ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ’ਚ ਵਧੀਕ ਨਿਰਦੇਸ਼ਕ ਵਜੋਂ ਤਾਇਨਾਤ ਡਾ. ਉੁਪਿੰਦਰ ਸਿੰਘ ਲਾਂਬਾ ਨੇ ਡਿਗਰੀ ਪ੍ਰਾਪਤ ਕਰਦਿਆਂ ਦੱਸੀ ਦਿਲ ਦੀ ਗੱਲ
ਪੰਜਾਬੀ ਯੂਨੀਵਰਸਿਟੀ ਜਿਹੜੀਆਂ ਕਦਰਾਂ ਕੀਮਤਾਂ ਅਤੇ ਮਿਆਰਾਂ ਲਈ ਜਾਣੀ ਜਾਂਦੀ ਹੈ ਉਸ ਨੂੰ ਕਾਇਮ ਰੱਖਣ ਲਈ ਵਿਦਿਆਰਥੀ ਖੋਜ ਕਾਰਜ ਰੱਖਣਗੇ ਜਾਰੀ : ਵਾਈਸ ਚਾਂਸਲਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ‘ਮੈਨੂੰ ਪੀ-ਐੱਚ. ਡੀ. ਦੀ ਇਹ ਡਿਗਰੀ ਪ੍ਰਾਪਤ ਕਰਨ ਲਈ ਤਕਰੀਬਨ ਇਕ ਦਹਾਕਾ ਖੋਜ ਕਾਰਜ ਕਰਨਾ ਪਿਆ। ਮੇਰੇ ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ। ਇਹ ਮੇਰੇ ਲਈ ਖੁਸ਼ਗਵਾਰ ਪਲ ਹਨ ਕਿ ਅੱਜ 39ਵੀਂ ਕਾਨਵੋਕੇਸਨ ਮੌਕੇ ਮੈਂ ਇਸ ਡਿਗਰੀ ਨੂੰ ਪ੍ਰਾਪਤ ਕਰ ਰਿਹਾ ਹਾਂ। ਹਰੇਕ ਵਿਦਿਆਰਥੀ ਅਜਿਹਾ ਸਬਬ ਲੋਚਦਾ ਹੈ ਕਿ ਉਸ ਨੂੰ ਅਜਿਹੇ ਪਲੇਟਫਾਰਮ ਤੋਂ ਹੀ ਡਿਗਰੀ ਪ੍ਰਾਪਤ ਹੋਵੇ।’ ਇਹ ਸ਼ਬਦ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਵਧੀਕ ਨਿਰਦੇਸ਼ਕ ਵਜੋਂ ਤਾਇਨਾਤ ਡਾ. ਉੁਪਿੰਦਰ ਸਿੰਘ ਲਾਂਬਾ ਵੱਲੋਂ ਕਹੇ ਗਏ ਜੋ ਕਿ ਕਾਨਵੋਕੇਸਨ ਦੇ ਦੂਸਰੇ ਦਿਨ ਇੱਕ ਵਿਦਿਆਰਥੀ ਵਜੋਂ ਆਪਣੀ ਇਹ ਡਿਗਰੀ ਪ੍ਰਾਪਤ ਕਰਨ ਲਈ ਉਚੇਚੇ ਤੌਰ ’ਤੇ ਇੱਥੇ ਪੁੱਜੇ ਹੋਏ ਸਨ।
ਵਿਦਿਆਰਥੀਆਂ ਦੀ ਮੰਗ ਉੱਪਰ ਯੂਨੀਵਰਸਿਟੀ ਵੱਲੋਂ ਆਪਣੀ ਕਾਨਵੋਕੇਸਨ ਨੂੰ ਦੋ ਦਿਨ ਲਈ ਕਰਵਾਏ ਜਾਣ ਦੇ ਫੈਸਲੇ ਨੂੰ ਚੁਫੇਰਿਉਂ ਸ਼ਲਾਘਾ ਪ੍ਰਾਪਤ ਹੋਈ ਹੈ। ਦੇਸ-ਵਿਦੇਸ਼ ਵਿੱਚ ਵੱਖ-ਵੱਖ ਥਾਵਾਂ ਉੱਪਰ ਕਾਰਜਸੀਲ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਮ-ਹੁਮਾ ਕੇ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਪਹੁੰਚੇ। ਇਨ੍ਹਾਂ ਵਿੱਚ ਜਿੱਥੇ ਆਪਣੀ ਉਮਰ ਦੇ ਮੱਧਲੇ ਪੜਾਅ ਵਿੱਚ ਲੰਘ ਰਹੇ ਸਫੈਦ ਦਾਹੜੀ ਵਾਲੀ ਅਵਸਥਾ ਨੂੰ ਢੁੱਕੇ ਵਿਦਿਆਰਥੀ ਸਾਮਿਲ ਸਨ ਤਾਂ ਦੂਸਰੇ ਪਾਸੇ ਨਵੀਂ ਉਮਰ ਦੇ ਨੌਜਵਾਨ ਵਿਦਿਆਰਥੀ ਵੀ ਸਾਮਿਲ ਸਨ। ਕੈਨੇਡਾ ਵਾਸੀ ਡਾ. ਨਵਦੀਪ ਸਿੰਘ, ਜੋ ਕਿ ਇੱਕ ਪ੍ਰਸਿੱਧ ਗੀਤਕਾਰ ਵੀ ਹਨ, ਵੱਲੋਂ ਆਪਣੇ ਖੁਸ਼ੀ ਦੇ ਪਲਾਂ ਦਾ ਇਜਹਾਰ ਕਰਦਿਆਂ ਕਿਹਾ ਕਿ ਡਿਗਰੀ ਪ੍ਰਾਪਤ ਕਰਦਿਆਂ ਗਾਊਨ ਪਾ ਕੇ ਕਰਵਾਈ ਗਈ ਤਸਵੀਰ ਸਿਰਫ ਸਾਨੂੰ ਆਪਣੇ ਆਪ ਨੂੰ ਸਕੂਨ ਦੇਣ ਦਾ ਕਾਰਜ ਹੀ ਨਹੀਂ ਕਰਦੀ ਸਗੋਂ ਹੋਰਨਾਂ ਲਈ ਵੀ ਪ੍ਰੇਰਣਾ ਬਣਦੀ ਹੈ।
ਪ੍ਰਸਿੱਧ ਨੌਜਵਾਨ ਨਾਟਕਕਾਰ ਡਾ. ਕੁਲਬੀਰ ਮਲਿਕ ਵੱਲੋਂ ਆਪਣੇ ਇਨ੍ਹਾਂ ਪਲਾਂ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਤਕਰੀਬਨ ਚਾਰ ਸਾਲ ਕਾਨਵੋਕੇਸਨ ਦੀ ਉਡੀਕ ਕੀਤੀ ਹੈ ਕਿਉਂਕਿ ਕਾਨਵੋਕੇਸਨ ਵਿੱਚ ਗਾਊਨ ਪਹਿਨ ਕੇ ਡਿਗਰੀ ਪ੍ਰਾਪਤ ਕਰਨ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਰੂਪ ਵਿੱਚ ਡਿਗਰੀ ਪ੍ਰਾਪਤ ਕਰਦਿਆਂ ਮਨ ਪੂਰੇ ਚਾਅ ਵਿੱਚ ਹੈ ਅਤੇ ਅੱਗੇ ਹੋਰ ਕੰਮ ਕਰਨ ਨੂੰ ਦਿਲ ਕਰ ਰਿਹਾ ਹੈ। ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਤਾਇਨਾਤ ਡਾ. ਰੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਡਿਗਰੀ ਮਹਿਜ ਇੱਕ ਕਾਗਜ ਹੀ ਨਹੀਂ ਹੁੰਦੀ, ਸਗੋਂ ਵਿਦਿਆਰਥੀ ਦਾ ਆਪਣੀ ਮੁਕੱਦਸ ਸੰਸਥਾ, ਖੇਤਰ, ਵੱਖ-ਵੱਖ ਪ੍ਰਸਥਿਤੀਆਂ ’ਚ ਹੰਢਾਏ ਔਖੇ-ਸੌਖੇ ਸਮੇਂ ਦਾ ਇੱਕ ਯਾਦਗਾਰੀ ਚਿੰਨ੍ਹ ਹੁੰਦਾ ਹੈ ਜਿਸ ਨੂੰ ਦੇਖ ਕੇ ਸਦਾ ਹੀ ਵਿਦਿਆਰਥੀ ਦੇ ਸਵੈ ਵਿਸਵਾਸ਼ ਵਿੱਚ ਵਾਧਾ ਹੁੰਦਾ ਹੈ। ਵੀਲ੍ਹ ਚੇਅਰ ਰਾਹੀਂ ਡਿਗਰੀ ਪ੍ਰਾਪਤ ਕਰਨ ਪਹੁੰਚੀ ਡਾ. ਗੁਰਪ੍ਰੀਤ ਕੌਰ ਵੱਲੋਂ ਆਪਣੇ ਭਾਵਾਂ ਦਾ ਇਜਹਾਰ ਕਰਦਿਆਂ ਯੂਨੀਵਰਸਿਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਅਤੇ ਮਿਆਰਾਂ ਲਈ ਜਾਣੀ ਜਾਂਦੀ ਹੈ ਉਸ ਸਭ ਨੂੰ ਕਾਇਮ ਰੱਖਣ ਲਈ ਸਾਰੇ ਵਿਦਿਆਰਥੀ ਆਪਣੇ ਖੋਜ ਕਾਰਜਾਂ ਨੂੰ ਜਾਰੀ ਰੱਖਣਗੇ। ਪੀ-ਐੱਚ.ਡੀ. ਡਿਗਰੀ ਹੋਲਡਰ ਨੂੰ ਹਮੇਸਾ ਪੁੱਛਿਆ ਜਾਂਦਾ ਹੈ ਕਿ ਉਸ ਨੇ ਕਿਸ ਅਦਾਰੇ ਤੋਂ ਡਿਗਰੀ ਕੀਤੀ ਹੈ। ਇਸ ਲਈ ਵਿਦਿਆਰਥੀਆਂ ਸਿਰ ਇੱਕ ਵੱਡੀ ਜਿੰਮੇਵਾਰੀ ਹੁੰਦੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦਿਆਰਥੀ ਹਮੇਸਾ ਹੀ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ