ਬੱਚਿਆਂ ਦੀ ਮੋਬਾਇਲ ਦੇਖਣ ਦੀ ਆਦਤ ਕਿਵੇਂ ਹਟਾਈਏ?

ਬੱਚਿਆਂ ਦੀ ਜ਼ਿੰਦਗੀ ’ਤੇ ਹਾਵੀ ਹੋ ਰਿਹਾ ਮੋਬਾਇਲ

ਮੋਬਾਇਲ ਅਤੇ ਇੰਟਰਨੈੱਟ ਦਾ ਜਨੂੰਨ ਦੀ ਹੱਦ ਤੱਕ ਆਦੀ ਹੋ ਜਾਣਾ ਵੀ ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਅੱਜ-ਕੱਲ੍ਹ ਮੋਬਾਇਲ, ਕੰਪਿਊਟਰ, ਟੈਬਲੇਟ ਆਦਿ ਗੈਜੇਟਸ ਨਵੀਂ ਪੀੜ੍ਹੀ ਨੂੰ ਬੇਹੱਦ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ। ਇੰਟਰਨੈੱਟ ਦੀ ਵਧ ਰਹੀ ਵਰਤੋਂ ਨੇ ਜਿੱਥੇ ਇੰਟਰਨੈੱਟ ਪ੍ਰੋਵਾਈਡਰਾਂ ਦੀ ਕਮਾਈ ’ਚ ਵਾਧਾ ਕੀਤਾ ਹੈ, ਉੱਥੇ ਹੀ ਇੰਟਰਨੈੱਟ ਵਰਤਣ ਵਾਲੇ ਲੋਕਾਂ ਦੀ ਗਿਣਤੀ ’ਚ ਵੀ ਅਥਾਹ ਵਾਧਾ ਹੋਇਆ ਹੈ। ਸਿੱਟੇ ਵਜੋਂ ਅੱਜ ਹਰ ਆਮ ਤੇ ਖਾਸ ਵਿਅਕਤੀ ਕੋਲ ਮੋਬਾਇਲ ਫੋਨ ਹੈ ਅਤੇ ਉਹ ਧੜੱਲੇ ਨਾਲ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਅੱਜ ਬੱਚੇ ਵੀ ਮੋਬਾਇਲ ਫੋਨ ਦੀ ਵਰਤੋਂ ਦੇ ਮਾਮਲੇ ’ਚ ਵੱਡਿਆਂ ਨਾਲੋਂ ਘੱਟ ਨਹੀਂ ਹਨ। ਜੇਕਰ ਮੋਬਾਇਲ ਫੋਨ ਦੀ ਗੱਲ ਕਰੀਏ ਤਾਂ ਇੱਕ ਅੰਦਾਜੇ ਅਨੁਸਾਰ ਸਾਡੇ ਦੇਸ਼ ਅੰਦਰ ਲਗਭਗ 30 ਫੀਸਦੀ ਬੱਚਿਆਂ ਨੂੰ 10 ਸਾਲ ਦੀ ਉਮਰ ਤੱਕ ਤੇ 70 ਫੀਸਦੀ ਬੱਚਿਆਂ ਨੂੰ 12 ਸਾਲ ਦੀ ਉਮਰ ਤੱਕ ਮੋਬਾਇਲ ਫੋਨ ਮਿਲ ਜਾਂਦਾ ਹੈ।

How to cantrol the habit of children watching mobile?

ਲਗਭਗ ਸਾਰੇ ਬੱਚਿਆਂ ਕੋਲ 15 ਸਾਲ ਦੀ ਉਮਰ ਤੱਕ ਆਪਣਾ ਮੋਬਾਇਲ ਫੋਨ ਹੁੰਦਾ ਹੈ। ਪਰ ਇਸ ਪਾਸੇ ਮਾਪਿਆਂ ਦੇ ਜਾਗਰੂਕ ਨਾ ਹੋਣ ਕਾਰਨ ਉਨ੍ਹਾਂ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਪੱਧਰ ’ਤੇ ਮੋਬਾਇਲ ਫੋਨ ਮਾਰੂ ਅਸਰ ਪਾ ਰਿਹਾ ਹੈ ਇਸ ਤੋਂ ਵੀ ਕਿਤੇ ਵੱਧ ਚਿੰਤਾ ਦੀ ਗੱਲ ਹੈ ਕਿ ਕੁੱਝ ਮਾਵਾਂ ਆਪਣੇ ਛੋਟੇ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਮੋਬਾਇਲ ਦੇਣ ਤੋਂ ਨਹੀਂ ਕਤਰਾਉਂਦੀਆਂ, ਸਗੋਂ ਉਹ ਚਾਹੁੰਦੀਆਂ ਹਨ ਕਿ ਜੇਕਰ ਉਨ੍ਹਾਂ ਦਾ ਬੱਚਾ ਫੋਨ ’ਚ ਰੁੱਝਿਆ ਰਹੇਗਾ ਤਾਂ ਉਹ ਰੋਵੇਗਾ ਨਹੀਂ ਤੇ ਉਹ ਆਪਣੇ ਕੰਮ ਸਕੂਨ ਨਾਲ ਨਿਪਟਾ ਲੈਣਗੀਆਂ। ਕੁੱਝ ਮਾਪੇ ਆਪਣੇ ਬੱਚਿਆਂ ਸਾਹਮਣੇ ਅਕਸਰ ਮੋਬਾਇਲ ਫੋਨ ’ਚ ਰੁੱਝੇ ਰਹਿੰਦੇ ਹਨ, ਇਸ ਕਰਕੇ ਬੱਚਿਆਂ ਦੇ ਮਨ ਅੰਦਰ ਵੀ ਮੋਬਾਇਲ ਪ੍ਰਤੀ ਆਕਰਸ਼ਣ ’ਚ ਵਾਧਾ ਹੁੰਦਾ ਹੈ।

ਹੋਮ ਵਰਕ ਵੀ ਫੋਨਾਂ ’ਤੇ

ਕੋਰੋਨਾ ਕਾਲ ’ਚ ਪ੍ਰਾਈਵੇਟ ਸਕੂਲਾਂ ਨੇ ਆਪਣੀ ਸਾਖ ਅਤੇ ਆਰਥਿਕ ਸਥਿਤੀ ਨੂੰ ਬਚਾਈ ਰੱਖਣ ਲਈ, ਜਿੱਥੇ ਰੱਜ ਕੇ ਆਨਲਾਈਨ ਹੋਮ ਵਰਕ ਰਾਹੀਂ ਬੱਚਿਆਂ ਨੂੰ ਮੋਬਾਇਲ ਦੀ ਲਤ ਲਾਉਣ ’ਚ ਆਪਣਾ ਯੋਗਦਾਨ ਅਦਾ ਕੀਤਾ ਹੈ, ਉੱਥੇ ਹੀ ਸਰਕਾਰੀ ਸਕੂਲਾਂ ਅੰਦਰ ਕੋਰੋਨਾ ਕਾਲ ਤੋਂ ਬਾਅਦ ਵੀ ਬੱਚਿਆਂ ਨੂੰ ਮੋਬਾਇਲ ਉੱਪਰ ਵਾਟਸਅੱਪ ਗਰੁੱਪਾਂ ਰਾਹੀਂ ਹੋਮ ਵਰਕ ਭੇਜਿਆ ਜਾ ਰਿਹਾ ਹੈ। ਸਿੱਟੇ ਵਜੋਂ ਮਾਪੇ ਬੱਚਿਆਂ ਨੂੰ ਅਲਹਿਦਾ ਮੋਬਾਇਲ ਲੈ ਕੇ ਦੇਣ ਲਈ ਬੇਵੱਸ ਹਨ। ਬੱਚੇ ਅੱਜ ਧੜੱਲੇ ਨਾਲ ਮੋਬਾਇਲ ’ਤੇ ਗੇਮਿੰਗ, ਯੂ-ਟਿਊਬ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਚੌਥੀ-ਪੰਜਵੀਂ ਜਮਾਤ ’ਚ ਪੜ੍ਹਨ ਵਾਲੇ ਬੱਚੇ ਵੀ ਆਪਣੇ ਯੂ-ਟਿਊਬ ਚੈਨਲ ਚਲਾ ਰਹੇ ਹਨ।

ਉਹ ਮੋਬਾਇਲ ਤੇ ਇੰਟਰਨੈੱਟ ਦੀ ਜਾਦੂਗਰੀ ਵਾਲੀ ਚਕਾਚੌਂਧ ਤੋਂ ਪ੍ਰਭਾਵਿਤ ਹੋ ਕੇ ਇਸ ਦਲਦਲ ਰੂਪੀ ਟੈਕਨਾਲੋਜੀ ਦੀ ਮਾਰ ਹੇਠ ਆ ਰਹੇ ਹਨ। ਬੱਚੇ ਫੇਸਬੁੱਕ, ਇੰਸਟਾ, ਟਵਿੱਟਰ ਅਤੇ ਓ. ਟੀ. ਟੀ. ਆਦਿ ਐਪਸ ਦੀ ਵੀ ਰੱਜ ਕੇ ਵਰਤੋਂ ਰਹੇ ਹਨ। ਟੈਕਨਾਲੋਜੀ ਕੰਪਨੀਆਂ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖਾਸ ਤੌਰ ’ਤੇ ਧਿਆਨ ’ਚ ਰੱਖ ਕੇ ਨਵੇਂ ਗੈਜੇਟਸ ਅਤੇ ਐਪਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਬੇਤਹਾਸ਼ਾ ਵਰਤੋਂ ਸਾਡੀ ਨਵੀਂ ਪਨੀਰੀ ਤੇ ਨੌਜਵਾਨ ਪੀੜ੍ਹੀ ਦਾ ਜਿੱਥੇ ਸਮਾਂ ਬਰਬਾਦ ਕਰ ਰਹੀ ਹੈ, ਉੱਥੇ ਹੀ ਆਰਥਿਕ, ਸਮਾਜਿਕ, ਮਾਨਸਿਕ ਤੇ ਸਰੀਰਕ ਪੱਖੋਂ ਉਨ੍ਹਾਂ ਨੂੰ ਖੋਰਾ ਲਾ ਰਹੀ ਹੈ।

ਕਿਰਨਾਂ ਦਿਮਾਗ ਲਈ ਖ਼ਤਰਨਾਕ

ਮਾਹਿਰ ਸਿਫਾਰਿਸ਼ ਕਰਦੇ ਹਨ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਇਲ ਫੋਨ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਦਾ ਦਿਮਾਗ ਮੋਬਾਇਲ ਰੇਡੀਏਸ਼ਨ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਕਿਉਂਕਿ ਦਿਮਾਗ ਤੇ ਸਰੀਰ ਦੇ ਟਿਸ਼ੂ ਅਜੇ ਵਿਕਸਿਤ ਹੋ ਰਹੇ ਹੁੰਦੇ ਹਨ, ਇਹ ਕਿਰਨਾਂ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਰੇਡੀਏਸ਼ਨ ਦੇ ਸੋਖਣ ਕਾਰਨ ਬੱਚਿਆਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਬਿ੍ਰਟੇਨ ਦੀ ਐਕਸੀਟਰ ਯੂਨੀਵਰਸਿਟੀ ਦੀ ਖੋਜ ਮੁਤਾਬਕ ਜੇਕਰ ਤੁਸੀਂ ਜ਼ਿਆਦਾ ਸਮਾਂ ਮੋਬਾਇਲ ਦੀ ਵਰਤੋਂ ਕਰਦੇ ਹੋ ਤਾਂ ਰੈਡੀਏਸ਼ਨ ਨਾਲ ਕੈਂਸਰ ਤੇ ਕਮਜ਼ੋਰੀ ਦਾ ਖਤਰਾ ਵਧਦਾ ਹੈ। ਮੋਬਾਇਲ ਦੀ ਜ਼ਿਆਦਾ ਵਰਤੋਂ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਨੂੰ ਵੀ ਜਨਮ ਦਿੰਦੀ ਹੈ।

How to cantrol the habit of children watching mobile?

ਬੱਚਿਆਂ ਦੇ ਮਾਮਲੇ ’ਚ ਇਹ ਨਤੀਜੇ ਹੋਰ ਵੀ ਘਾਤਕ ਸਾਬਤ ਹੋ ਸਕਦੇ ਹਨ। ਮੋਬਾਇਲ ਫੋਨਾਂ ਦਾ ਬੱਚਿਆਂ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਹ ਉਨ੍ਹਾਂ ਦੀ ਜੀਵਨਸ਼ੈਲੀ ਵਿੱਚ ਅਣਚਾਹੇ ਬਦਲਾਅ ਲਿਆ ਸਕਦਾ ਹੈ। ਕਈ ਬੱਚੇ ਫੋਨ ਦੇ ਮਾਮਲੇ ’ਚ ਐਨੇ ਜਨੂੰਨੀ ਹੋ ਜਾਂਦੇ ਹਨ ਕਿ ਉਹ ਆਪਣੇ ਮਾਪਿਆਂ ਅਤੇ ਦੋਸਤਾਂ-ਮਿੱਤਰਾਂ ਤੋਂ ਦੂਰੀ ਬਣਾ ਲੈਂਦੇ ਹਨ ਤੇ ਹਰ ਸਮੇਂ ਮੋਬਾਇਲ ਫੋਨ ’ਚ ਗੁਆਚੇ ਰਹਿੰਦੇ ਹਨ। ਬੱਚਿਆਂ ਦੇ ਹੱਥਾਂ ’ਚ ਮੋਬਾਇਲ ਹੋਣ ਨਾਲ ਮੋਬਾਇਲ ਫੋਨ ਦੀ ਦੁਰਵਰਤੋਂ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ। ਬੱਚੇ ਅਸ਼ਲੀਲ ਸੰਦੇਸ਼, ਤਸਵੀਰਾਂ ਜਾਂ ਵੀਡੀਓਜ ਭੇਜ ਤੇ ਪ੍ਰਾਪਤ ਕਰ ਸਕਦੇ ਹਨ। ਬੱਚੇ ਬਾਲਗ ਵੈੱਬਸਾਈਟਾਂ ਤੱਕ ਪਹੁੰਚ ਕਰ ਸਕਦੇ ਹਨ। ਕੁਝ ਵੈੱਬਸਾਈਟਾਂ ਰਾਹੀਂ ਬ੍ਰਾਊਜ਼ਿੰਗ ਕਰਦੇ ਸਮੇਂ ਉਹ ਗਲਤੀ ਨਾਲ ਲਿੰਕਾਂ ’ਤੇ ਕਲਿੱਕ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਬਾਲਗ ਜਾਂ ਅਪਰਾਧੀ ਬਿਰਤੀ ਵਾਲੀ ਸਮੱਗਰੀ ਵੱਲ ਲਿਜਾ ਸਕਦੇ ਹਨ। ਇਸ ਲਈ ਅਪਰਾਧ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਸਰੀਰਕ ਤੇ ਮਾਨਸਿਕ ਅਸਰ | Children watching mobile

ਮਾਹਿਰ ਮੋਬਾਇਲ ਫੋਨ ਦੁਆਰਾ ਛੋਟੇ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸਿਹਤ ’ਤੇ ਬੁਰੇ ਪ੍ਰਭਾਵਾਂ ਬਾਰੇ ਚਿਤਾਵਨੀ ਦੇ ਰਹੇ ਹਨ। ਯੂਨੀਵਰਸਿਟੀ ਆਫਟੋਲੇਡੋ ਨੇ ਆਪਣੀ ਇੱਕ ਖੋਜ ’ਚ ਦਾਅਵਾ ਕੀਤਾ ਹੈ ਕਿ ਇਨ੍ਹਾਂ ਗੈਜੇਟਸ ’ਚੋਂ ਨਿੱਕਲਣ ਵਾਲੀ ਨੀਲੀ ਰੌਸ਼ਨੀ ਸਾਨੂੰ ਸਮੇਂ ਤੋਂ ਪਹਿਲਾਂ ਅੰਨ੍ਹੇਪਣ ਵੱਲ ਧੱਕ ਰਹੀ ਹੈ। ਇਸ ਕਾਰਨ ਚਮੜੀ ’ਤੇ ਖਾਰਸ਼, ਖੁਸ਼ਕੀ ਅਤੇ ਟੈਨਿੰਗ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਮੋਬਾਇਲ ਕਾਰਨ ਬੱਚੇ ਨੂੰ ਥਕਾਵਟ, ਸਿਰਦਰਦ, ਨੀਂਦ ਦੀ ਕਮੀ, ਯਾਦ ਸ਼ਕਤੀ ਦਾ ਘਟਣਾ, ਕੰਨ ਵੱਜਣਾ, ਜੋੜਾਂ ਦਾ ਦਰਦ, ਮੋਟਾਪਾ ਤੇ ਤਣਾਅ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤੇ ਮਾਪੇ ਬੱਚਿਆਂ ਨੂੰ ਵਿਅਸਤ ਰੱਖਣ ਲਈ ਮੋਬਾਇਲ ਗੇਮਾਂ ਖੇਡਣ ਦੀ ਇਜਾਜਤ ਦਿੰਦੇ ਹਨ। ਇਨ੍ਹਾਂ ਆਨਲਾਈਨ ਗੇਮਾਂ ਦੀ ਲੱਗੀ ਲਤ ਹੌਲੀ-ਹੌਲੀ ਬੱਚਿਆਂ ਦੇ ਦਿਮਾਗ ਅਤੇ ਸੋਚਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ। ਉਨ੍ਹਾਂ ਦਾ ਪੂਰਾ ਧਿਆਨ ਪੜ੍ਹਾਈ ਦੀ ਬਜਾਏ ਮੋਬਾਇਲ ਗੇਮਾਂ ਵੱਲ ਲੱਗ ਜਾਂਦਾ ਹੈ।

ਵਿਗੜ ਰਿਹਾ ਮਾਨਿਕਸ ਸੰਤੁਲਨ | Children watching mobile

ਗੇਮਾਂ ਕਾਰਨ ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗੜਨਾ, ਸਮਾਜਿਕ ਮਿਲਵਰਤਣ ਦੀ ਘਾਟ, ਮਨ ਦੀ ਇਕਾਗਰਤਾ ਦਾ ਭੰਗ ਹੋਣਾ, ਨੀਂਦ ਦੀਆਂ ਸਮੱਸਿਆਵਾਂ, ਪੜ੍ਹਾਈ ਤੋਂ ਟਾਲਾ ਵੱਟਣਾ, ਨਕਾਰਾਤਮਕ ਮੁੱਦਿਆਂ ਦਾ ਮਨ ’ਤੇ ਹਾਵੀ ਹੋਣਾ, ਜੀਵਨ ਦੇ ਹੋਰ ਪੱਖਾਂ ’ਚ ਉਦਾਸੀਨਤਾ, ਗੁੱਸੇ ਦਾ ਵਧਣਾ, ਹਿੰਸਕ ਮਾਨਸਿਕਤਾ ਅਤੇ ਹੋਰ ਅਨੇਕਾਂ ਸਰੀਰਕ ਸਮੱਸਿਆਵਾਂ ਬੱਚਿਆਂ ਦੇ ਜ਼ਿੰਦਗੀ ਪ੍ਰਤੀ ਨਜਰੀਏ ਨੂੰ ਬਦਲਦਿਆਂ ਉਨ੍ਹਾਂ ਦਾ ਭਵਿੱਖ ਤਬਾਹ ਕਰ ਰਹੀਆਂ ਹਨ। ਇੱਕ ਹੋਰ ਅਧਿਐਨ ਅਨੁਸਾਰ ਇੱਕ ਔਸਤ ਮੋਬਾਇਲ ਫੋਨ ਤੁਹਾਡੀ ਫਲੱਸ਼ ਸੀਟ ਤੋਂ ਸੱਤ ਗੁਣਾ ਜ਼ਿਆਦਾ ਗੰਦਾ ਹੁੰਦਾ ਹੈ। ਇਹ ਗੰਦੇ ਕੀਟਾਣੂ ਫੂਡ ਪੁਆਇਜ਼ਨਿੰਗ ਤੇ ਪੇਟ ਦੇ ਕੀੜਿਆਂ ਦਾ ਕਾਰਨ ਬਣਦੇ ਹਨ। ਇਸ ਕਾਰਨ ਪੇਟ ਦਰਦ, ਉਲਟੀਆਂ ਤੇ ਦਸਤ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ।

ਅਬਦੁਲ ਗੱਫਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ