ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ’ਚ ਲੱਗਣਗੇ ਵਿਰਾਸਤੀ ਮੇਲੇ : ਅਨਮੋਲ ਗਗਨ ਮਾਨ

Rangla Punjab
ਚੰਡੀਗੜ੍ਹ: ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਚੰਡੀਗੜ ਵਿਖੇ ਪ੍ਰੈਸ ਵਾਰਤਾ ਦੌਰਾਨ ਸੰਬੋਧਨ ਕਰਦੇ ਹੋਏ।

ਪੰਜਾਬ ਨੂੰ ’ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ ਸਪਾਟਾ ਖੇਤਰ ’ਚ ਨਵੀਂ ਪਹਿਲਕਦਮੀਆਂ ਦੀ ਸ਼ੁਰੂਆਤ (Rangla Punjab)

  • ਸ੍ਰੀ ਅਨੰਦਪੁਰ ਸਾਹਿਬ ਵਿਖੇ ’ਨਿਹੰਗ ਓਲੰਪਿਕ’ ਦੀ ਹੋਵੇਗੀ ਸ਼ੁਰੂਆਤ
  • ਤਰਨਤਾਰਨ ’ਚ ਦਾਰਾ ਸਿੰਘ ਛਿੰਝ ਓਲੰਪਿਕ, ਜੇਤੂ ਨੂੰ ਕੈਸ਼ ਇਨਾਮ ਤੇ ਰੁਸਤਮੇ-ਏ-ਪੰਜਾਬ ਦਾ ਮਿਲੇਗਾ ਖਿਤਾਬ

(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਦੇਸ਼- ਦੁਨਿਆ ਨੂੰ ਜਾਣੂੰ ਕਰਵਾਉਣ, ਸੂਬੇ ਵਿਚ ਸੈਰ-ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ’ਰੰਗਲਾ ਪੰਜਾਬ’ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੁਣ ਪੰਜਾਬ ਸਰਕਾਰ ਇੱਥੋਂ ਦੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲਿਆਂ ਦਾ ਧੂਮ ਧਾਮ ਨਾਲ ਆਯੋਜਨ ਕਰੇਗੀ। ਇਹ ਜਾਣਕਾਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਚੰਡੀਗੜ ਵਿਖੇ ਪ੍ਰੈਸ ਵਾਰਤਾ ਦੌਰਾਨ ਸਾਂਝੀ ਕੀਤੀ।

ਇਹ ਵੀ ਪੜ੍ਹੋ : ਹਮਲਾਵਰਾਂ ਨੇ ਕਾਰ ਚਾਲਕ ਨੂੰ ਮਾਰੀ ਗੋਲੀ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਦੁਨੀਆ ਨੂੰ ਜਾਣੂ ਕਰਵਾਉਣ, ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਸਾਲ ਭਰ ਵਿਰਾਸਤੀ ਮੇਲਿਆਂ ਅਤੇ ਤਿਉਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਨੂੰ ’ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸੈਰ ਸਪਾਟਾ ਖੇਤਰ ’ਚ ਨਵੀਂ ਪਹਿਲਕਦਮੀਆਂ ਉਲੀਕਿਆਂ ਗਈਆਂ ਹਨ।

ਲੁਧਿਆਣਾ ਵਿਖੇ ਕਿਲਾ ਰਾਏਪੁਰ ਦਿਹਾਤੀ ਓਲੰਪਿਕ ਹੋਵੇਗਾ

ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਸਾਲ ਭਰ 22 ਮੇਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਫੈਸਟੀਵਲ, ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਜਨਵਰੀ ਵਿਚ ਕਪੂਰਥਲਾ ਹੈਰੀਟੇਜ ਫੈਸਟੀਵਲ ਹੋਵੇਗਾ। ਇਸ ਤੋਂ ਇਲਾਵਾ ਤੋਂ ਲੁਧਿਆਣਾ ਵਿਖੇ ਕਿਲਾ ਰਾਏਪੁਰ ਦਿਹਾਤੀ ਓਲੰਪਿਕ ਹੋਵੇਗਾ।

ਉਨਾ ਕਿਹਾ ਕਿ ਬਠਿੰਡਾ ’ਚ ਵਿਰਾਸਤੀ ਮੇਲਾ ਅਤੇ ਵਿਸਾਖੀ ਮੇਲਾ, ਮਾਰਚ ’ਚ ਪਟਿਆਲਾ ’ਚ ਹੈਰੀਟੇਜ ਫੈਸਟੀਵਲ, ਮਾਰਚ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੋਹਲਾ, ਅਗਸਤ ਵਿੱਚ ਸੰਗਰੂਰ ਵਿਖੇ ਤੀਆਂ ਦਾ ਮੇਲਾ, ਸਤੰਬਰ ਵਿੱਚ ਐਸ.ਬੀ.ਐਸ.ਨਗਰ ਵਿਖੇ ਇੰਨਕਲਾਬ ਫੈਸਟੀਵਲ, ਮਾਨਸਾ ਵਿਖੇ ਮਾਲਵਾ ਦੇ ਸੱਭਿਆਚਾਰ ਅਤੇ ਪਕਵਾਨਾਂ ਨੂੰ ਉਜਾਗਰ ਕਰਨ ਵਾਲਾ ਦੂਨ ਫੈਸਟੀਵਲ, ਫਾਜ਼ਿਲਕਾ ਵਿਖੇ ਪੰਜਾਬ ਹੈਂਡੀਕਰਾਫਟ ਫੈਸਟੀਵਲ, ਨਵੰਬਰ ਵਿੱਚ ਜਲੰਧਰ ਵਿਖੇ ਘੋੜਸਵਾਰ ਮੇਲਾ, ਚੰਡੀਗੜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ, ਪਠਾਨਕੋਟ ਵਿਖੇ ਦਰਿਆਵਾਂ ਦਾ ਮੇਲਾ, ਮਾਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਆਦਿ ਮੇਲੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਜਾਗਰ ਕਰਨਗੇ । (Rangla Punjab)

Rangla Punjab
ਚੰਡੀਗੜ੍ਹ: ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਚੰਡੀਗੜ ਵਿਖੇ ਪ੍ਰੈਸ ਵਾਰਤਾ ਦੌਰਾਨ ਸੰਬੋਧਨ ਕਰਦੇ ਹੋਏ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ’ਨਿਹੰਗ ਓਲੰਪਿਕ’ ਦੀ ਸ਼ੁਰੂਆਤ (Rangla Punjab)

ਮੰਤਰੀ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ’ਨਿਹੰਗ ਓਲੰਪਿਕ’ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਤਰਨਤਾਰਨ ’ਚ ਦਾਰਾ ਸਿੰਘ ਛਿੰਝ ਓਲੰਪਿਕ ਦੀ ਸਰੂਆਤ ਹੋਵੇਗੀ ਜਿਸ ਵਿੱਚ ਜੇਤੂ ਨੂੰ ਸੂਬਾ ਸਰਕਾਰ ਵੱਲੋ ਕੈਸ਼ ਇਨਾਮ ਤੇ ਰੁਸਤਮੇ-ਏ-ਪੰਜਾਬ ਦਾ ਖਿਤਾਬ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਰੋਪੜ ਅਤੇ ਪਠਾਨਕੋਟ ਵਿੱਚ ਸਾਲਾਨਾ ਐਡਵੇਂਚਰ ਸਪੋਰਟਸ ਵੀ ਸ਼ੁਰੂ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਪਹਿਲਾ ’ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਸ਼ੂਰੂ ਕੀਤਾ ਜਾਵੇਗਾ ਜੋਕਿ ਪੰਜਾਬੀਆਂ ਦੀ ਬਹਾਦਰੀ ਨੂੰ ਉਜਾਗਰ ਕਰੇਗਾ।

ਅੰਮ੍ਰਿਤਸਰ ਵਿਖੇ ’ਰੰਗਲਾ ਪੰਜਾਬ ਤਿਉਹਾਰ’ ’ਚ ਪੰਜਾਬੀ ਸੱਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ ਤੇ ਕੀਤਾ ਜਾਵੇਗਾ ਪ੍ਰਦਰਸ਼ਿਤ

ਮੰਤਰੀ ਨੇ ਦੱਸਿਆ ਕਿ ਜਨਵਰੀ ਵਿਚ ਅੰਮਿ੍ਰਤਸਰ ਵਿਖੇ ਰੰਗਲਾ ਪੰਜਾਬ ਤਿਉਹਾਰ ਹੋਵੇਗਾ ਜਿਸ ਵਿਚ ਪੰਜਾਬੀ ਸੱਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਜਿਸ ਵਿੱਚ ਉੱਘੇ ਨਾਵਲਕਾਰ ਅਤੇ ਕਵੀ ਹਿੱਸਾ ਲੈਣਗੇ। ਪੰਜਾਬ ਦੇ ਸੁਆਦਲੇ ਪਕਵਾਨ ਮੁਕਾਬਲੇ ਕਰਵਾਏ ਜਾਣਗੇ। ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਰੰਗਾ ਰੰਗ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਪੇਸ਼ ਕੀਤੀ। ਉਨਾਂ ਕਿਹਾ ਕਿ ਜਲਦੀ ਹੀ ਮੁਹਾਲੀ ਵਿਖੇ ਸੈਰ ਸਪਾਟਾ ਸੰਮੇਲਨ ਅਤੇ ਪੰਜਾਬ ਟਰੈਵਲ ਮਾਰਟ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸੰਚਾਲਕ ਸੋਨਾਲੀ ਗਿਰੀ ਅਤੇ ਹੋਰ ਉੱਘੇ ਪਤਵੰਤਿਆਂ ਸਮੇਤ ਅਧਿਕਾਰੀ ਹਾਜਰ ਸਨ।

 

LEAVE A REPLY

Please enter your comment!
Please enter your name here