ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ

ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ

ਪੁਰਾਤਨ ਸਮਿਆਂ ਵਿੱਚ ਊਠਾਂ ਅਤੇ ਬਲਦਾਂ ਨਾਲ ਖੇਤੀ ਕਰਦੇ ਸਨ ਸਾਡੇ ਪੁਰਖੇ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਕਰਨ ਦੇ ਸੀਮਤ ਤੇ ਸਸਤੇ ਸੰਦ ਹੋਇਆ ਕਰਦੇ ਸਨ, ਜ਼ਿਆਦਾਤਰ ਲੋਕ ਉਨ੍ਹਾਂ ਸਮਿਆਂ ਵਿੱਚ ਵਿੜ੍ਹੀ ਨਾਲ ਵੀ ਖੇਤੀ ਕਰ ਲਿਆ ਕਰਦੇ ਸਨ, ਕਿਉਂਕਿ ਬਹੁਤ ਹੀ ਵਧੀਆ ਪਿਆਰ ਮੁਹੱਬਤ ਅਪਣੱਤ ਅਤੇ ਸਤਿਕਾਰ ਵਾਲੇ ਸਮੇਂ ਰਹੇ ਹਨ ਪੰਜਾਬ ਵਿੱਚ। ਬਿਲਕੁਲ ਵੀ ਕੋਈ ਇਸ ਗੱਲ ਦਾ ਅੰਦਾਜਾ ਨਹੀਂ ਸੀ ਲਾ ਸਕਦਾ ਕਿ ਇਹ ਘਰ ਬੈਠਾ ਬੰਦਾ ਜਾਂ ਧੀ-ਭੈਣ ਇਸ ਘਰ ਦੀ ਹੀ ਹੈ ਜਾਂ ਆਂਢ-ਗੁਆਂਢ ’ਚੋਂ ਆਈ ਹੈ।

ਸਾਡੇ ਪੁਰਖੇ ਆਪਣੇ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ ਤੇ ਦੂਜਿਆਂ ਨੂੰ ਵੀ ਪ੍ਰੇਰਦੇ ਸਨ ਕਿ ਇਨਸਾਨ ਨੂੰ ਹਰ ਕੰਮ ਆਪਣੇ ਹੱਥੀਂ ਕਰਨਾ ਚਾਹੀਦਾ ਹੈ। ਚਾਰ ਵਜੇ ਉੱਠ ਕੇ ਹਲ ਜੋੜਨੇ, ਘਰ ਦੇ ਕੰਮ ਸਾਰੇ ਬੀਬੀਆਂ ਭੈਣਾਂ ਧੀਆਂ ਨੇ ਕਰਨੇ ਤੇ ਖੇਤੀ ਕਰਨ ਵਾਲਿਆਂ ਨੂੰ ਰੋਟੀ-ਚਾਹ ਵੀ ਖੇਤਾਂ ’ਚ ਪਹੁੰਚਾਉਣੀ, ਇਸੇ ਨੂੰ ਹੀ ਭੱਤਾ ਬੋਲਿਆ ਜਾਂਦਾ ਰਿਹਾ ਹੈ। ਦੁਪਹਿਰਾਂ ਨੂੰ ਹਾਲ਼ੀਆਂ ਨੇ ਹਲ਼ ਛੱਡ ਦੇਣੇ ਤੇ ਨੇੜੇ ਦੇ ਕਿਸੇ ਖੂਹ ’ਤੇ ਜਾਂ ਬੋਹੜ ਪਿੱਪਲ ਦੇ ਦਰੱਖਤ ਥੱਲੇ ਆਰਾਮ ਕਰਨਾ। ਖੇਤਾਂ ਨੂੰ ਪਾਣੀ ਦੇਣ ਲਈ ਖੂਹਾਂ ਦੀ ਜਾਂ ਫਿਰ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਕੁੱਝ ਕੁ ਪਿੰਡਾਂ ਦੇ ਰਕਬੇ ਵਿੱਚ ਬਰਾਨੀ ਜ਼ਮੀਨ ਵੀ ਹੁੰਦੀ ਸੀ,ਉਸ ਵਿੱਚ ਜ਼ਿਆਦਾਤਰ ਛੋਲੇ, ਜਵਾਰ, ਬਾਜਰਾ ਜਾਂ ਹੋਰ ਉਹ ਫਸਲਾਂ ਬੀਜੀਆਂ ਜਾਂਦੀਆਂ ਸਨ ਜੋ ਬਹੁਤ ਘੱਟ ਪਾਣੀ ਚਾਹੁਣ ਵਾਲੀਆਂ ਹੁੰਦੀਆਂ ਸਨ, ਤੇ ਮੀਂਹ ’ਤੇ ਹੀ ਨਿਰਭਰ ਹੁੰਦੀਆਂ ਸਨ।

ਜਦੋਂ ਕਿਤੇ ਬਹੁਤ ਜ਼ਿਆਦਾ ਔੜ ਵੀ ਲੱਗ ਜਾਂਦੀ ਸੀ ਭਾਵ ਮੀਂਹ ਨਾ ਪੈਣਾ। ਫਿਰ ਕਈ-ਕਈ ਪਿੰਡ ਰਲ਼ ਕੇ ਜਾਂ ਆਪੋ-ਆਪਣੇ ਪਿੰਡ ਦੇ ਹਿਸਾਬ ਨਾਲ ਧਿਆਣੀਆਂ (ਮਿੱਠੇ ਚੌਲ) ਖਵਾਏ ਜਾਂਦੇ ਸਨ, ਗੁੱਡੀਆਂ ਫੂਕੀਆਂ ਜਾਂਦੀਆਂ ਰਹੀਆਂ ਹਨ, ਭਾਵ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਕਿ ਜਲਦੀ ਮੀਂਹ ਆ ਜਾਵੇ, ਪਰ ਇਹ ਸਭ ਮਿਥਿਹਾਸਕ ਗੱਲਾਂ ਹੀ ਸਨ ਉਦੋਂ ਦਰੱਖਤਾਂ ਦੀ ਪੰਜਾਬ ਵਿੱਚ ਭਰਮਾਰ ਹੁੰਦੀ ਸੀ ਤੇ ਇਨ੍ਹਾਂ ਨਾਲ ਹੀ ਸਮੇਂ-ਸਮੇਂ ਮੁਤਾਬਿਕ ਬੇਸ਼ੱਕ ਮੀਂਹ ਤਾਂ ਆ ਹੀ ਜਾਂਦਾ ਸੀ

ਤਕਰੀਬਨ ਹਰ ਪਿੰਡ ਵਿੱਚ ਹੀ ਖੂਹ ਹੋਇਆ ਕਰਦੇ ਸਨ, ਕਿਉਂਕਿ ਘਰਾਂ ਵਿੱਚ ਪੀਣ ਲਈ ਪਾਣੀ ਵੀ ਖੂਹਾਂ ਤੋਂ ਹੀ ਭਰਿਆ ਜਾਂਦਾ ਸੀ ਅਤੇ ਖੂਹਾਂ ਦੇ ਪਾਣੀ ਬਹੁਤ ਮਿੱਠੇ ਹੁੰਦੇ ਸਨ ਕਈ ਪਿੰਡਾਂ ਵਿੱਚ ਮਹਿਰਾ ਜਾਤੀ ਦੇ ਲੋਕ ਹਰ ਘਰ ਪਾਣੀ ਵਹਿੰਗੀ ’ਤੇ ਲਿਜਾ ਕੇ ਪਾਇਆ ਕਰਦੇ ਸਨ। ਹਾੜ੍ਹੀ-ਸਾਉਣੀ ਸੇਪੀ ’ਤੇ ਕੰਮ ਹੁੰਦੇ ਸਨ, ਭਾਵ ਸਾਰਾ ਸਾਲ ਲੁਹਾਰ, ਤਰਖਾਣ ਤੋਂ ਕੰਮ ਕਰਵਾਈ ਜਾਣਾ ਤੇ ਮਿਹਨਤਾਨਾ ਹਾੜ੍ਹੀ-ਸਾਉਣੀ ਦਾਣੇ ਦੇ ਕੇ ਹਿਸਾਬ ਚੁਕਤਾ ਕਰ ਦਿੱਤਾ ਜਾਂਦਾ ਸੀ।

ਬੇਸ਼ੱਕ ਲੋਹੇ ਦੀਆਂ ਟਿੰਡਾਂ ਕਾਫੀ ਸਮਾਂ ਕੱਢ ਜਾਂਦੀਆਂ ਸਨ, ਪਰ ਫਿਰ ਵੀ ਇਹ ਕਹਾਵਤ ਵੀ ਹੈ ਕਿ ਅਕਸਰ ਤਾਂ ਲੋਹਾ ਵੀ ਇੱਕ ਦਿਨ ਗਲ਼ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਦੇਰ ਬਾਅਦ ਟਿੰਡਾਂ ਚੋਣ ਭਾਵ ਲੀਕ ਕਰਨ ਲੱਗ ਜਾਂਦੀਆਂ ਸਨ ਤੇ ਮਿਹਨਤ ਅਨੁਸਾਰ ਖੂਹ ’ਚੋਂ ਪਾਣੀ ਨਹੀਂ ਸੀ ਨਿੱਕਲਦਾ ਭਾਵ ਲੀਕੇਜ ਕਰਕੇ ਟਿੰਡਾਂ ਉੱਪਰ ਆਉਂਦਿਆਂ-ਆਉਂਦਿਆਂ ਖਾਲੀ ਹੋ ਜਾਂਦੀਆਂ ਸਨ, ਫਿਰ ਸਾਰੀ ਮਾਲ੍ਹ ਨੂੰ ਭਾਵ ਸਾਰੀਆਂ ਟਿੰਡਾਂ ਨੂੰ ਬਾਹਰ ਕੱਢ ਕੇ ਜ਼ਮੀਨ ’ਤੇ ਵਿਛਾ ਲੈਣਾ ਉੱਥੇ ਹੀ ਲੁਹਾਰ ਨੂੰ ਸੱਦ ਕੇ ਜਿਨ੍ਹਾਂ ਦੀ ਰਿਪੇਅਰ ਹੋਣ ਵਾਲੀ ਹੁੰਦੀ ਰਿਪੇਅਰ ਕਰ ਦੇਣੀਆਂ, ਜਿਹੜੀਆਂ ਜ਼ਿਆਦਾ ਗਲ ਜਾਂਦੀਆਂ

ਉਨ੍ਹਾਂ ਨੂੰ ਖੋਲ੍ਹ ਕੇ ਲੁਹਾਰ ਆਪਣੇ ਅੱਡੇ ’ਤੇ ਲਿਆਉਂਦੇ ਤੇ ਨਵੀਂ ਚਾਦਰ ਲਿਆ ਕੇ ਨਵੀਆਂ ਟਿੰਡਾਂ ਬਣਾ ਕੇ ਪੂਰੀ ਮਾਲ੍ਹ ਤਿਆਰ ਕਰਕੇ ਖੂਹ ਵਿੱਚ ਵਗ੍ਹਾ ਦੇਣੀ, ਪਰ ਇਸ ਕਾਰਜ ਲਈ ਕਈ-ਕਈ ਦਿਨ ਲੱਗ ਜਾਂਦੇ ਸਨ ਉਨ੍ਹਾਂ ਸਮਿਆਂ ਵਿੱਚ ਗੈਸ ਵੈਲਡਿੰਗ ਨਹੀਂ ਸੀ ਹੁੰਦੀ ਸਗੋਂ ਆਪਣੀ ਵਧੀਆ ਕਾਰੀਗਰੀ ਦੇ ਨਾਲ ਹੀ ਲੁਹਾਰ ਦੀਆਂ ਬਣਾਈਆਂ ਜਾਂ ਰਿਪੇਅਰ ਕੀਤੀਆਂ ਟਿੰਡਾਂ ਲੀਕ ਭਾਵ ਚੋਂਦੀਆਂ ਨਹੀਂ ਸਨ, ਇਹ ਉਨ੍ਹਾਂ ਦੀ ਚੰਗੀ ਕਾਰਗੁਜਾਰੀ ਦੀ ਇੱਕ ਉਦਾਹਰਨ ਹੋਇਆ ਕਰਦੀ ਸੀ

ਆਪੋ-ਆਪਣੀ ਵਾਰੀ ਮੁਤਾਬਕ ਹੀ ਖੂਹ ਤੋਂ ਪਾਣੀ ਲਾਇਆ ਜਾਂਦਾ ਰਿਹਾ ਹੈ, ਕਦੇ ਕਿਸੇ ਕਿਸਮ ਦਾ ਰੌਲਾ ਪੈਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਸੇ ਤਰ੍ਹਾਂ ਨਹਿਰੀ ਪਾਣੀ ਲਈ ਮੀਰਾਬ ਵੱਲੋਂ ਜਮੀਨ ਦੇ ਹਿਸਾਬ ਨਾਲ ਵਾਰੀ ਦਾ ਟਾਈਮ ਮੁਕੱਰਰ ਕੀਤਾ ਜਾਂਦਾ ਰਿਹਾ ਹੈ। ਰੌਣੀ ਵੀ ਖੂਹਾਂ ਤੋਂ, ਫਸਲਾਂ ਨੂੰ ਪਾਣੀ ਵੀ ਖੂਹਾਂ, ਨਹਿਰਾਂ ਤੋਂ ਅਤੇ ਛੱਪੜਾਂ ਵਿਚ ਵੀ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਤੇ ਨਹਾਉਣ ਲਈ ਵੀ ਨਹਿਰੀ ਪਾਣੀ ਜਾਂ ਖੂਹਾਂ ਤੋਂ ਹੀ ਪਾਣੀ ਭਰਿਆ ਜਾਂਦਾ ਰਿਹਾ ਹੈ।

ਸੋ! ਗੱਲ ਤਾਂ ਸਮੇਂ-ਸਮੇਂ ਦੀ ਹੁੰਦੀ ਹੈ, ਹੁਣ ਅਸੀਂ ਬਹੁਤ ਹੀ ਅਗਾਂਹਵਧੂ ਜਮਾਨੇ ਵਿਚ ਭਾਵ ਇੱਕਵੀਂ ਸਦੀ ਵਿੱਚ ਪ੍ਰਵੇਸ਼ ਕਰ ਲਿਆ ਹੈ, ਮਸ਼ੀਨੀ ਯੁੱਗ ਆ ਗਿਆ ਹੈ, ਹੱਥੀਂ ਕੰਮ ਕਰਨ ਤੋਂ ਆਪਾਂ ਗੁਰੇਜ ਕਰਨ ਲੱਗ ਪਏ ਹਾਂ, ਬੇਸ਼ੱਕ ਇਨ੍ਹਾਂ ਗੱਲਾਂ ਦੀ ਕੋਈ ਜ਼ਿਆਦਾ ਕੀਮਤ ਨਹੀਂ ਹੈ, ਪਰ ਕਹਾਵਤ ਹੈ ਕਿ ਜੋ ਦਿਲ ਵਿੱਚ ਗੱਲ ਹੋਵੇ ਉਹਨੂੰ ਜਰੂਰ ਕਿਸੇ ਨਾਲ ਸਾਂਝੀ ਕਰ ਲੈਣਾ ਚਾਹੀਦਾ ਹੈ, ਸੋ ਇਹ ਮੇਰੇ ਆਪਣੇ ਮਨ ਦੇ ਹਾਵ-ਭਾਵ ਹਨ ਕੋਈ ਜਰੂਰੀ ਨਹੀਂ ਤੁਸੀਂ ਸਭ, ਜੋ ਇਸ ਲੇਖ ਨੂੰ ਪੜ੍ਹੋ ਸਹਿਮਤ ਹੋਵੋ! ਖੈਰ! ਇਹ ਸਮੇਂ ਆਪ ਖੁਦ ਹੰਢਾਏ ਹਨ ਇਸ ਲਈ ਇਹ ਲੇਖ ਲਿਖਣ ਨੂੰ ਦਿਲ ਕੀਤਾ ਤੇ ਆਪ ਨਾਲ ਸਾਂਝਾ ਕਰ ਰਿਹਾ ਹਾਂ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ