ਸਰਦਾਰ ਨੂੰ ਉਸਦੀ ਪ੍ਰਾਪਤੀ ਦੇ ਸਤਿਕਾਰ ‘ਚ ਇਸ ਮੈਚ ਲਈ ਕਪਤਾਨੀ ਦਿੱਤੀ ਗਈ
ਬ੍ਰੇਦਾ (ਏਜੰਸੀ) ਪਿਛਲੀ ਉਪ ਜੇਤੂ ਭਾਰਤੀ ਹਾਕੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਐਤਵਾਰ ਨੂੰ 2-1 ਨਾਲ ਹਰਾ ਕੇ ਐਫ.ਆਈ.ਐਚ. ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਪਹਿਲੇ ਮੈਚ ‘ਚ 4-0 ਨਾਲ ਹਰਾਇਆ ਸੀ ਅਤੇ ਹੁਣ ਉਸਨੇ ਓਲੰਪਿਕ ਚੈਂਪੀਅਨ ਨੂੰ ਹਰਾ ਦਿੱਤਾ ਭਾਰਤੀ ਟੀਮ ਨੇ ਲਗਾਤਾਰ ਦੂਸਰੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹਰਮਨਪ੍ਰੀਤ ਸਿੰਘ ਨੇ 17ਵੇਂ ਮਿੰਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਕੇ ਭਾਰਤ ਨੂੰ ਵਾਧਾ ਦਿਵਾਇਆ ਮਨਦੀਪ ਸਿੰਘ ਨੇ 28ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਸਕੋਰ 2-0 ਕਰ ਦਿੱਤਾ ਅਰਜਨਟੀਨਾ ਦਾ ਇੱਕੋ ਇੱਕ ਗੋਲ ਗੋਂਜ਼ਾਲੋ ਪਿਲੇਟ ਨੇ 30ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤਾ।
ਭਾਰਤ ਦੇ ਸਟਾਰ ਮਿਡਫੀਲਡਰ ਅਤੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਇਸ ਮੈਚ ‘ਚ ਆਪਣੇ 300 ਅੰਤਰਰਾਸ਼ਟਰੀ ਮੈਚ ਪੂਰੇ ਕਰ ਲਏ ਇਸ ਟੂਰਨਾਮੈਂਟ ਲਈ ਹਾਲਾਂਕਿ ਗੋਲਕੀਪਰ ਪੀਆਰ ਸ਼੍ਰੀਜੇਸ਼ ਕਪਤਾਨ ਹਨ ਪਰ ਇਸ ਮੈਚ ਰਾਹੀਂ ਆਪਣਾ 300ਵਾਂ ਮੈਚ ਖੇਡ ਰਹੇ ਸਰਦਾਰ ਸਿੰਘ ਨੂੰ ਉਸਦੀ ਪ੍ਰਾਪਤੀ ਦੇ ਸਤਿਕਾਰ ‘ਚ ਇਸ ਮੈਚ ‘ਚ ਕਪਤਾਨੀ ਦਿੱਤੀ ਗਈ ਅਤੇ ਉਸਨੇ ਸ਼ਾਨਦਾਰ ਜਿੱਤ ਨਾਲ ਇਸ ਸਤਿਕਾਰ ਅਤੇ 300 ਮੈਚ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਭਾਰਤ ਦੇ ਮੈਚ ਜਿੱਤਦਿਆਂ ਹੀ ਕੋਚ ਹਰਿੰਦਰ ਸਿੰਘ ਨੇ ਮੈਦਾਨ ‘ਤੇ ਆ ਕੇ ਆਪਣੀ ਟੀਮ ਦੇ ਹਰ ਖਿਡਾਰੀ ਨਾਲ ਹੱਥ ਮਿਲਾ ਕੇ ਉਸਦੀ ਪਿੱਠ ਥਪਥਪਾ ਕੇ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਭਾਰਤ ਨੇ ਇਸ ਦੇ ਨਾਲ ਹੀ ਪਿਛਲੇ ਛੇ ਮਹੀਨੇ ‘ਚ ਅਰਜਨਟੀਨਾ ਤੋਂ ਵਿਸ਼ਵ ਲੀਗ ਫਾਈਨਲ ਅਤੇ ਸੁਲਤਾਨ ਅਜਲਾਨ ਸ਼ਾਹ ‘ਚ ਮਿਲੀਆਂ ਹਾਰਾਂ ਦਾ ਬਦਲਾ ਚੁਕਾ ਲਿਆ ।
ਭਾਰਤ ਦਾ ਅਗਲਾ ਮੁਕਾਬਲਾ 27 ਜੂਨ ਨੂੰ ਆਸਟਰੇਲੀਆ ਨਾਲ
ਓਲੰਪਿਕ ਚੈਂਪੀਅਨ ਅਰਜਨਟੀਨਾ ਦੀ ਦੋ ਮੈਚਾਂ ‘ਚ ਇਹ ਪਹਿਲੀ ਹਾਰ ਹੈ ਉਸਨੇ ਕੱਲ ਮੇਜ਼ਬਾਨ ਹਾਲੈਂਡ ਨੂੰ 2-1 ਨਾਲ ਹਰਾਇਆ ਸੀ ਜਦੋਂਕਿ ਵਿਸ਼ਵ ਚੈਂਪੀਅਨ ਆਸਟਰੇਲੀਆ ਅਤੇ ਬੈਲਜ਼ੀਅਮ ਦਾ ਮੈਚ 3-3 ਨਾਲ ਬਰਾਬਰ ਰਿਹਾ ਸੀ ਭਾਰਤ ਦਾ ਤੀਸਰਾ ਮੁਕਾਬਲਾ 27 ਜੂਨ ਨੂੰ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।
ਹਾਕੀ ਇੰਡੀਆ ਨੇ ਦਿੱਤੀ ਸਰਦਾਰ ਨੂੰ ਵਧਾਈ
ਹਾਕੀ ਇੰਡੀਆ ਨੇ 31 ਵਰ੍ਹਿਆਂ ਦੇ ਸਰਦਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਸਰਦਾਰ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ ਜੂਨੀਅਰ ਟੀਮ ਦੇ ਨਾਲ ਭਾਰਤ ਦੇ 2003-04 ‘ਚ ਪੋਲੈਂਡ ਦੌਰੇ ਨਾਲ ਸ਼ੁਰੂ ਕੀਤਾ ਸੀ ਅਤੇ ਉਸਦੀ ਸੀਨੀਅਰ ਟੀਮ ਨਾਲ ਸ਼ੁਰੂਆਤ 2006 ‘ਚ ਪਾਕਿਸਤਾਨ ਵਿਰੁੱਧ ਹੋਈ ਸੀ।