ਘਰ ਜਾਂ ਮਕਾਨ

house

ਕਹਾਣੀ : ਘਰ ਜਾਂ ਮਕਾਨ

ਨੱਥਾ ਸਿੰਘ ਦੇ ਦੋ ਪੁੱਤਰ ਸਨ, ਦੋਵੇਂ ਵਿਆਹੇ ਤੇ ਦੋਵਾਂ ਦੇ ਇੱਕ-ਇੱਕ ਨਿਆਣਾ ਵੀ ਸੀ ਨੱਥਾ ਸਿੰਘ ਦੀ ਘਰਵਾਲੀ ਛੋਟੇ ਮੁੰਡੇ ਦੇ ਵਿਆਹ ਤੋਂ ਕੋਈ ਛੇ ਕੁ ਮਹੀਨੇ ਮਗਰੋਂ ਗੁਜ਼ਰ ਗਈ ਸੀ ਨੱਥਾ ਸਿੰਘ ਤੇ ਉਸਦਾ ਪਰਿਵਾਰ ਸਾਰੇ ਇੱਕੋ ਘਰ ਵਿਚ ਹੀ ਰਹਿੰਦੇ ਸਨ ਕਮਰੇ ਅਲੱਗ-ਅਲੱਗ ਪਰ ਵਿਹੜਾ ਇੱਕੋ ਹੀ ਸੀ ਨੱਥਾ ਸਿੰਘ ਦਾ ਛੋਟਾ ਲੜਕਾ ਕੁਝ ਅੜ੍ਹਬ ਸੁਭਾਅ ਦਾ ਸੀ ਆਏ ਦਿਨ ਘਰ ਵਿਚ ਕਲੇਸ਼ ਪਾਈ ਰੱਖਦਾ ‘‘ਬਾਪੂ ਆਹ ਕੀਕਣਖਾਨੇ ਤੋਂ ਮੈਂ ਅੱਕਿਆ ਪਿਆਂ ਸਾਰਾ ਦਿਨ ਜਵਾਕ ਘਰੇ ਰੌਲਾ ਈ ਪਾਈ ਜਾਂਦੇ ਆ ਸ਼ਾਂਤੀ ਨਾਂਅ ਦੀ ਕੋਈ ਚੀਜ ਈ ਹੈਨੀ ਏਸ ਘਰ ਵਿਚ ਬਾਪੂ ਤੂੰ ਵੱਡੇ ਨੂੰ ਸ਼ਹਿਰ ਜਗ੍ਹਾ ਲੈ ਦੇ ਮੇਰੀ ਹੋਰ ਨਹੀਂ ਨਿਭਣੀ… ਬੱਸ ਹੁਣ…!’’ ਮੰਗਲ ਨੇ ਆਪਣਾ ਫੈਸਲਾ ਸੁਣਾ ਦਿੱਤਾ।

ਕਹਾਣੀ : ਘਰ ਜਾਂ ਮਕਾਨ

ਨੱਥਾ ਸਿੰਘ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ ਹਾਰ ਕੇ ਨੱਥਾ ਸਿੰਘ ਨੇ ਆਪਣੇ ਵੱਡੇ ਪੁੱਤਰ ਨਿੰਦਰ ਨੂੰ ਸ਼ਹਿਰ ਇੱਕ ਘਰ ਲੈ ਦਿੱਤਾ ਨਿੰਦਰ ਦੇ ਨਾਲ ਨੱਥਾ ਸਿੰਘ ਵੀ ਸ਼ਹਿਰ ਚਲਾ ਗਿਆ ਮੰਗਲ ਬੜਾ ਖੁਸ਼ ਸੀ ਕਿ ਚੰਗਾ ਹੋਇਆ… ਬਲਾ ਟਲੀ!
ਮੰਗਲ ਦੇ ਕੁਝ ਕੁ ਦਿਨ ਤਾਂ ਵਧੀਆ ਲੰਘੇ ਪਰ ਹੌਲੀ-ਹੌਲੀ ਉਸ ਨੂੰ ਮਾਹੌਲ ਅਜੀਬ ਜਿਹਾ ਲੱਗਣ ਲੱਗ ਪਿਆ ਕਿਉਕਿ ਉਸ ਦਾ ਬੇਟਾ ਸਕੂਲ ਚਲਾ ਜਾਂਦਾ ਤੇ ਘਰਵਾਲੀ ਫੈਕਟਰੀ ਵਿਚ ਕੰਮ ਕਰਦੀ ਉੱਥੇ ਚਲੀ ਜਾਂਦੀ ਘਰ ਵਿਚ ਚੁੱਪ ਪਸਰ ਜਾਂਦੀ ਖੇਤੋਂ ਆਉਂਦਾ ਤਾਂ ਦੇਖਦਾ ਕਿ ਚਾਰੇ ਪਾਸੇ ਸੁੰਨਸਾਨ ਪਈ ਹੁੰਦੀ ਇਕੱਲਾਪਣ ਉਸ ਨੂੰ ਵੱਢ-ਵੱਢ ਖਾਣ ਲੱਗਾ ਦਿਲ ਉੱਡ-ਉੱਡ ਜਾਂਦਾ ਉਸ ਨੂੰ ਲੱਗਦਾ ਕਿ ਉਹ ਪਾਗਲ ਹੋ ਜਾਵੇਗਾ।

ਬਾਪੂ, ਭਰਾ, ਭਰਜਾਈ, ਜਵਾਕ ਬੜੇ ਚੇਤੇ ਆਉਦੇ ਸੁੰਨਾ ਘਰ ਦੇਖਦਾ ਤਾਂ ਤੜਫ ਉੱਠਦਾ ਉਸ ਤੋਂ ਰਿਹਾ ਨਾ ਗਿਆ ਖੀਸੇ ’ਚੋਂ ਫੋਨ ਕੱਢਿਆ ਤੇ ਆਪਣੇ ਬਾਪੂ ਨੂੰ ਲਾ ਲਿਆ ਨੱਥਾ ਸਿੰਘ ਦੇ ਹੈਲੋ ਆਖਦਿਆਂ ਹੀ ਮੰਗਲ ਦਾ ਮਨ ਭਰ ਆਇਆ ਤੇ ਰੋਂਦਿਆਂ-ਰੋਂਦਿਆਂ ਆਪਣੇ ਬਾਪੂ ਨੂੰ ਕਿਹਾ, ‘‘ਬਾਪੂ ਮੇਰਾ ਘਰ ਵਿੱਚ ਦਿਲ ਨਹੀਂ ਲੱਗਦਾ…!’’ ਤੇ ਅੱਗੋਂ ਨੱਥਾ ਸਿੰਘ ਦਾ ਜਵਾਬ ਸੀ, ‘‘ਹੁਣ ਉਹ ਘਰ ਰਿਹਾ ਈ ਕਦੋਂ ਆ ਪੁੱਤਰਾ! ਹੁਣ ਤਾਂ ਉਹ ਇੱਕ ਮਕਾਨ ਆ, ਮਕਾਨ ਕਿਉਂਕਿ ਘਰ ਤਾਂ ਜੀਆਂ ਨਾਲ ਹੁੰਦੇ ਨੇ ਪੁੱਤਰਾ, ਜੀਆਂ ਨਾਲ!’’
ਜੱਸੀ ਜਸਪਾਲ ਵਧਾਈਆਂ
ਮੋ. 99140-43045

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here