ਸਾਡੇ ਨਾਲ ਸ਼ਾਮਲ

Follow us

17.9 C
Chandigarh
Monday, February 16, 2026
More
    Home ਫੀਚਰ ਸਵਾਈਨ ਫਲੂ: ਇਸ...

    ਸਵਾਈਨ ਫਲੂ: ਇਸ ਤਰ੍ਹਾਂ ਹੋ ਸਕਦੈ ਬਚਾਅ

    Survive, Swine Flu, Article, H1N1, WHO, Health

    ਸਵਾਈਨ ਫਲੂ ਨਾਂਅ ਦੀ ਬਿਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧੱਕਿਆ ਹੈ ਪਿਛਲੇ ਕਈ ਸਾਲਾਂ ਤੋਂ ਇਸ ਬਿਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ ਜਨਤਕ ਥਾਵਾਂ ‘ਤੇ ਅੱਜ ਜਦੋਂ ਕੋਈ ਖੰਘਦਾ ਜਾਂ ਛਿੱਕਦਾ ਹੈ ਤਾਂ ਸਾਰੇ ਲੋਕ ਚੁਕੰਨੇ ਹੋ ਜਾਂਦੇ ਹਨ ਤੇ ਰੁਮਾਲ ਨਾਲ ਆਪਣਾ ਨੱਕ-ਮੂੰਹ ਢੱਕ ਲੈਂਦੇ ਹਨ ਜਾਂ ਫਿਰ ਜਲਦੀ-ਜਲਦੀ ਢੱਕਣ ਦੀ ਕੋਸ਼ਿਸ਼ ਕਰਦੇ ਹਨ

    ਸਵਾਈਨ ਫਲੂ ਦਾ  ਕਹਿਰ ਹੁਣ ਵੀ ਬਾਦਸਤੂਰ ਜਾਰੀ

    ਇਸ ਸਹਿਮ ਦਾ ਕਾਰਨ ਸਵਾਈਨ ਫਲੂ (ਸਵਾਈਨ ਇਨਫਲਏਂਜਾ) ਬਿਮਾਰੀ ਹੈ ਵਿਸ਼ਵ ਵਿਆਪੀ ਰੋਗ ਕਾਰਨ ਹਰ ਰੋਜ਼ ਲੋਕਾਂ ਦੇ ਮਰਨ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ ਤੇ ਦਿਨੋ-ਦਿਨ ਇਸ ਬਿਮਾਰੀ ਤੋਂ ਸੰਕ੍ਰਮਿਤ ਲੋਕਾਂ ਦੀ ਤਾਦਾਦ ਵਧਦੀ ਜਾ ਰਹੀ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ ਸਵਾਈਨ ਫਲੂ ਦਾ ਆਗਾਜ਼ ਵੀਹਵੀਂ ਸਦੀ ਦੇ ਅੱਧ ‘ਚ ਹੋਇਆ ਸੀ ਸਵਾਈਨ ਫਲੂ ਇਨਫਲੂਏਂਜਾ ਦਾ ਵਿਸ਼ਾਣੂ ਪਹਿਲੀ ਵਾਰ ਸੰਨ 1930 ਵਿੱਚ ਅਮਰੀਕਾ ਵਿੱਚ ਸੂਰਾਂ ‘ਚ ਦੇਖਿਆ ਗਿਆ ਸੀ ਇਸ ਤੋਂ ਬਾਅਦ ਸਾਰੀ ਦੁਨੀਆਂ ਵਿੱਚ ਪਾਇਆ ਜਾਣ ਲੱਗਾ ਸੰਨ 2009 ਵਿੱਚ ਮੈਕਸੀਕੋ ਵਿੱਚ ਇਸ ਬਿਮਾਰੀ ਦਾ ਵਿਸ਼ਾਣੂ ਪਹਿਲਾਂ ਵਾਲੇ ਵਿਸ਼ਾਣੂ ਤੋਂ ਭਿੰਨ ਪਾਇਆ ਗਿਆ ਸੀ, ਜਿਸ ਨੇ ਸੰਸਾਰ ਵਿੱਚ ਤਬਾਹੀ ਮਚਾ ਦਿੱਤੀ ਜਿਸ ਕਰਕੇ ਵਿਸ਼ਵ ਸਿਹਤ ਸੰਗਠਨ ਨੇ ਸੰਨ 2010 ਵਿੱਚ ਇਸਨੂੰ ਮਹਾਂਮਾਰੀ ਐਲਾਨਿਆ ਅਤੇ ਇਸਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ

    ਸੰਨ 2009 ‘ਚ ਮੈਕਸੀਕੋ ਵਿੱਚ ਕੁਝ ਨੌਜਵਾਨਾਂ ‘ਚ ਇਸ ਬਿਮਾਰੀ ਦਾ ਵਿਸ਼ਾਣੂ (ਐਚ-1 ਐਨ-1) ਪਾਇਆ ਗਿਆ ਸੀ ਕੁਝ ਮਹੀਨਿਆਂ ਵਿੱਚ ਫੈਲੇ ਸਵਾਈਨ ਫਲੂ ਨੇ 18 ਹਜਾਰ ਲੋਕਾਂ ਦੀ ਜਾਨ ਲੈ ਲਈ ਤੇ ਜੰਗਲ ਦੀ ਅੱਗ ਵਾਂਗ ਇਹ ਬਿਮਾਰੀ ਦੁਨੀਆਂ ‘ਚ ਫੈਲ ਗਈ ਤੇ ਇਸਦਾ ਕਹਿਰ ਹੁਣ ਵੀ ਬਾਦਸਤੂਰ ਜਾਰੀ ਹੈ ਹੁਣ ਤੱਕ ਪੂਰੀ ਦੁਨੀਆਂ ਵਿੱਚ ਇਸ ਬਿਮਾਰੀ ਕਾਰਨ 284500 ਲੋਕਾਂ ਦੀ ਮੌਤ ਹੋਈ ਹੈ

    ਭਾਰਤ ਵਿੱਚ 2010 ਵਿੱਚ ਸਾਹਮਣੇ ਆਇਆ ਸੀ ਸਵਾਈਨ ਫਲੂ ਦਾ ਪਹਿਲਾ ਕੇਸ

    ਭਾਰਤ ਵਿੱਚ ਸਵਾਈਨ ਫਲੂ ਦਾ ਪਹਿਲਾ ਕੇਸ ਪੂਨੇ ਵਿੱਚ ਮਈ 2010 ਵਿੱਚ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਦੇਸ਼ ਦੇ ਬਾਕੀ ਸੂਬਿਆਂ ‘ਚ ਵੀ ਇਸਨੇ ਆਪਣੇ ਪੈਰ ਪਸਾਰੇ ਸਨ ਤੇ ਲੋਕਾਂ ‘ਚ ਇਸ ਬਿਮਾਰੀ ਨੂੰ ਲੈ ਕੇ ਹੜਕੰਪ ਮੱਚ ਗਿਆ ਸੀ ਸਵਾਈਨ ਫਲੂ ਪੀੜਤ ਪਹਿਲੇ ਮਰੀਜ਼ ਦੀ ਮੌਤ ਪੂਨੇ ਵਿਖੇ ਹੋਈ ਸੀ ਅਤੇ ਇਲਾਜ ਦੌਰਾਨ ਇੱਕ ਡਾਕਟਰ ਵੀ ਇਸਦੀ ਲਪੇਟ ‘ਚ ਆ ਗਿਆ ਸੀ ਤੇ ਉਸਦੀ ਮੌਤ ਹੋ ਗਈ ਸੀ ਸੰਨ 2010 ਵਿੱਚ ਦੇਸ਼ ਅੰਦਰ 10193 ਸਵਾਈਨ ਫਲੂ ਮਰੀਜਾਂ ਦੀ ਪੁਸ਼ਟੀ ਹੋਈ ਸੀ ਅਤੇ 1035 ਲੋਕਾਂ ਦੀ ਮੌਤ ਹੋਈ ਸੀ

    ਪੰਜਾਬ ਵਿੱਚ ਪਿਛਲੇ ਸਾਲ 83 ਸਵਾਈਨ ਫਲੂ ਮਰੀਜਾਂ ਦੀ ਪੁਸ਼ਟੀ ਹੋਈ ਤੇ ਢਾਈ ਦਰਜਨ ਲੋਕਾਂ ਦੀ ਮੌਤ ਹੋਈ ਸੀ ਇਸ ਵਰ੍ਹੇ 17 ਲੋਕਾਂ ਦੀ ਇਸ  ਰੋਗ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਇਸ ਤੋਂ ਬਿਨਾ ਲਾਗਲੇ ਸੂਬੇ ਹਰਿਆਣਾ ਵਿੱਚ ਵੀ ਇਸ ਰੋਗ ਤੋਂ ਪੀੜਤ ਲੋਕਾਂ ਨੇ ਸਿਹਤ ਵਿਭਾਗ ਨੂੰ ਚੁਣੌਤੀ ਦਿੱਤੀ ਹੈ

    ਮੁਸ਼ਕਿਲ ਦੀ ਇਸ ਘੜੀ ਵਿੱਚ ਹਰ ਇਨਸਾਨ ਦਾ ਫਰਜ਼ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਦੇਵੇ ਇਸ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਤਾਂ ਕਿ ਇਸਨੂੰ ਫੈਲਣ ਤੋਂ ਰੋਕਿਆ ਜਾ ਸਕੇ ਉਸ ਲਈ ਇਸ ਰੋਗ ਬਾਰੇ ਪੂਰੀ ਜਾਣਕਾਰੀ ਲਾਜ਼ਮੀ ਹੈ ਸੋ, ਆਓ ਇਸ ਬਾਰੇ ਦੇਖੀਏ:-

    ਸਵਾਈਨ ਫਲੂ ਕੀ ਹੈ?

    ਸਵਾਈਨ ਫਲੂ ਸਾਹ ਦੇ ਰੋਗਾਂ ਨਾਲ ਸਬੰਧਿਤ ਇੱਕ ਬਿਮਾਰੀ ਹੈ, ਜੋ ਸਾਹ ਦੇ ਰਸਤੇ ਅਤੇ ਉਸ ਨਾਲ ਸਬੰਧਿਤ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਇਹ ਬਿਮਾਰੀ ਐਚ-1 ਐਨ-1 ਨਾਂਅ ਦੇ ਵਿਸ਼ਾਣੂ ਕਾਰਨ ਹੁੰਦੀ ਹੈ ਜੋ ਹਵਾ ਰਾਹੀਂ ਫੈਲਦੀ ਹੈ ਇਹ ਵਿਸ਼ਾਣੂ ਸੂਰ ਦੇ ਸਾਹ ਅੰਗਾਂ ਵਿੱਚ ਪਾਇਆ ਗਿਆ ਸੀ ਜਿਸ ਤੋਂ ਇਹ ਮਨੁੱਖਾਂ ਵਿੱਚ ਫੈਲਿਆ ਜਿਸ ਕਾਰਨ ਇਸਨੂੰ ਸੰਨ 2009 ਵਿੱਚ ਸਵਾਈਨ ਫਲੂ ਦਾ ਨਾਂਅ ਦਿੱਤਾ ਗਿਆ

    ਫੈਲਣ ਦਾ ਕਾਰਨ:

    ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਵਿੱਚ ਹਵਾ ਰਾਹੀਂ ਫੈਲਦੀ ਹੈ ਪੀੜਤ ਰੋਗੀ ਜਦ ਖੰਘਦਾ ਜਾਂ ਛਿੱਕਦਾ ਹੈ ਤਾਂ ਉਸ ਵਿੱਚ ਮੌਜੂਦ ਵਿਸ਼ਾਣੂ ਹਵਾ ਰਾਹੀਂ ਸਿਹਤਮੰਦ ਵਿਅਕਤੀ ਦੇ ਸਾਹ ਰਸਤੇ ਅੰਦਰ ਜਾ ਕੇ ਬਿਮਾਰੀ ਪੈਦਾ ਕਰਦਾ ਹੈ

    ਲੱਛਣ:

    ਸਵਾਈਨ ਫਲੂ ਦੇ ਲੱਛਣ ਇਨਫਲੂਏਂਜਾ ਵਾਂਗ ਹੀ ਹਨ ਜਿਵੇਂ ਤੇਜ ਬੁਖ਼ਾਰ (100 ਫਾਰਨਹੀਟ ਜਾਂ ਇਸ ਤੋਂ ਵੀ ਜਿਆਦਾ), ਗਲਾ ਖਰਾਬ ਜਾਂ ਗਲੇ ਅੰਦਰ ਜ਼ਖਮ, ਨੱਕ ਰਾਹੀਂ ਤਰਲ ਪਦਾਰਥ ਦਾ ਵਹਾਅ,ਖਾਂਸੀ ਇਸ ਤੋਂ ਇਲਾਵਾ ਸਰੀਰ ‘ਤੇ ਖਾਰਸ਼ ਹੋਣੀ, ਸਰਦੀ ਲੱਗਣੀ, ਜੀ ਕੱਚਾ ਹੋਣਾ ਜਾਂ ਉਲਟੀਆਂ ਆਉਣੀਆਂ, ਟੱਟੀਆਂ ਲੱਗਣੀਆਂ ਆਦਿ ਲੱਛਣ ਵੀ ਨਜ਼ਰ ਆਉਂਦੇ ਹਨ ਸਾਰੇ ਲੱਛਣ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਚਾਰ ਦਿਨ ਬਾਅਦ ਆਉਂਦੇ ਹਨ ਜੇਕਰ ਇਹ ਲੱਛਣ ਇੱਕ ਜਾਂ ਦੋ ਹਫਤਿਆਂ ਤੋਂ ਹੋਣ ਤਾਂ ਬਿਮਾਰੀ ਦੇ ਭਿਆਨਕ ਪੜਾਅ ‘ਤੇ ਹੋਣ ਦੀ ਬਹੁਤ ਜਿਆਦਾ ਸੰਭਾਵਨਾ ਹੁੰਦੀ ਹੈ ਕਾਫੀ ਮਰੀਜਾਂ ‘ਚ ਸਾਹ ਦੀ ਸਮੱਸਿਆ ਲੱਛਣ ਵਜੋਂ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਮੁੱਖ ਤੌਰ ‘ਤੇ ਸਾਹ ਅੰਗਾਂ ਨਾਲ ਸਬੰਧਿਤ ਬਿਮਾਰੀ ਹੈ

    ਰੋਗ ਦੀ ਪਰਖ਼:

    ਜਦੋਂ ਮਰੀਜ ਇਨ੍ਹਾਂ ਲੱਛਣਾਂ ਨਾਲ ਹਸਪਤਾਲ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਪਤਾ ਕਰਨ ਲਈ ਕਿ ਮਰੀਜ ਨੂੰ ਸਵਾਈਨ ਫਲੂ ਹੈ ਜਾਂ ਨਹੀਂ ਉਸ ਲਈ ਜਾਂਚ ਦੀ ਲੋੜ ਪੈਂਦੀ ਹੈ ਜਾਂਚ ਲਈ ਨਮੂਨਾ ਮਰੀਜ ਦੇ ਗਲੇ ਅੰਦਰੋਂ ਜਾਂ ਫਿਰ ਨੱਕ ‘ਚੋਂ ਵਗ ਰਹੇ ਤਰਲ ਪਦਾਰਥ ਦਾ ਲਿਆ ਜਾਂਦਾ ਹੈ ਪਹਿਲਾਂ ਇਸ ਦੀ ਜਾਂਚ ਲਈ ਨਮੂਨਾ ਬਾਹਰ ਭੇਜਿਆ ਜਾਂਦਾ ਸੀ ਤੇ ਨਤੀਜਾ ਆਉਣ ਲਈ ਕਾਫੀ ਸਮਾਂ ਲੱਗ ਜਾਂਦਾ ਸੀ ਪਰ ਸੰਨ 2010 ਵਿੱਚ ਅਜਿਹੀ ਜਾਂਚ ਦੀ ਵਿਵਸਥਾ ਕੀਤੀ ਗਈ ਜਿਸ ਨਾਲ ਚਾਰ ਘੰਟਿਆਂ ਵਿੱਚ ਹੀ ਨਤੀਜਾ ਪਤਾ ਲੱਗ ਜਾਂਦਾ ਹੈ ਹੁਣ ਹੋਰ ਵੀ ਤਕਨਾਲੋਜੀ ਨਾਲ ਇਸ ਪਾਸੇ ਤੇਜੀ ਆਈ ਹੈ

    ਇਲਾਜ:

    ਜਾਂਚ ਵਿੱਚ ਰੋਗ ਦੀ ਪਰਖ ਹੋਣ ‘ਤੇ ਇਸਦਾ ਇਲਾਜ ਕੀਤਾ ਜਾਂਦਾ ਹੈ ਐਂਟੀ ਵਾਇਰਲ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸਹੀ ਸਮੇਂ ਸਹੀ ਇਲਾਜ ਇਸ ਬਿਮਾਰੀ ਤੋਂ ਬਚਾ ਸਕਦਾ ਹੈ ਇਸ ਨੁੰ ਏਨਾ ਹਊਆ ਵੀ ਨਾ ਬਣਾਇਆ ਜਾਵੇ ਤੇ ਸਾਦੇ ਉਪਾਅ ਇਸ ਬਿਮਾਰੀ ਤੋਂ ਬਚਾ ਸਕਦੇ ਹਨ ਲਾਗ ਦੀ ਬਿਮਾਰੀ ਹੋਣ ਕਾਰਨ ਮਰੀਜਾਂ ਕੋਲ ਜਾਣ ਸਮੇਂ ਅਤੇ ਜਨਤਕ ਥਾਵਾਂ ‘ਤੇ ਜਾਣ ਸਮੇਂ ਮੂੰਹ ਨੂੰ ਰੁਮਾਲ ਨਾਲ ਢੱਕਿਆ ਜਾਵੇ ਛਿੱਕਣ ਜਾਂ ਖੰਘਣ ਸਮੇਂ ਰੁਮਾਲ ਦੀ ਵਰਤੋਂ ਲਾਜ਼ਮੀ ਹੈ ਹੱਥ ਮਿਲਾਉਣ ਤੋਂ ਪ੍ਰਹੇਜ ਕੀਤਾ ਜਾਣਾ ਚਾਹੀਦਾ ਹੈ ਦਫਤਰ ਜਾ ਕੇ ਅਤੇ ਘਰ ਆ ਕੇ ਹੱਥ-ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ ਉਪਰੋਕਤ ਲੱਛਣ ਪੈਦਾ ਹੋਣ ‘ਤੇ ਡਾਕਟਰ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ

    ਗੁਰਤੇਜ ਸਿੰਘ, ਚੱਕ ਬਖਤੂ, ਬਠਿੰਡਾ
    ਮੋ. 94641-72783
    ਲੇਖਕ ਮੈਡੀਕਲ ਦਾ ਵਿਦਿਆਰਥੀ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here