ਕਿਸਾਨਾਂ ਦੇ ਚੋਰੀ ਹੋਏ ਕਰੋੜਾਂ ਰੁਪਏ ਦੇ ਸਮਾਨ ਲਈ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ : ਚੱਠਾ | Sunam News
- ਆਖਿਆਂ, ਜਦੋਂ ਤੱਕ ਸਮਾਨ ਦੀ ਭਰਪਾਈ ਨਹੀਂ ਹੁੰਦੀ ਉਦੋਂ ਤੱਕ ਮੰਤਰੀਆਂ ਤੇ ਵਿਧਾਇਕਾਂ ਦਾ ਹੋਵੇਗਾ ਡਟਵਾਂ ਵਿਰੋਧ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਸ਼ੰਭੂ ਬਾਰਡਰਾਂ ਤੇ ਕਿਸਾਨਾਂ ਦੇ ਪਿਛਲੇ 14 ਮਹੀਨਿਆਂ ਤੋਂ ਚੱਲ ਰਹੇ ਮੋਰਚਿਆਂ ਤੇ ਪੰਜਾਬ ਸਰਕਾਰ ਵੱਲੋਂ 19 ਮਾਰਚ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਸੰਘਰਸ਼ ਕਰ ਰਹੀਆਂ ਦੋਵੇਂ ਫੋਰਮਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਅੰਦਰ ਆਉਣ ਤੇ ਘਿਰਾਓ ਕਰਕੇ ਲਗਾਤਾਰ ਸਵਾਲ ਕੀਤੇ ਜਾ ਰਹੇ ਹਨ।
ਇਹ ਖਬਰ ਵੀ ਪੜ੍ਹੋ : National Highway News: ਮੁੱਖ ਹਾਈਵੇਅ ਬੰਦ! ਪੰਜਾਬ ’ਚ ਲੱਗਿਆ ਲੰਬਾ ਟ੍ਰੈਫਿਕ ਜਾਮ, ਸਫਰ ਤੋਂ ਪਹਿਲਾਂ ਪੜ੍ਹੋ ਇਹ ਖਬਰ…
ਇਸੇ ਤਰ੍ਹਾਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਪਿੰਡ ਸ਼ਾਹਪੁਰ ਕਲਾਂ ਦੇ ਸਰਕਾਰੀ ਸਕੂਲ ’ਚ ਉਦਘਾਟਨ ਕਰਨ ਪਹੁੰਚ ਰਹੇ ਆਪ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਅਲੀਕਿਆ ਗਿਆ ਸੀ ਪਰ ਜਿਉਂ ਹੀ ਇਸ ਦੀ ਭਿਣਕ ਪੁਲਿਸ ਪ੍ਰਸ਼ਾਸਨ ਨੂੰ ਪਈ ਤਾਂ ਵੱਖ-ਵੱਖ ਥਾਵਾਂ ’ਤੇ ਸਖਤ ਨਾਕਾਬੰਦੀ ਕਰਕੇ ਬਾਕੀ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਹੋਰ ਦਰਜਣਾਂ ਆਗੂਆਂ ਤੇ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ’ਚ ਬੰਦ ਕਰ ਦਿੱਤਾ। Sunam News

ਇਸ ਸਬੰਧੀ ਗੱਲਬਾਤ ਕਰਦਿਆਂ ਰਣ ਸਿੰਘ ਚੱਠਾ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਚੱਲੇ ਅੰਦੋਲਨ ਦੌਰਾਨ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਕਰਵਾ ਕੇ ਮਨਾਈਆਂ ਮੰਗਾਂ ਤੇ ਹੋਰ ਮੰਗਾਂ ਸਬੰਧੀ ਬਾਰਡਰਾਂ ’ਤੇ ਮੋਰਚੇ ਚੱਲ ਰਹੇ ਸੀ ਤੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਪਰ ਇਸੇ ਦੌਰਾਨ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਤੇ ਮੋਰਚਿਆਂ ਨੂੰ ਤਹਿਸ-ਨਹਿਸ ਕਰਕੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਦੋਵੇਂ ਮੋਰਚਿਆਂ ਤੋਂ ਕਿਸਾਨਾਂ ਦੀਆਂ ਟਰਾਲੀਆਂ, ਏਸੀ, ਫਰਿੱਜ, ਕੂਲਰ, ਸਿਲੰਡਰ ਆਦਿ ਚੋਰੀ ਹੋਏ ਕਰੋੜਾਂ ਰੁਪਏ ਦੇ ਸਮਾਨ ਲਈ ਸਿੱਧੇ ਤੌਰ ’ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੈ।
ਉਨਾਂ ਕਿਹਾ ਕਿ ਅੱਜ ਅਸੀਂ ਸ਼ਾਂਤੀ ਪੂਰਵਕ ਆਪ ਦੇ ਸੂਬਾ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ, ਕਰੋੜਾਂ ਰੁਪਏ ਦਾ ਸਮਾਨ ਚੋਰੀ ਹੋਣ ਸਮੇਤ ਅਨੇਕਾਂ ਸਵਾਲ ਕਰਨੇ ਸੀ ਪਰ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਪੁਲਿਸ ਪ੍ਰਸ਼ਾਸਨ ਸਾਡੇ ਹੱਕਾਂ ਲਈ ਸੰਘਰਸ਼ ਕਰਨ ਦੇ ਮਿਲੇ ਲੋਕਤੰਤਰਿਕ ਅਧਿਕਾਰ ਦਾ ਘਾਣ ਕਰਨ ’ਤੇ ਤੁਲਿਆ ਹੋਇਆ ਹੈ । ਉਨਾਂ ਕਿਹਾ ਕਿ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਕਦੇ ਵੀ ਡੰਡੇ ਦੇ ਜ਼ੋਰ ਨਾਲ ਨਹੀਂ ਦਬਾਇਆ ਜਾ ਸਕਦਾ।
ਹਾੜੀ ਦਾ ਸੀਜ਼ਨ ਖਤਮ ਹੋਣ ਉਪਰੰਤ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਇਹ ਭੁਲੇਖਾ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਸਮਾਨ ਚੋਰੀ ਹੋਣ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਕਰੋੜਾਂ ਰੁਪਏ ਦੇ ਚੋਰੀ ਹੋਏ ਸਮਾਨ ਦੀ ਭਰਪਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਪੰਜਾਬ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਨੂੰ ਪਿੰਡਾਂ ’ਚ ਘੇਰ ਕੇ ਸਵਾਲ ਕੀਤੇ ਜਾਣਗੇ ਤੇ ਡਟਵਾਂ ਵਿਰੋਧ ਵੀ ਕੀਤਾ ਜਾਵੇਗਾ। Sunam News