‘ਇਸ ਪਿੰਡ ‘ਚੋਂ  ਤਾਂ ਜਾਣ ਨੂੰ ਜੀ ਨਹੀਂ ਕਰਦਾ’

parmpita ji

‘ਇਸ ਪਿੰਡ ‘ਚੋਂ  ਤਾਂ ਜਾਣ ਨੂੰ ਜੀ ਨਹੀਂ ਕਰਦਾ’

21 ਜਨਵਰੀ 1968 -ਪਰਮ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਰਹਿਮਤ ਵਰਸਾਉਂਦੇ ਹੋਏ ਪਿੰਡ ਕੋਟਲੀ ਖੁਰਦ (ਪ੍ਰੇਮ ਕੋਟਲੀ) ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ‘ਚ ਸਤਿਸੰਗ ਫ਼ਰਮਾਇਆ ਪਿਆਰੇ ਸਤਿਗੁਰੂ ਜੀ ਨੇ ਉੱਚੇ-ਉੱਚੇ ਰੇਤ ਦੇ ਟਿੱਬਿਆਂ ‘ਚ ਵੱਸੇ ਇਸ ਪਿੰਡ ‘ਤੇ ਰਹਿਮਤ ਦੀ ਬਰਸਾਤ ਕੀਤੀ ਪਿੰਡ ਦਾ ਹਰ ਬੱਚਾ, ਬੁੱਢਾ, ਨੌਜਵਾਨ ਤੇ ਮਾਤਾ-ਭੈਣਾਂ ਸਾਰੇ ਅਨੰਦ ‘ਚ ਇੰਨੇ ਮਸਤ ਹੋਏ ਕਿ ਕਿਸੇ ਨੂੰ ਵੀ ਆਪਣੀ ਸੁੱਧ-ਬੁੱਧ ਨਾ ਰਹੀ।

ਪਰਮ ਪਿਤਾ ਜੀ ਨੇ ਸਟੇਜ ‘ਤੇ ਬਿਰਾਜਮਾਨ ਹੁੰਦਿਆਂ ਹੀ ਫ਼ਰਮਾਇਆ, ”ਸਾਧ-ਸੰਗਤ ਦੀ ਗਿਣਤੀ ਤੇ ਨਗਰ ਦੇ ਪ੍ਰੇਮ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਇਹ ਨਗਰ ਨਾਮ ਵਾਲਿਆਂ ਦਾ ਨਵਾਂ ਰਿਕਾਰਡ ਕਾਇਮ ਕਰੇਗਾ” ਫਿਰ ਪੰਡਿਤ ਧਨੀ ਰਾਮ ਨਸੀਬਪੁਰਾ ਵਾਲੇ ਨਾਲ ਗੱਲ ਕਰਦਿਆਂ ਪਿਆਰੇ ਸਤਿਗੁਰੂ ਜੀ ਨੇ ਫਰਮਾਇਆ, ‘ਧਨੀ ਰਾਮ, ਅਜਿਹਾ ਜਾਪਦਾ ਹੈ ਕਿ ਪਿੰਡ ਕੋਟਲੀ ਵਾਲੇ ਤੁਹਾਡੇ ਪਿੰਡ ਦੇ ਰਿਕਾਰਡ ਨੂੰ ਪਾਰ ਕਰ ਲੈਣਗੇ” ਇਸ ‘ਤੇ ਧਨੀ ਰਾਮ ਨੇ ਖੁਸ਼ ਹੋ ਕੇ ਕਿਹਾ, ”ਪਿਤਾ ਜੀ! ਅਸੀਂ ਬੇਹੱਦ ਖੁਸ਼ ਹੋਵਾਂਗੇ ਜੇਕਰ ਕੋਟਲੀ ‘ਚ ਨਵੇਂ ਨਾਮ ਵਾਲਿਆਂ ਦੀ ਗਿਣਤੀ ਸਾਡੇ ਪਿੰਡ ਤੋਂ ਵੱਧ ਹੋਵੇਗੀ।”ਪਰਮ ਪਿਤਾ ਜੀ ਨੇ ਉਸ ਸਮੇਂ ਦਿਨ ਤੇ ਰਾਤ ਨੂੰ ਦੋ ਸਤਿਸੰਗ ਕਰਨ ਤੋਂ ਉਪਰੰਤ ਨਾਮ-ਸ਼ਬਦ ਦੀ ਅਨਮੋਲ ਦਾਤ ਨਾਮ ਅਭਿਲਾਸ਼ੀ ਜੀਵਾਂ ਨੂੰ ਪ੍ਰਦਾਨ ਕੀਤੀ।

ਪਿੰਡ ਦਾ ਨਾਂਅ ਕੋਟਲੀ ਖੁਰਦ ਤੋਂ ਬਦਲ ਕੇ ‘ਪ੍ਰੇਮ ਕੋਟਲੀ’ (Prem Kotli)

ਪਿਆਰੇ ਮੁਰਸ਼ਿਦ ਜੀ ਦੀ ਅਜਿਹੀ ਮਿਹਰ ਹੋਈ ਕਿ ਇਸ ਛੋਟੇ ਜਿਹੇ ਨਗਰ ‘ਚ ਪਹਿਲੇ ਸਤਿਸੰਗ ‘ਤੇ ਹੀ 629 ਜੀਵਾਂ ਨੇ ਨਾਮ ਦੀ ਦਾਤ ਪ੍ਰਾਪਤ ਕੀਤੀ। ਇਸ ਖੁਸ਼ੀ ‘ਚ ਪਰਮ ਪਿਤਾ ਜੀ ਨੇ ਆਪਣੀ ਮੌਜ ‘ਚ ਆ ਕੇ ਰਾਤ ਦੇ ਸਤਿਸੰਗ ‘ਚ ਉਕਤ ਪਿੰਡ ਦਾ ਨਾਂਅ ਕੋਟਲੀ ਖੁਰਦ ਤੋਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖ ਦਿੱਤਾ। ਪਿਆਰੇ ਗੁਰੂ ਜੀ ਨੇ ਫ਼ਰਮਾਇਆ, ”ਭਾਈ ਪਿੰਡ ਤਰ ਗਿਆ ਪ੍ਰੇਮ ਕੋਟਲੀ (Prem Kotli) ਸਾਰਾ, ਗੁਰੂ ਦੇ ਨਾਲ ਤਾਰ ਜੁੜ ਗਈ” ਉਸ ਸਮੇਂ ਬੋਲੇ ਜਾ ਰਹੇ ਭਜਨ ਦੀ ਟੇਕ ਦੇ ਨਾਲ ਹੀ ਪਰਮ ਪਿਤਾ ਜੀ ਨੇ ਆਪਣੇ ਮੁਖਾਰਬਿੰਦ ‘ਚੋਂ ਬਚਨਾਂ ਰਾਹੀਂ ਪੂਰੇ ਪਿੰਡ ‘ਤੇ ਆਪਣੀ ਅਪਾਰ ਰਹਿਮਤ ਵਰਸਾਈ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪਰਮ ਪਿਤਾ ਜੀ ਨੇ ਸਮੂਹ ਸੇਵਾਦਾਰਾਂ ਨੂੰ ਅਰਾਮ ਕਰਨ ਵਾਲੇ ਘਰ ‘ਚ ਸੱਦਿਆ ਤੇ ਆਪਣੀ ਰਹਿਮਤ ਭਰਿਆ ਪ੍ਰਸ਼ਾਦ ਪ੍ਰਦਾਨ ਕੀਤਾ।

ਆਪ ਜੀ ਨੇ ਬਚਨ ਫਰਮਾਏ, ”ਤੁਹਾਡੇ ਪਿੰਡ ਦਾ ਪ੍ਰੇਮ ਵੇਖ ਕੇ ਸਾਡਾ ਦਿਲ ਤਾਂ ਇੱਥੋਂ ਜਾਣ ਨੂੰ ਨਹੀਂ ਕਰਦਾ।” ਸਾਧ-ਸੰਗਤ ਨੇ ਸਾਰੇ ਪਿੰਡ ਦੇ ਆਸ-ਪਾਸ ਤੇ ਜਿਸ ਰਸਤੇ ਤੋਂ ਪਿਆਰੇ ਗੁਰੂ ਜੀ ਨੇ ਆਉਣਾ ਸੀ, ਉਸ ਰਸਤੇ ‘ਤੇ ਪਾਣੀ ਦਾ ਇੰਨਾ ਛਿੜਕਾਅ ਕਰ ਦਿੱਤਾ ਸੀ ਕਿ ਰੇਤ ਦਾ ਨਾਮੋ-ਨਿਸ਼ਾਨ ਤੱਕ ਦਿਖਾਈ ਨਹੀਂ ਦੇ ਰਿਹਾ ਸੀ।

ਇਹ ਤਾਂ ਭਾਗਾਂ ਵਾਲਾ ਪਿੰਡ ਹੈ

ਪਿੰਡ ਪ੍ਰੇਮ ਕੋਟਲੀ (Prem Kotli) ‘ਚ ਦੂਜੀ ਵਾਰ ਸਤਿਸੰਗ ਹੋਇਆ ਪਿੰਡ ਦੀ ਸਾਧ-ਸੰਗਤ ਨੇ ਬਹੁਤ ਹੀ ਪ੍ਰੇਮ ਵਿਖਾਇਆ ਸਾਧ-ਸੰਗਤ ਦੀ ਸੇਵਾ ਤੇ ਪ੍ਰੇਮ ਨੂੰ ਵੇਖ ਕੇ ਪਰਮ ਪਿਤਾ ਜੀ ਨੇ ਫ਼ਰਮਾਇਆ, ”ਭਾਈ! ਇਹ ਤਾਂ ਭਾਗਾਂ ਵਾਲਾ ਪਿੰਡ ਹੈ ਇਸ ਪਿੰਡ ਦਾ ਬੱਚਾ-ਬੱਚਾ ਸੇਵਾ ਕਰ ਰਿਹਾ ਹੈ” ਸਤਿਸੰਗ ‘ਚ ਵੀ ਕਾਫ਼ੀ ਗਿਣਤੀ ‘ਚ ਲੋਕਾਂ ਨੇ ਨਾਮ ਸ਼ਬਦ ਦੀ ਦਾਤ ਪ੍ਰਾਪਤ ਕੀਤੀ। ਪਿੰਡ ‘ਚ ਤੀਜਾ ਸਤਿਸੰਗ ਮਈ ਮਹੀਨੇ ‘ਚ ਕੀਤਾ ਗਿਆ। ਪ੍ਰੇਮ ਕੋਟਲੀ ‘ਚ ਹੋਏ ਚੌਥੇ ਸਤਿਸੰਗ ‘ਚ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਅਨਮੋਲ ਬਚਨਾਂ ਦੀ ਬਰਸਾਤ ਕਰਦਿਆਂ ਫ਼ਰਮਾਇਆ, ”ਭਾਈ! ਇਹ ਪਿੰਡ ਪ੍ਰੇਮ ਕੋਟਲੀ, ਪ੍ਰੇਮ ਦੀ ਪੋਟਲੀ, ਪ੍ਰੇਮ ਦੀ ਕੋਠੜੀ ਹੈ ਇਸ ਪਿੰਡ ਦਾ ਪ੍ਰੇਮ ਕਾਬਿਲੇ ਤਾਰੀਫ਼ ਹੈ ਇਨ੍ਹਾਂ ਦੇ ਪ੍ਰੇਮ ਦੇ ਅੱਗੇ ਤਾਂ ਭਾਈ! ਸੂਰਜ ਦੇਵਤਾ ਵੀ ਹੱਥ ਬੰਨ੍ਹ ਕੇ ਖੜ੍ਹਾ ਹੋ ਗਿਆ ਹੈ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.