ਮੈਂ ਡਾਕਟਰ ਦਾ ਇੱਕ ਰੂਪ ਇਹ ਵੀ ਵੇਖਿਆ…

Form of Doctor Sachkahoon

ਮੈਂ ਡਾਕਟਰ ਦਾ ਇੱਕ ਰੂਪ ਇਹ ਵੀ ਵੇਖਿਆ…

ਗੱਲ ਦਹਾਕਾ ਕੁ ਪੁਰਾਣੀ ਹੈ । ਸਕੂਲ ’ਚ ਖੜ੍ਹੇ-ਖੜ੍ਹੇ ਇੱਕਦਮ ਮੇਰੇ ਪੇਟ ’ਚ ਜਬਰਦਸਤ ਦਰਦ ਉੱਠ ਖੜ੍ਹਿਆ ਮੈਂ ਬੇਵੱਸ ਜਿਹਾ ਹੋ ਗਿਆ ਮੇਰੇ ਨਾਲ ਖੜ੍ਹੇ ਕੁਲੀਗ ਨੇ ਮੈਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਡਾਕਟਰ ਨੇ ਚੈੱਕਅਪ ਕੀਤਾ ਅਪੈਂਡੈਕਸ ਦੀ ਪ੍ਰੋਬਲਮ ਆਈ ਡਾਕਟਰ ਨੇ ਕਿਹਾ ਕਿ ਅਪਰੇਟ ਕਰਨਾ ਪਊ ਪਹਿਲਾਂ ਤਾਂ ਮੈਂ ਡਰ ਗਿਆ ਪਰ ਪਿੱਛੋਂ ਮੈ ਹਾਂ ਕਰ ਦਿੱਤੀ ਤੇ ਡਾਕਟਰ ਨੇ ਅਪਰੇਸ਼ਨ ਕਰ ਦਿੱਤਾ।

ਉਸ ਹਸਪਤਾਲ ਦੇ ਡਾਕਟਰ ਵੱਲੋਂ ਅੱਗੇ ਮਾਹਿਰ ਡਾਕਟਰ ਹਾਇਰ ਕੀਤੇ ਹੋਏ ਸਨ, ਜੋ ਵੱਖ-ਵੱਖ ਬਿਮਾਰੀਆਂ ਦੇ ਸਪੈਸ਼ਲਿਸਟ ਸਨ ਮੇਰਾ ਅਪੈਂਡੈਕਸ ਦਾ ਅਪਰੇਸ਼ਨ ਵੀ ਸਾਡੇ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਰਿਟਾਇਰ ਇੱਕ ਡਾਕਟਰ ਨੇ ਕੀਤਾ ਅਪਰੇਸ਼ਨ ਠੀਕ-ਠਾਕ ਹੋ ਗਿਆ ਅਪਰੇਸ਼ਨ ਦਾ ਜਿਉਂ-ਜਿਉਂ ਮੇਰੇ ਯਾਰਾਂ-ਦੋਸਤਾਂ ਨੂੰ ਪਤਾ ਚੱਲਦਾ ਗਿਆ ਉਹ ਮੇਰਾ ਪਤਾ ਲੈਣ ਲਈ ਹਸਪਤਾਲ ਆਉਣ ਲੱਗੇ ਇੱਕ ਦਿਨ ਹਸਪਤਾਲ ’ਚ ਪਤਾ ਲੈਣ ਆਏ ਮੇਰੇ ਇੱਕ ਦੋਸਤ ਨਾਨਕ ਮਹਿਤਾ ਨੇ ਮੈਨੂੰ ਗੱਲਬਾਤ ਦੌਰਾਨ ਪੁੱਛ ਲਿਆ ਕਿ ਤੁਸੀਂ ਕੋਈ ਹੈਲਥ ਪੋਲਿਸੀ ਨਹੀਂ ਕਰਵਾਈ? ਉਸ ਦੇ ਕਹਿਣ ’ਤੇ ਮੈਨੂੰ ਯਾਦ ਆ ਗਿਆ, ਕਿ ਕੁੱਝ ਸਮਾਂ ਪਹਿਲਾਂ ਮੇਰੇ ਇੱਕ ਜਾਣਕਾਰ ਵੱਲੋਂ ਮੇਰੀ ਹੈਲਥ ਪੋਲਿਸੀ ਕੀਤੀ ਗਈ ਸੀ। ਬੱਸ ਫਿਰ ਕੀ ਸੀ, ਮੈਂ ਉਸ ਪਾਲਿਸੀ ਵਾਲਾ ਕਾਰਡ ਘਰੋਂ ਮੰਗਵਾ ਲਿਆ ਡਾਕਟਰ ਨੂੰ ਕਾਰਡ ਵਿਖਾਇਆ ਡਾਕਟਰ ਨੇ ਹੈਲਥ ਪੋਲਿਸੀ ਬਾਰੇ ਕੰਪਨੀ ਨੂੰ ਮੇਲ ਪਾ ਕੇ ਪਰਵਾਨਗੀ ਲੈ ਲਈ ਮੈਂ ਖੁਸ਼ ਹੋ ਗਿਆ ਕਿ ਹੁਣ ਮੇਰੇ ਇਲਾਜ ਦਾ ਕੋਈ ਪੈਸਾ ਨਹੀਂ ਲੱਗੇਗਾ ਡਾਕਟਰ ਦੇ ਹਸਪਤਾਲ ਵਿਚਲੇ ਸਟੋਰ ਵੱਲੋਂ ਮੇਰੇ ਤੋਂ ਦਵਾਈ ਦੇ ਪੈਸੇ ਲੈਣੇ ਬੰਦ ਕਰ ਦਿੱਤੇ ਗਏ ਬੱਸ ਪਰਚੀ ਵਿਖਾਓ ਤੇ ਦਵਾਈ ਲੈ ਆਵੋ।

ਮੈਨੂੰ ਲੱਗਾ ਕਿ ਹੈਲਥ ਪਾਲਿਸੀ ਤਾਂ ਫਾਇਦੇਵੰਦ ਹੀ ਬਹੁਤ ਹੈ, ਹਰ ਬੰਦੇ ਨੂੰ ਕਰਵਾਉਣੀ ਚਾਹੀਦੀ ਹੈ ਚੱਲੋ ਖੈਰ! ਇਲਾਜ ਚੱਲਦਾ ਰਿਹਾ ਮੈਨੂੰ ਕੀ ਪਤਾ ਸੀ ਕਿ ਇਹੋ ਹੈਲਥ ਪਾਲਿਸੀ ਮੇਰੇ ਲਈ ਮੁਸੀਬਤ ਵੀ ਬਣ ਸਕਦੀ ਹੈ ਹਫਤੇ ਕੁ ਦੇ ਵਕਫੇ ਮਗਰੋਂ ਮੇਰੀ ਸਿਹਤ ’ਚ ਸੁਧਾਰ ਹੋ ਗਿਆ ਤੇ ਮੈਂ ਡਾਕਟਰ ਕੋਲ ਹਸਪਤਾਲ ’ਚੋਂ ਘਰ ਜਾਣ ਵਾਸਤੇ ਛੁੱਟੀ ਮੰਗੀ ਮੈਨੂੰ ਜਾਪਣ ਲੱਗਾ ਕਿ ਮੈਂ ਬਿਲਕੁਲ ਤੁਰ-ਫਿਰ ਸਕਦਾ ਹਾਂ, ਇਸ ਲਈ ਮੈਨੂੰ ਛੁੱਟੀ ਲੈ ਕੇ ਘਰ ਚਲੇ ਜਾਣਾ ਚਾਹੀਦਾ ਹੈ ਤਾਂ ਜੋ ਜਲਦੀ ਠੀਕ ਹੋ ਜਾਵਾਂ ਕਿਉਂਕਿ ਹਸਪਤਾਲ ’ਚ ਮੇਰਾ ਦਿਲ ਅੱਕ ਚੁੱਕਾ ਸੀ ਪਰ ਡਾਕਟਰ ਛੁੱਟੀ ਦੇਣ ਤੋਂ ਇਨਕਾਰ ਕਰ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ, ਕਿ ਡਾਕਟਰ ਛੁੱਟੀ ਕਿਉਂ ਨਹੀਂ ਦੇ ਰਿਹਾ?

ਇਸੇ ਦੌਰਾਨ ਇੱਕ ਦਿਨ ਮੈਂ ਹਸਪਤਾਲ ਦੇ ਕਮਰੇ ਤੋਂ ਬਾਹਰ ਬੈਠ ਕੇ ਧੁੱਪ ਸੇਕ ਰਿਹਾ ਸਾਂ ਤਾਂ ਆਪਣੇ ਕੋਲ ਬੈਠੇ ਇੱਕ ਮਰੀਜ ਨੂੰ ਪੁੱਛਿਆ ਕਿ, ਤੁਹਾਨੂੰ ਕੀ ਪ੍ਰੋਬਲਮ ਹੈ? ਤਾਂ ਉਸਨੇ ਦੱਸਿਆ ਕਿ ਮੇਰੇ ਪੇਟ ’ਚ ਕੱਲ੍ਹ ਥੋੜ੍ਹਾ ਦਰਦ ਹੋਇਆ ਸੀ, ਜੋ ਹੁਣ ਬਿਲਕੁਲ ਠੀਕ ਹੈ ਪਰ ਡਾਕਟਰ ਮੈਨੂੰ ਛੁੱਟੀ ਨਹੀਂ ਦੇ ਰਿਹਾ ਕਾਰਨ ਪੁੱਛਿਆ, ਤਾਂ ਉਸ ਨੇ ਦੱਸਿਆ ਕਿ ਇਹ ਡਾਕਟਰ ਹੈਲਥ ਪਾਲਿਸੀ ਵਾਲੇ ਮਰੀਜ ਨੂੰ ਜਲਦੀ ਛੁੱਟੀ ਨਹੀਂ ਦਿੰਦਾ ਸਗੋਂ ਪਾਲਸੀ ਦੀ ਰਾਸ਼ੀ ਪੂਰੀ ਹੋਣ ’ਤੇ ਹੀ ਘਰ ਭੇਜਦਾ ਹੈ ਮੇਰੀ ਵੀ ਮਿੱਲ ਮਾਲਕਾਂ ਨੇ ਹੈਲਥ ਪਾਲਿਸੀ ਕਰਵਾਈ ਹੋਈ ਹੈ ਬੱਸ ਫਿਰ ਕੀ ਸੀ, ਮੈਨੂੰ ਸਮਝ ਆ ਗਈ ਕਿ ਡਾਕਟਰ ਮੈਨੂੰ ਇਸੇ ਕਰਕੇ ਛੁੱਟ ਨਹੀਂ ਦੇ ਰਿਹਾ।

ਇਲਾਜ ਦੌਰਾਨ ਡਾਕਟਰ ਵੱਲੋਂ ਮੇਰੇ ਕਈ ਟੈਸਟ ਅਜਿਹੇ ਕਰ ਦਿੱਤੇ ਗਏ, ਜਿਨ੍ਹਾਂ ਦੀ ਬਿਲਕੁਲ ਲੋੜ ਨਹੀਂ ਸੀ ਸਿਰਫ ਏਸ ਕਰਕੇ ਕਿ ਬੀਮਾ ਕੰਪਨੀ ਤੋਂ ਬੀਮੇ ਦੇ ਹੋਰ ਪੈਸੇ ਵਸੂਲੇ ਜਾ ਸਕਣ ਪਰ ਪਤਾ ਲੱਗਣ ’ਤੇ ਜਦੋਂ ਮੈਂ ਛੁੱਟੀ ਲਈ ਜ਼ਿਆਦਾ ਜਿੱਦ ਕਰਨ ਲੱਗਾ ਤਾਂ ਡਾਕਟਰ ਕਹਿਣ ਲੱਗਾ ਕਿ ਇੱਕ ਆਖਰੀ ਟੈਸਟ ਹੈ ਉਹ ਕਰਨ ਤੋਂ ਬਾਦ ਛੁੱਟੀ ਕਰ ਦਿੰਦੇ ਹਾਂ।

ਡਾਕਟਰ ਨੇ ਮੈਨੂੰ ਸੀਟੀ ਸਕੈਨ ਕਰਵਾਉਣ ਲਈ ਆਖਿਆ ਜਿਸ ਦਾ ਮੇਰੀ ਬਿਮਾਰੀ ਨਾਲ ਕੋਈ ਸਰੋਕਾਰ ਨਹੀਂ ਸੀ ਪਰ ਮੈਨੂੰ ਡਾਕਟਰ ਦੀ ਗੱਲ ਸਮਝਣ ’ਚ ਦੇਰ ਨਾ ਲੱਗੀ ਕਿਉਂਕਿ ਮੇਰੀ ਬੀਮਾ ਪਾਲਸੀ ਇੱਕ ਲੱਖ ਦੀ ਸੀ ਅਤੇ 10 ਹਜ਼ਾਰ ਹਾਲੇ ਪਾਲਸੀ ’ਚੋਂ ਰਹਿੰਦਾ ਸੀ ਮੈਂ ਹੈਰਾਨ ਰਹਿ ਗਿਆ ਜਦੋਂ ਡਾਕਟਰ ਨੇ 95 ਹਜ਼ਾਰ ਦਾ ਬਿੱਲ ਤਿਆਰ ਕਰਕੇ ਮੇਰੇ ਦਸਤਖਤ ਕਰਵਾਏ ਉਹ ਅਪਰੇਸ਼ਨ ਜਿਸ ’ਤੇ 15-20 ਹਜਾਰ ਖਰਚ ਆਉਂਦਾ ਸੀ ਡਾਕਟਰ ਨੇ ਬੀਮਾ ਕੰਪਨੀ ਤੋਂ ਉਸ ਦਾ 95 ਹਜਾਰ ਉਗਰਾਹਿਆ ਤਾਂ ਜਾ ਕੇ ਕਿਤੇ ਮੈਨੂੰ ਹਸਪਤਾਲ ਤੋਂ ਛੁੱਟੀ ਦਿੱਤੀ।

ਹਸਪਤਾਲ ਤੋਂ ਘਰ ਆਉਦੇ ਸਮੇਂ ਮੈਂ ਸੋਚ ਰਿਹਾ ਸਾਂ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਜਾਂ ਫਿਰ….? ਜੋ ਬਿਨਾ ਵਜ੍ਹਾ ਬੀਮਾ ਕੰਪਨੀਆਂ ਨਾਲ ਤਾਂ ਧੋਖਾ ਕਰਦੇ ਹੀ ਹਨ, ਨਾਲ ਹੀ ਆਪਣੇ ਲਾਲਚ ’ਚ ਮਰੀਜਾਂ ਦੇ ਬੇਲੋੜੇ ਟੈਸਟ ਕਰਕੇ ਉਨ੍ਹਾਂ ਦੀ ਸਿਹਤ ਨਾਲ ਵੀ ਖਿਲਵਾੜ ਕਰਦੇ ਹਨ ਉਸ ਦਿਨ ਸਮਝ ਆਈ ਕਿ ਡਾਕਟਰਾਂ ਦਾ ਇੱਕ ਰੂਪ ਇਹ ਵੀ ਹੁੰਦਾ ਹੈ।

ਲੈਕਚਰਾਰ ਅਜੀਤ ਖੰਨਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਮੰਡੀ ਗੋਬਿੰਦਗੜ੍ਹ (ਫ ਗ ਸ)
ਮੋ. 70095-29004

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ