ਪਸ਼ੂਆਂ ਲਈ 400 ਕੁਇੰਟਲ ਮੱਕੀ ਦਾ ਆਚਾਰ ਵੰਡਿਆ
(ਰਾਜਨ ਮਾਨ) ਤਰਨ ਤਾਰਨ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਅੰਮ੍ਰਿਤਸਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ
ਮੱਦਦ ਲਈ ਅੱਗੇ ਆਈ ਹੈ ਅਤੇ ਤਰਨਤਾਰਨ ਜ਼ਿਲ੍ਹਾ ਦੇ ਦਰਿਆ ਨਾਲ ਲੱਗਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਕਾਰਨ ਫਸਲਾਂ ਬਰਬਾਦ ਹੋ ਜਾਣ ਕਾਰਨ ਇਹਨਾਂ ਪਿੰਡਾਂ ਵਿੱਚ 400 ਕੁਇੰਟਲ ਮੱਕੀ ਦਾ ਆਚਾਰ ਵੰਡਿਆ ਗਿਆ। (Flood Victims)
ਜ਼ਿਲ੍ਹੇ ਦੇ ਕਰੀਬ 32 ਪਿੰਡ ਵੱਡੇ ਪੱਧਰ ’ਤੇ ਪਾਣੀ ਦੀ ਮਾਰ ਹੇਠ ਆਏ (Flood Victims)
ਤਰਨ ਤਾਰਨ ਜ਼ਿਲ੍ਹੇ ਦੇ ਕਰੀਬ 32 ਪਿੰਡ ਵੱਡੇ ਪੱਧਰ ’ਤੇ ਪਾਣੀ ਦੀ ਮਾਰ ਹੇਠ ਆਏ ਹਨ। ਇਸ ਕਾਰਨ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਮਾਲ ਡੰਗਰ ਨਾਲ ਘਰਾਂ ਨੂੰ ਛੱਡ ਕੇ ਉੱਚੇ ਥਾਂ ’ਤੇ ਹਿਜਰਤ ਕਰਨੀ ਪਈ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਕਾਰਕੁਨਾਂ ਵੱਲੋਂ ਅੱਜ ਪਿੰਡਾਂ ਵਿੱਚ ਜਾ ਕੇ ਬੇਜ਼ੁਬਾਨ ਪਸ਼ੂਆਂ ਲਈ ਚਾਰਾ ਵੰਡਿਆ ਗਿਆ। ਲੋਕਾਂ ਵੱਲੋਂ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਮਾਨ, ਸਕੱਤਰ ਵਿਜੇ ਕੁਮਾਰ,ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਰਟਾਇਰਡ ਜਨਰਲ ਮੈਨੇਜਰ, ਡਾਕਟਰ ਰਘਬੀਰ ਸਿੰਘ, ਦਿਲਬਾਗ ਸਿੰਘ ਸੰਧੂ, ਪ੍ਰੋਫੈਸਰ ਰਾਜਕਰਨ ਸਿੰਘ ਰੰਧਾਵਾ, ਰਾਜਬੀਰ ਸਿੰਘ ਸੰਧੂ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਇਹ ਮਹਿਸੂਸ ਕੀਤਾ ਕਿ ਪਾਣੀ ਦੀ ਮਾਰ ਹੇਠ ਆਉਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਓਥੇਂ ਕਿਸਾਨਾਂ ਦੇ ਪਸ਼ੂ ਧੰਨ ਲਈ ਹਰੇ ਚਾਰੇ ਦੀ ਸਮੱਸਿਆ ਸਭ ਤੋਂ ਵੱਡੀ ਮੁਸ਼ਕਿਲ ਵੱਜੋਂ ਉੱਭਰ ਕੇ ਸਾਹਮਣੇ ਆਈ। (Flood Victims)
ਉਹਨਾਂ ਕਿਹਾ ਕਿ ਸਾਡੇ ਵੱਲੋਂ 400 ਕੁਇੰਟਲ ਮੱਕੀ ਦਾ ਆਚਾਰ ਅੱਜ ਦਰਿਆ ਨਾਲ ਲੱਗਦੇ ਪਿੰਡਾਂ ਘੜੁੰਮ, ਗਦਾਈ ਏ, ਘੁੱਲੇਵਾਲਾ, ਕੋਟਬੁੱਢਾ, ਕੁੱਤੀਵਾਲਾ, ਡੂੰਮਣੀ ਵਾਲਾ ਤੋਂ ਲੈ ਕੇ ਮੁੱਠਿਆਂ ਵਾਲੀ ਸਮੇਤ 32 ਪਿੰਡਾਂ ਦੇ ਕਿਸਾਨਾਂ ਨੂੰ ਤਕਸੀਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦੁੱਖ ਦੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮੱਦਦ ਕਰੀਏ। ਉਹਨਾਂ ਕਿਹਾ ਕਿ ਪਾਣੀ ਦੀ ਮਾਰ ਕਾਰਨ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਇਹ ਲੋਕ ਪਹਿਲਾਂ ਹੀ ਸਮੇਂ ਸਮੇਂ ਤੇ ਕੁਦਰਤੀ ਆਫ਼ਤਾਂ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਇਹਨਾਂ ਲੋਕਾਂ ਨੂੰ ਸਾਡੀ ਹੋਰ ਮਦਦ ਦੀ ਲੋੜ ਨਾ ਪਵੇ ਅਤੇ ਹਾਲਾਤ ਆਮ ਵਰਗੇ ਹੋ ਜਾਣ ਅਤੇ ਜੇਕਰ ਅੱਗੇ ਉਹਨਾਂ ਨੂੰ ਕੋਈ ਵੀ ਜਰੂਰਤ ਪਵੇਗੀ ਤਾਂ ਉਹ ਇਹਨਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ। (Flood Victims)
ਇਹ ਵੀ ਪੜ੍ਹੋ : 10 ਰੁਪਏ ਪਿੱਛੇ ਗਾਹਕ ਵੱਲੋਂ ਦੁਕਾਨਦਾਰ ‘ਤੇ ਤਲਵਾਰਾਂ ਨਾਲ ਹਮਲਾ
ਇਸ ਮੌਕੇ ਪਸ਼ੂਆਂ ਲਈ ਆਚਾਰ ਲੈ ਰਹੇ ਨੌਜਵਾਨ ਮੰਗਦੇਵ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਆਏ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਜੋ ਸੇਵਾ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਦੁੱਖ ਦੀ ਘੜੀ ਵਿੱਚ ਸਾਡੀ ਬਾਂਹ ਫੜੀ ਹੈ। ਉਸਨੇ ਦੱਸਿਆ ਕਿ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਪਸ਼ੂਆਂ ਦੇ ਚਾਰੇ ਦੀ ਹੀ ਹੈ ਕਿਉਂਕਿ ਸਾਡੀਆਂ ਜ਼ਮੀਨਾਂ ਧੁੱਸੀ ਤੋਂ ਪਾਰ ਹੋਣ ਕਰਕੇ ਫਸਲਾਂ ਤੇ ਚਾਰੇ ਬਰਬਾਦ ਹੋ ਗਏ ਹਨ। ਉਹਨਾਂ ਕਿਹਾ ਕਿ ਕਈ ਲੋਕਾਂ ਦੇ ਘਰ ਵੀ ਡੁੱਬ ਗਏ ਹਨ ਅਤੇ ਉਹ ਟੈਂਟ ਲਾ ਕੇ ਹਰੀਕੇ ਨੇੜੇ ਰਹਿ ਰਹੇ ਹਨ। ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਅਤੇ ਪੰਜਾਬ ਐਗਰੋ ਦੀ ਮੱਦਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ।