ਨਿਮਰਤਾ, ਚੰਗੇਰੀ ਸ਼ਖਸੀਅਤ ਦੀ ਪਹਿਚਾਣ ਹੁੰਦੀ ਹੈ

ਨਿਮਰਤਾ, ਚੰਗੇਰੀ ਸ਼ਖਸੀਅਤ ਦੀ ਪਹਿਚਾਣ ਹੁੰਦੀ ਹੈ

ਨਿਮਰਤਾ ਤੋਂ ਭਾਵ ਹੈ ਹੰਕਾਰ ਤੋਂ ਰਹਿਤ ਹੋਣਾ। ਜਦੋਂ ਕੋਈ ਵਿਅਕਤੀ ਆਪਣੇ ਧਨ, ਗਿਆਨ, ਰੰਗ-ਰੂਪ, ਕਾਰੋਬਾਰ, ਔਲਾਦ ਆਦਿ ਦਾ ਗੁਮਾਨ ਛੱਡ, ਆਪਾ-ਭਾਵ ਭੁਲਾ ਕੇ ਸਭ ਨਾਲ ਮਿਲਵਰਤਣ, ਪਿਆਰ, ਸਤਿਕਾਰ ਅਤੇ ਸਾਂਝੀਵਾਲਤਾ ਦਾ ਵਿਹਾਰ ਕਰਦਾ ਹੈ ਤਾਂ ਉਸਦਾ ਇਹ ਵਿਹਾਰ ਹੀ ਨਿਮਰਤਾ ਹੈ। ਅਸਲ ਵਿੱਚ ਨਿਮਰਤਾ ਦਾ ਗੁਣ ਜੀਵਨ ਦਾ ਅਨਮੋਲ ਗਹਿਣਾ ਹੁੰਦਾ ਹੈ।

ਜਿਸ ਵਿਅਕਤੀ ਨੇ ਆਪਣੇ ਅੰਦਰ ਨਿਮਰਤਾ ਦਾ ਗੁਣ ਵਿਕਸਿਤ ਕਰ ਲਿਆ, ਤਾਂ ਪਿਆਰ, ਦਇਆ, ਹਮਦਰਦੀ, ਸਹਿਣਸ਼ੀਲਤਾ, ਦੀਨਤਾ ਅਤੇ ਨਿੱਡਰਤਾ ਵਰਗੇ ਸਾਰੇ ਗੁਣ ਸਹਿਜੇ ਹੀ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ। ਕਈ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਨਿਮਰਤਾ ਡਰਪੋਕ ਅਤੇ ਕਮਜ਼ੋਰ ਵਿਅਕਤੀ ਦੇ ਜੀਵਨ ਦਾ ਸਹਾਰਾ ਹੁੰਦੀ ਹੈ ਪਰ ਉਨ੍ਹਾਂ ਦੀ ਇਹ ਸੋਚ ਸਹੀ ਨਹੀਂ ਹੈ। ਅਸਲ ਵਿੱਚ ਗੱਲ ਇਹ ਹੈ ਕਿ ਨਿਮਰਤਾ ਕੋਈ ਕਮਜ਼ੋਰੀ ਨਹੀਂ, ਸਗੋਂ ਇਹ ਤਾਂ ਸ਼ਕਤੀਸ਼ਾਲੀ ਵਿਅਕਤੀਤਵ ਦੀ ਪਹਿਚਾਣ ਹੁੰਦੀ ਹੈ।

ਨਿਮਰਤਾ ਦੇ ਅੱਗੇ ਤਾਂ ਵੱਡੇ-ਵੱਡੇ ਪਹਾੜ ਵੀ ਛੋਟੇ ਰਹਿ ਜਾਂਦੇ ਹਨ। ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਆਸ-ਪਾਸ ਦੇ ਲੋਕ ਕਿਸੇ ਮੁੱਦੇ ‘ਤੇ ਵਿਚਾਰ ਕਰਦੇ-ਕਰਦੇ ਤਕਰਾਰਬਾਜ਼ੀ ‘ਤੇ ਉਤਾਰੂ ਹੋ ਜਾਂਦੇ ਹਨ। ਕਈ ਵਾਰੀ ਤਾਂ ਤਕਰਾਰਬਾਜ਼ੀ ਐਨੀ ਜਿਆਦਾ ਵਧ ਜਾਂਦੀ ਹੈ ਕਿ ਆਪਸ ਵਿੱਚ ਹਿੰਸਕ ਟਕਰਾਅ ਵੀ ਹੋ ਜਾਂਦੇ ਹਨ। ਤਕਰਾਰਬਾਜ਼ੀ ਤੇ ਟਕਰਾਅ ਤੋਂ ਪਾਸਾ ਵੱਟ ਇੱਕ-ਦੂਜੇ ਦੇ ਵਿਚਾਰ ਨੂੰ ਨਿਮਰਤਾ ਨਾਲ ਸੁਣਿਆ ਜਾਵੇ ਅਤੇ ਵਿਚਾਰ ਦੇ ਕਿਸੇ ਵੀ ਨੁਕਤੇ ‘ਤੇ ਜੇਕਰ ਸਹਿਮਤੀ ਨਹੀਂ ਵੀ ਬਣਦੀ ਤਾਂ ਵੀ ਆਪਸੀ ਸਾਂਝ ਤੇ ਮਨੁੱਖੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਇਹੀ ਦਰਸ਼ਨ ਸ਼ਾਸਤਰ ਤੇ ਸਮਾਜ ਸ਼ਾਸਤਰ ਦਾ ਸਿਧਾਂਤ ਹੈ ਕਿ ਅਸੀਂ ਜਬਰਦਸਤੀ ਕਿਸੇ ਉੱਪਰ ਆਪਣੇ ਵਿਚਾਰ ਅਤੇ ਵਿਸ਼ਵਾਸ ਥੋਪ ਨਹੀਂ ਸਕਦੇ। ਨਿਮਰਤਾ ਭਰੇ ਬੋਲ ਹੰਕਾਰੀ ਅਵਾਜਾਂ ਨੂੰ ਪਲਾਂ ਵਿੱਚ ਸ਼ਾਂਤ ਕਰਨ ਦੀ ਸ਼ਕਤੀ ਰੱਖਦੇ ਹਨ। ਇੱਕ ਵਾਰ ਦੀ ਗੱਲ ਹੈ ਕਿ ਇੱਕ ਤਲਾਬ ‘ਤੇ ਤੰਗ ਪੁਲ ਬਣਿਆ ਹੋਇਆ ਸੀ। ਉਸ ਪੁਲ Àੁੱਪਰੋਂ ਇੱਕੋ ਸਮੇਂ ਦੋ ਵਿਅਕਤੀ ਇਕੱਠੇ ਆਹਮੋ-ਸਾਹਮਣੇ ਆ ਗਏ। ਪੁਲ ਐਨਾ ਤੰਗ ਸੀ ਕਿ ਇੱਕ ਵਿਅਕਤੀ ਥੋੜ੍ਹਾ ਜਿਹਾ ਟੇਢਾ ਹੋ ਕੇ, ਰਸਤਾ ਛੱਡ ਕੇ ਲੰਘੇ ਤਾਂ ਸਾਹਮਣਿਓਂ ਆ ਰਿਹਾ ਦੂਸਰਾ ਰਾਹੀ ਵੀ ਆਰਾਮ ਨਾਲ ਲੰਘ ਸਕਦਾ ਸੀ। ਪੁਲ ਦੇ ਬਿਲਕੁਲ ਵਿਚਕਾਰ ਆ ਕੇ ਦੋਵੇਂ ਵਿਅਕਤੀ ਰੁਕ ਗਏ।

ਪਹਿਲੇ ਵਿਅਕਤੀ ਨੇ ਛਾਤੀ ਹੋਰ ਚੌੜੀ ਕਰਕੇ ਹੰਕਾਰੀ ਲਹਿਜੇ ਵਿੱਚ ਦੂਸਰੇ ਵਿਅਕਤੀ ਨੂੰ ਕਿਹਾ, ‘ਪਾਸੇ ਹੋ ਜਾ, ਰਾਹ ਛੱਡ, ਮੈਂ ਤੇਰੇ ਜਿਹੇ ਐਰੇ-ਗੈਰੇ, ਛੋਟੇ-ਮੋਟੇ ਬੰਦੇ ਲਈ ਰਾਹ ਨਹੀਂ ਛੱਡਦਾ ਹੁੰਦਾ।’ ‘ਪਰ ਭਾਈ ਸਾਹਿਬ, ਮੈਂ ਛੱਡ ਦਿੰਦਾ ਹੁੰਨਾ ਰਾਹ’ ਦੂਸਰੇ ਵਿਅਕਤੀ ਨੇ ਬਿਨਾਂ ਗਰਮੀ ਖਾਧੇ, ਬੜੀ ਨਿਮਰਤਾ ਨਾਲ ਇਹ ਕਹਿੰਦੇ ਹੋਏ ਰਾਹ ਛੱਡ ਦਿੱਤਾ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਦੋਵਾਂ ਵਿੱਚੋਂ ‘ਐਰਾ-ਗੈਰਾ ਤੇ ਛੋਟਾ-ਮੋਟਾ’ ਕੌਣ ਸਾਬਿਤ ਹੋਇਆ? ਪਹਿਲੇ ਵਿਅਕਤੀ ਦੇ ਹੰਕਾਰ ਦਾ ਜੁਆਬ ਬੜੀ ਨਿਮਰਤਾ ਨਾਲ ਦੇਣ ਵਾਲੇ ਦੂਸਰੇ ਵਿਅਕਤੀ ਨੇ ਆਪਣੇ ਸਨਮਾਨ ਨੂੰ ਤਾਂ ਬਰਕਰਾਰ ਰੱਖਿਆ ਹੀ, ਸਗੋਂ ਬੇਲੋੜੇ ਟਕਰਾਅ ਤੋਂ ਵੀ ਬਚਾਅ ਕਰ ਲਿਆ।

ਇਸ ਤਰ੍ਹਾਂ ਨਿਮਰਤਾ ਅਜਿਹਾ ਸਾਧਨ ਹੈ ਜਿਸਦੀ ਮੱਦਦ ਨਾਲ ਇਨਸਾਨ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ। ਨਿਮਰ ਸੁਭਾਅ ਵਾਲਾ ਇਨਸਾਨ ‘ਮਨ ਨੀਵਾਂ ਮੱਤ ਉੱਚੀ’ ਸੰਕਲਪ ਦਾ ਧਾਰਨੀ ਹੋ ਜਾਂਦਾ ਹੈ ਤੇ ਨਿਮਰ ਸੁਭਾਅ ਵਾਲਾ ਇਨਸਾਨ ਹੀ ਹਰ ਇੱਕ ਦਾ ਦਿਲ ਜਿੱਤ ਸਕਦਾ ਹੈ।   ਨਿਮਰਤਾ ਨਾਲ ਜੀਵਨ ਜੀਉਣ ਵਾਲੇ ਕਦੇ ਮੁਸੀਬਤਾਂ ਤੋਂ ਹਾਰਦੇ ਨਹੀਂ, ਸਗੋਂ ਸਬਰ ਸੰਤੋਖ ਨਾਲ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਰੁਬਰੂ ਹੁੰਦੇ ਹੋਏ, ਆਪਣੇ ਸਦਕਰਮਾਂ ਦੀ ਲੜੀ ਨੂੰ ਜਾਰੀ ਰੱਖਦੇ ਹਨ। ਨਿਮਰਤਾ ਦੇ ਉਲਟ ਆਕੜ ਰੱਖਣ ਵਾਲੇ ਮੁਰਦੇ ਸਮਾਨ ਹੁੰਦੇ ਹਨ ਕਿਉਂਕਿ ਮ੍ਰਿਤ ਸਰੀਰ ਵਿੱਚ ਅਕੜਾਅ ਹੁੰਦਾ ਹੈ ਨਾ ਕਿ ਜੀਵਤ ਸ਼ਰੀਰ ਵਿੱਚ। ਇਸ ਲਈ ਜਿਉਂਦੇ ਜੀ ਕਦੇ ਆਕੜ ਨਹੀਂ ਰੱਖਣੀ ਚਾਹੀਦੀ।

ਜਦੋਂ ਹਨ੍ਹੇਰੀਆਂ ਚੱਲਦੀਆਂ ਹਨ ਤਾਂ ਓਹੀ ਰੁੱਖ ਪਹਿਲਾਂ ਟੁੱਟ ਜਾਂਦੇ ਹਨ ਜੋ ਆਕੜੇ ਹੁੰਦੇ ਹਨ, ਪਰ ਜਿਹੜੇ ਰੁੱਖ ਹਵਾ ਦੇ ਤੇਜ਼ ਵੇਗ ਅੱਗੇ ਨਿਮਰਤਾ ਨਾਲ ਝੁਕ ਜਾਂਦੇ ਹਨ, ਉਹ ਟੁੱਟਣੋਂ ਬਚ ਜਾਂਦੇ ਹਨ। ਤੱਕੜੀ ਦੇ ਦੋਵੇਂ ਪੱਲੜਿਆਂ ਵਿੱਚੋਂ ਜੋ ਪੱਲੜਾ ਨੀਵਾਂ ਹੁੰਦਾ ਹੈ, ਭਾਰ ਵੀ ਉਸੇ ਵਿੱਚ ਹੁੰਦਾ ਹੈ। ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਖਾਲੀ ਪੀਪਾ ਵਜਾਉਣ ‘ਤੇ ਖੜਕਾ ਜਿਆਦਾ ਹੁੰਦਾ ਅਤੇ ਭਰੇ ਪੀਪੇ ਦੇ ਖੜਕਣ ਦੀ ਆਵਾਜ਼ ਘੱਟ ਹੁੰਦੀ ਹੈ। ਠੀਕ ਉਸੇ ਤਰ੍ਹਾਂ, ਜਿਸ ਵਿੱਚ ਸੱਚਮੁੱਚ ਕੋਈ ਗਿਆਨ ਹੁੰਦਾ ਹੈ, ਉਹ ਜਿਆਦਾ ਵਿਖਾਵਾ ਜਾਂ ਸ਼ੋਰ-ਸ਼ਰਾਬਾ ਨਹੀਂ ਕਰੇਗਾ ਤੇ ਨਿਮਰਤਾ ਸਹਿਤ ਵਿਹਾਰ ਕਰੇਗਾ ਪਰ ਘੱਟ ਗਿਆਨ ਵਾਲਾ ਇਸ ਤਰ੍ਹਾਂ ਵਿਹਾਰ ਕਰੇਗਾ ਕਿ ਜਿਵੇਂ ਉਸਦੀ ਬਰਾਬਰੀ ਦਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਨਿਮਰਤਾ ਸੱਚੇ ਗਿਆਨਵਾਨ ਦੀ ਪਹਿਚਾਣ ਹੁੰਦੀ ਹੈ।

ਇਹ ਗੱਲ ਵੀ ਸੱਚ ਹੈ ਕਿ ਫ਼ਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਹਨ । ਸੋ ਸਾਨੂੰ ਹਮੇਸ਼ਾ ਨਿਮਰਤਾ ਧਾਰਨ ਕਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਭ ਧਰਮਾਂ ਵਿੱਚ ਵੀ ਨਿਮਰਤਾ ਦਾ ਉਪਦੇਸ਼ ਦਿੱਤਾ ਗਿਆ ਹੈ ਕਿ ਭਗਤੀ ਮਾਰਗ ‘ਤੇ ਅਡੋਲ ਉਹੀ ਚੱਲ ਸਕਦਾ ਹੈ ਜਿਸਨੇ ਨਿਮਰਤਾ ਧਾਰਨ ਕੀਤੀ ਹੋਵੇ। ਹੰਕਾਰੀ ਵਿਅਕਤੀ ਕਦੇ ਵੀ ਭਗਤੀ ਮਾਰਗ ‘ਤੇ ਨਹੀਂ ਚੱਲ ਸਕਦੇ ਅਤੇ ਪ੍ਰਭੂ ਭਗਤਾਂ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ।

ਇਹ ਗੱਲ ਬਿਲਕੁਲ ਸੱਚ ਹੈ ਕਿ ਜਿੱਥੇ ਹੰਕਾਰ ਨੂੰ ਸਥਾਨ ਮਿਲ ਜਾਂਦਾ ਹੈ, Àੁੱਥੋਂ ਨਿਮਰਤਾ ਖੰਭ ਲਾ ਕੇ ਉੱਡ ਜਾਂਦੀ ਹੈ। ਨਿਮਰਤਾ ਦੇ ਅਥਾਹ ਸਾਗਰ ਅੱਗੇ ਹੰਕਾਰ ਦੀ ਅੱਗ ਜ਼ਿਆਦਾ ਦੇਰ ਤੱਕ ਨਹੀਂ ਟਿਕਦੀ। ਮਿਸਾਲ ਵਜੋਂ ਰਮਾਇਣ ਵਿੱਚ ਜਿਕਰ ਆਉਂਦਾ ਹੈ ਕਿ ਰਾਵਣ ਚਾਰੇ ਵੇਦਾਂ ਦਾ ਗਿਆਤਾ ਅਤੇ ਟੀਕਾਕਾਰ ਪੰਡਿਤ ਸੀ। ਉਹ ਬਹੁਤ ਵੱਡਾ ਸ਼ਿਵ ਭਗਤ ਸੀ। ਦੇਵਤੇ ਵੀ ਉਸਦੀਆਂ ਸ਼ਕਤੀਆਂ ਕਾਰਨ ਉਸ ਤੋਂ ਭੈਅ ਖਾਂਦੇ ਸਨ। ਪਰ ਆਪਣੇ ਹੰਕਾਰ ਕਾਰਨ ਉਸਨੇ ਨਿਮਰਤਾ ਦੇ ਪਰਮ ਪੁੰਜ ਸ੍ਰੀ ਰਾਮ ਨਾਲ ਵੈਰ ਕਮਾਇਆ ਤੇ ਅੰਤ ਵਿੱਚ ਉਸਦਾ ਸਰਵਨਾਸ਼ ਹੋ ਗਿਆ। ਸੋ ਹੰਕਾਰੀ ਨੂੰ ਹਮੇਸ਼ਾ ਹਾਰ ਹੀ ਮਿਲਦੀ ਹੈ ਅਤੇ ਨਿਮਰਤਾ ਦੇ ਧਾਰਨੀ ਨੂੰ ਹਮੇਸ਼ਾ ਜਿੱਤ।
ਸ੍ਰੀ ਮੁਕਤਸਰ ਸਾਹਿਬ।
ਮੋ. 90413-47351
ਯਸ਼ਪਾਲ ਮਾਹਵਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.