀ ਵਿਅਕਤੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ।

ਡੀਐਸਪੀ ਨੇ ਦੱਸਿਆ ਕਿ ਬਾਬਾ ਸਾਹਿਬ ਦੀ ਮੂਰਤੀ ਕੋਲ ਪੀਸੀਆਰ ਦਾ ਇੱਕ ਪੱਕਾ ਪੁਆਇੰਟ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡੰਪ ਵਿੱਚ ਫੋਨ ਕਾਲਾਂ ਜਿਆਦਾ ਹਨ, ਇਸ ਲਈ ਪੁਲਿਸ ਨੂੰ ਕੁੱਝ ਹੋਰ ਸਮਾਂ ਚਾਹੀਦਾ ਹੈ। ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਐਕਸ਼ਨ ਕਮੇਟੀ ਅਤੇ ਪੁਲਿਸ ਨੇ ਅਗਲੀ ਮੀਟਿੰਗ 22 ਅਪਰੈਲ ਦੀ ਤਹਿ ਕੀਤੀ ਹੈ। ਇਸ ਮੌਕੇ ਐਸਡੀਐਮ ਖੁਸ਼ਦਿਲ ਸਿੰਘ ਸੰਧੂ ਰਾਜਪੁਰਾ ਨੇ ਦੱਸਿਆ ਕਿ ਬਾਬਾ ਸਾਹਿਬ ਦੀ ਮੂਰਤੀ ਨਜ਼ਦੀਕ ਪਾਵਰਫੁੱਲ ਨਾਈਟ ਵਿਜ਼ਨ ਕੈਮਰੇ ਲਗਾਏ ਜਾ ਚੁੱਕੇ ਹਨ।

ਇਸ ਮੌਕੇ ਐਕਸ਼ਨ ਕਮੇਟੀ ਦੀ ਅਗਵਾਈ ਕਰ ਰਹੇ ਸੁਖਜਿੰਦਰ ਸਿੰਘ ਸੁੱਖੀ, ਅਸ਼ੋਕ ਬਿੱਟੂ, ਰਾਜਿੰਦਰ ਵਾਲਮੀਕ ਅਤੇ ਸ਼ਿਵ ਸਰਨ ਅੰਗੋਰਾ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਰਫਤਾਰ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਹੰਸ ਰਾਜ, ਅਸ਼ੋਕ ਬਿੱਟੂ, ਐਡਵੋਕੇਟ ਰਵਿੰਦਰ ਸਿੰਘ, ਐਡਵੋਕੇਟ ਸੰਜੇ ਬਾਲੀ, ਸ਼ਿਵ ਕੁਮਾਰ ਮੋਨੀ, ਦਰਸ਼ੀ ਕਾਂਤ, ਟਾਈਗਰ ਜੋਗਿੰਦਰ ਸਿੰਘ, ਤਰਸੇਮ ਲਾਲ, ਰਾਮ ਸਰਨ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.