ਹਾੱਕੀ ਵਿਸ਼ਵ ਕੱਪ: ਇਤਿਹਾਸ ਨਹੀਂ ਦੁਹਰਾ ਸਕੀਆਂ ਭਾਰਤੀ ਮਹਿਲਾਵਾਂ

ਕੁਆਰਟਰ ਫਾਈਨਲ ‘ਚ ਆਇਰਲੈਂਡ ਤੋਂ ਪੈਨਲਟੀ ਸ਼ੂਟਆਊਟ ‘ਚ 1-3 ਨਾਲ ਹਾਰੀ ਭਾਰਤੀ ਟੀਮ

 

ਨਿਰਧਾਰਤ ਸਮੇਂ ਤੱਕ ਕੋਈ ਟੀਮ ਨਾ ਕਰ ਸਕੀ ਗੋਲ

ਲੰਦਨ, 3 ਅਗਸਤ।

ਭਾਰਤੀ ਮਹਿਲਾ ਹਾੱਕੀ ਟੀਮ ਨੂੰ ਆਇਰਲੈਂਡ ਵਿਰੁੱਧ ਪੈਨਲਟੀ ਸ਼ੂਟਆਊਟ ‘ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਉਸਦਾ 44 ਸਾਲ ਬਾਅਦ ਮਹਿਲਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ।
ਭਾਰਤ ਅਤੇ ਆਇਰਲੈਂਡ ਦਰਅਿਮਾਨ ਨਿਰਧਾਰਤ ਸਮੇਂ ਤੱਕ ਮੁਕਾਬਲਾ ਗੋਲ ਰਹਿਤ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਭਾਰਤੀ ਟੀਮ ਇੱਕ ਹੀ ਨਿਸ਼ਾਨਾ ਲਗਾ ਸਕੀ ਜਦੋਂਕਿ ਆਇਰਲੈਂਡ ਨੇ ਤਿੰਨ ਵਾਰ ਗੇਂਦ ਨੂੰ ਗੋਲ ‘ਚ ਪਹੁੰਚਾਇਆ।
ਭਾਰਤੀ ਟੀਮ ਨੂੰ ਗਰੁੱਪ ਗੇੜ ‘ਚ ਵੀ ਆਇਰਲੈਂਡ ਹੱਥੋਂ 0-1 ਦੀ ਮਾਤ ਮਿਲੀ ਸੀ।

 
ਵਿਸ਼ਵ ‘ਚ 10ਵੇਂ ਨੰਬਰ ਦੀ ਭਾਰਤੀ ਟੀਮ ਦਾ 16ਵੇਂ ਨੰਬਰ ਦੀ ਟੀਮ ਆਇਰਲੈਂਡ ਨਾਲ ਨਿਰਧਾਰਤ ਸਮੇਂ ‘ਚ ਮੁਕਾਬਲਾ ਜ਼ਬਰਦਸਤ ਰਿਹਾ ਅਤੇ ਦੋਵੇਂ ਟੀਮਾਂ ਗੋਲ ਨਾ ਕਰ ਸਕੀਆਂ। ਸ਼ੂਟਆਊਟ ‘ਚ ਆਇਰਲੈਂਡ ਦੀ ਟੀਮ ਬਿਹਤਰ ਸਾਬਤ ਹੋਈ। ਭਾਰਤ ਨੇ ਸ਼ੂਆਊਟ ‘ਚ ਪਹਿਲੇ ਤਿੰਨ ਮੌਕੇ ਗੁਆਏ ਅਤੇ ਇਸ ਦੇ ਨਾਲ ਹੀ ਉਸਦੇ ਹੱਥੋਂ 44 ਸਾਲ ਬਾਅਦ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਣ ਦਾ ਮੌਕਾ ਖੁੰਝ ਗਿਆ।
ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਰਿਹਾ ਹੈ। ਪਰ ਟੀਮ ਇਸ ਵਾਰ ਆਸਾਂ ਜਗਾਉਣ ਦੇ ਬਾਵਜ਼ੂਦ ਉਸ ਮੰਜ਼ਿਲ ਤੱਕ ਨਾ ਪਹੁੰਚ ਸਕੀ।

 

ਸ਼ੂਟਆਊਟ ‘ਚ ਭਾਰਤੀ ਗੋਲਕੀਪਰ ਸਵਿਤਾ ਨਿਰਾਸ਼ ਕਰ ਗਈ

ਸ਼ੂਟਆਊਟ ‘ਚ ਭਾਰਤੀ ਗੋਲਕੀਪਰ ਸਵਿਤਾ ਨਿਰਾਸ਼ ਕਰ ਗਈ ਜਦੋਂਕਿ ਇਸ ਤੋਂ ਪਹਿਲਾਂ ਉਸਦਾ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ। ਕਪਤਾਨ ਰਾਣੀ, ਮੋਨਿਕਾ ਅਤੇ ਨਵਜੋਤ ਕੌਰ ਨੇ ਸ਼ੂਟਆਊਟ ‘ਚ ਮੌਕੇ ਗੁਆਏ ਜਦੋਂਕਿ ਰੀਨਾ ਖੋਖਰ ਨੇ ਚੌਥੀ ਕੋਸ਼ਿਸ਼ ‘ਚ ਗੋਲ ਕੀਤਾ। ਆਇਰਲੈਂਡ ਦੀ ਗੋਲਕੀਪਰ ਕਲੋ ਵਾਟਕਿਸ ਨੇ ਪੰਜਵੀਂ ਕੋਸ਼ਿਸ਼ ‘ਚ ਜਿਵੇਂ ਹੀ ਸਵਿਤਾ ਨੂੰ ਨਾਕਾਮ ਕੀਤਾ ਆਇਰਲੈਂਡ ਦਾ ਖ਼ੇਮਾ ਸੈਮੀਫਾਈਨਲ ‘ਚ ਪਹੁੰਚਣ ਦੀ ਖੁਸ਼ੀ ‘ਚ ਝੂਮ ਉੱਠਿਆ। ਹੁਣ ਸੈਮੀਫਾਈਨਲ ‘ਚ ਆਇਰਲੈਂਡ ਦਾ ਮੁਕਾਬਲਾ 4 ਅਗਸਤ ਨੂੰ ਸਪੇਨ ਨਾਲ ਹੋਵੇਗਾ।

 

ਅਗਲਾ ਟੀਚਾ ਏਸ਼ੀਆਡ ਸੋਨ ਜਿੱਤ ਕੇ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ

ਭਾਰਤ ਨੂੰ ਹੁਣ 18 ਅਗਸਤ ਨੂੰ ਇੰਡੋਨੇਸ਼ੀਆ ‘ਚ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਤਾਂ ਕਿ ਉਸਨੂੰ ਸਿੱਧਾ ਹੀ 2020 ਦੀਆਂ ਟੋਕੀਓ ਓਲੰਪਿਕ ਦਾ ਟਿਕਟ ਮਿਲ ਸਕੇ। ਭਾਰਤੀ ਟੀਮ 1974 ਦੇ ਵਿਸ਼ਵ ਕੱਪ ‘ਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ 1978 ‘ਚ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ ਨੌਂਵੇਂ ਸਥਾਨ ‘ਤੇ ਰਹੀ ਸੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।