ਨਾਭਾ ਜੇਲ ‘ਚ ਕੈਦੀਆਂ ਸ਼ੁਰੂ ਕੀਤੀ ਭੁੱਖ ਹੜਤਾਲ!

ਪੰਜ ਮੈਂਬਰਾਂ ਦਾ ਗਰੁੱਪ ਬੈਠਾ ਹੜਤਾਲ ‘ਤੇ

ਨਾਭਾ, (ਤਰੁਣ ਕੁਮਾਰ ਸ਼ਰਮਾ)। ਨਾਭਾ ਵਿਖੇ ਸਥਿੱਤ ਪੰਜਾਬ ਦੀ ਅਤਿ ਸੁਰੱਖਿਅਤ ਜੇਲ ਮੁੜ ਤੋਂ ਉਸ ਸਮੇਂ ਵਿਵਾਦਾਂ ਵਿੱਚ ਆ ਗਈ ਜਦੋਂ ਇਸ ਵਿੱਚ ਨਜਰਬੰਦ ਕੁੱਝ ਕੈਦੀਆਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸ਼ੁਰੂ ਕੀਤੀ ਇਸ ਭੁੱਖ ਹੜਤਾਲ ‘ਤੇ ਨਿਹਾਲ ਸਿੰਘ ਨਾਮੀ ਕੈਦੀ ਦੀ ਅਗਵਾਈ ਵਿੱਚ ਪੰਜ ਕੈਦੀਆਂ ਦਾ ਗਰੁੱਪ ਬੈਠਿਆ ਹੈ ਅਤੇ ਰੋਜ਼ਾਨਾ ਪੱਧਰ ‘ਤੇ ਜਾਰੀ ਰਹਿਣ ਵਾਲੀ ਲੜੀਵਾਰ ਭੁੱਖ ਹੜਤਾਲ ‘ਤੇ ਪੰਜ ਕੈਦੀਆਂ ਦੇ ਬੈਠਣ ਦਾ ਐਲਾਨ ਕੈਦੀਆਂ ਵੱਲੋਂ ਕੀਤਾ ਗਿਆ ਹੈ।

ਕੈਦੀਆਂ ਵੱਲੋਂ ਇਹ ਭੁੱਖ ਹੜਤਾਲ ਜੇਲ ਪ੍ਰਸ਼ਾਸ਼ਨ ‘ਤੇ ਧਾਰਮਿਕ ਪੋਥੀਆਂ ਦੀ ਬੇਕਦਰੀ ਦਾ ਦੋਸ਼ ਲਾਉਂਦਿਆਂ ਕੀਤੀ ਗਈ ਹੈ। ਬੀਤੇ ਦਿਨੀ ਜਲੰਧਰ ਵਿਖੇ ਪੇਸ਼ੀ ‘ਤੇ ਗਏ ਕੈਦੀਆਂ ਵੱਲੋਂ ਆਪਣੇ ਵਕੀਲ ਰਾਹੀ ਪੇਸ਼ ਕੀਤੇ ਪ੍ਰੈਸ ਨੋਟ ਅਨੁਸਾਰ ਸੰਗਤਾਂ ਵੱਲੋਂ ਜੇਲ ਅੰਦਰ ਬੰਦ ਸਿੱਖ ਕੈਦੀਆਂ ਲਈ ਧਾਰਮਿਕ ਪੋਥੀਆਂ ਭੇਜੀਆ ਗਈਆ ਸਨ

ਜਿਨ੍ਹਾਂ ਨੂੰ ਕਥਿਤ ਰੂਪ ਵਿੱਚ ਜੇਲ੍ਹ ਦੇ ਸਹਾਇਕ ਡਿਪਟੀ ਸੁਪਰਡੈਂਟ ਨੇ ਨਾ ਸਿਰਫ ਆਪਣੇ ਕੋਲ ਹੀ ਰੱਖ ਲਿਆ ਸੀ ਸਗੋਂ ਕੈਦੀਆਂ ਵੱਲੋਂ ਵਾਰ ਵਾਰ ਬੇਨਤੀ ਕਰਨ ‘ਤੇ ਜਦੋਂ ਵਾਪਸ ਕੀਤਾ ਤਾਂ ਇਨ੍ਹਾਂ ਨੂੰ ਅਲਮਾਰੀ ਉਪਰੋਂ ਗੰਦੀ ਥਾਂ ‘ਤੇ ਰੱਖਿਆ ਗਿਆ ਸੀ। ਇਸੇ ਕ੍ਰਮ ਅਧੀਨ ਅੱਜ ਕੈਦੀਆਂ ਨੇ ਜੇਲ੍ਹ ਪ੍ਰਸ਼ਾਸ਼ਨ ਤੋਂ ਮਾਫੀ ਦੀ ਮੰਗ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

20 ਕੈਦੀਆਂ ਦੇ ਦਸਖਤ ਹੋਣ ਦਾ ਦਾਅਵਾ ਕਰਦੇ ਹੋਏ ਕੈਦੀਆਂ ਵੱਲੋਂ ਜੇਲ੍ਹ ਦੇ ਇਸ ਅਫਸਰ ‘ਤੇ  ਗੰਭੀਰ ਦੋਸ਼ ਲਾਏ ਗਏ ਹਨ ਕਿ ਰਾਤ ਨੂੰ ਉਨ੍ਹਾਂ ਨੂੰ ਇਸ ਅਫਸਰ ਵੱਲੋਂ ਬੈਰਕਾਂ ਤੋਂ ਬਾਹਰ ਕੱਢ ਕੇ ਘੰਟਿਆ ਬੱਧੀ ਰੱਖਿਆ ਜਾਂਦਾ ਹੈ। ਜਿਕਰਯੋਗ ਹੈ ਕੈਦੀਆਂ ਦੀ ਭੁੱਖ ਹੜਤਾਲ ਦੇ ਐਲਾਨ ਤੋਂ ਬਾਦ ਬੀਤੇ ਦਿਨ ਜੇਲ੍ਹਾਂ ਦੇ ਡੀਆਈਜੀ ਵੀ ਕੈਦੀਆਂ ਨਾਲ ਗੱਲਬਾਤ ਲਈ ਨਾਭਾ ਜੇਲ੍ਹ ਪੁੱਜੇ ਸਨ ਪਰੰਤੂ ਕੈਦੀਆਂ ਨੂੰ ਮਨਾਉਣ ਵਿੱਚ ਅਸਫਲ ਰਹੇ ਸਨ।

ਕੀ ਕਹਿੰਦੇ ਹਨ ਸਹਾਇਕ ਡਿਪਟੀ ਸੁਪਰਡੈਂਟ

ਕੈਦੀਆਂ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆ ਮਾਮਲੇ ਦੇ ਸਬੰਧਿਤ ਸਹਾਇਕ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਦੀ ਬੇਬੁਨਿਆਦ ਦੋਸ਼ ਲਾ ਰਹੇ ਹਨ ਜਦਕਿ ਉਹ ਤਾਂ ਖੁਦ ਧਾਰਮਿਕ ਬਿਰਤੀ ਦੇ ਇਨਸਾਨ ਹਨ। ਉਹ ਅਜਿਹੀ ਗਲਤੀ ਕਰ ਹੀ ਨਹੀ ਸਕਦੇ ਹਨ। ਉਪਰੋਕਤ ਸਥਿਤੀ ਸੰਬੰਧੀ ਜਦੋਂ ਜੇਲ ਸੁਪਰਡੈਂਟ ਨਾਲ ਗੱਲ ਕਰਨੀ ਚਾਹੀ ਗਈ ਤਾਂ ਉਨ੍ਹਾਂ ਦਾ ਮੋਬਾਇਲ ਫੋਨ ਲੰਮਾ ਸਮਾਂ ਰੁੱਝਾ ਹੋਇਆ ਤੇ ਸਵਿੱਚ ਆਫ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।