ਕਰਫਿਊ ਤੋਂ ਪਹਿਲਾਂ ਯਾਤਰਾ ‘ਤੇ ਗਏ ਪੰਜਾਬ ਦੇ ਸੈਂਕੜੇ ਸ਼ਰਧਾਲੂ ਤਖਤ ਸ਼੍ਰੀ ਪਟਨਾ ਸਾਹਿਬ ਫਸੇ

ਸੁਰੱਖਿਅਤ ਘਰ ਪਹੁੰਚਾਉਣ ਲਈ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

ਫਿਰੋਜ਼ਪੁਰ, (ਸਤਪਾਲ ਥਿੰਦ)। ਕਰੋਨਾ ਵਾਇਰਸ ਦੇ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 14 ਅਪਰੈਲ ਤੱਕ ਲਾੱਕ ਡਾਊਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਵੱਖ-ਵੱਖ ਸੂਬਿਆਂ ਵਿੱਚਲਾਗੂ ਕੀਤਾ ਗਿਆ, ਜਿਸ ਕਾਰਨ ਸਭ ਕੁਝ ਇੱਕਦਮ ਰੁਕ ਗਿਆ ਅਤੇ ਲੋਕਾਂ ਨੂੰ ਘਰਾਂ ‘ਚ ਹੀ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਛੇਤੀ ਕਿਤੇ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ ਘਰਾਂ ‘ਚੋਂ ਪਹਿਲਾਂ ਦੇ ਬਾਹਰ ਗਏ ਲੋਕ ਵਾਪਸ ਘਰਾਂ ਨੂੰ ਆਉਣ ਲਈ ਤਰਸ ਰਹੇ ਹਨ ਤੇ ਪਰਿਵਾਰਕ ਮੈਂਬਰ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀਆ ਕੋਸ਼ਿਸ਼ਾਂ ਕਰ ਰਹੇ ਹਨ।

ਇਸ ਤਰਾਂ ਪੰਜਾਬ ‘ਚੋਂ ਸੈਂਕੜੇ ਸ਼ਰਧਾਲੂ ਜੋ ਕਰਫਿਊ ਤੋਂ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਯਾਤਰਾ ‘ਤੇ ਗਏ ਹੋਏ ਸਨ ਪਰ ਕਰਫਿਊ ਲੱਗਣ ਕਾਰਨ ਉੱਥੇ ਹੀ ਫਸ ਗਏ ਹਨ। ਜਿਸ ਕਾਰਨ ਪਟਨਾ ਸਾਹਿਬ ਫਸੀ ਸੰਗਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਬਿਹਾਰ ਨਿਤਿਸ਼ ਕੁਮਾਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆ ਕਿਹਾ ਕਿ ਦਰਸ਼ਨਾਂ ਲਈ ਪੰਜਾਬ ਤੋਂ ਗਈ ਸਿੱਖ ਸੰਗਤ ਪਿਛਲੇ 10 ਦਿਨਾਂ ਤੋਂ ਉਥੇ ਫਸ ਗਈ ਹੈ ਜਿਹਨਾਂ ‘ਚ ਜ਼ਿਆਦਾਤਰ ਬਜ਼ੁਰਗ ਅਤੇ ਬੱਚੇ ਸ਼ਾਮਲ ਹਨ। ਉਹਨਾਂ ਦੱਸਿਆ ਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ ਜ਼ਿਲਿਆਂ ਤੋਂ ਚਾਰ-ਪੰਜ ਸੌ ਦੇ ਕਰੀਬ ਸੰਗਤ ਹੈ, ਜਿਹਨਾਂ ਨੂੰ ਜਲਦ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।