ਖੇਤੀ ਖੇਤਰ ਲਈ ਮੀਂਹ ਦਾ ਫਾਇਦਾ ਹੀ ਫਾਇਦਾ | Rain
ਬਠਿੰਡਾ (ਸੁਖਜੀਤ ਮਾਨ)। Rain : ਬਠਿੰਡਾ ਸ਼ਹਿਰ ਤੇ ਇਸਦੇ ਨਾਲ ਲੱਗਦੇ ਕੁੱਝ ਪਿੰਡ ਮੀਂਹ ਬਿਨ੍ਹਾਂ ਸੁੱਕੇ ਪਏ ਸੀ। ਅੱਜ ਸਵੇਰ ਵੇਲੇ ਇਸ ਇਲਾਕੇ ਦਾ ਸੋਕਾ ਵੀ ਖਤਮ ਹੋ ਗਿਆ। ਮੀਂਹ ਐਨਾਂ ਵਰਿ੍ਹਆ ਕਿ ਸ਼ਹਿਰ ’ਚ ਸੜਕਾਂ ’ਤੇ ਪਾਣੀ ਹੀ ਪਾਣੀ ਹੋ ਗਿਆ। ਖੇਤਾਂ ’ਚ ਵੱਟਾਂ ਤੋੜਨ ਵਾਲੇ ਮੀਂਹ ਨੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ। ਸ਼ਹਿਰ ’ਚ ਥਾਂ-ਥਾਂ ਖੜ੍ਹੇ ਪਾਣੀ ਨੇ ਨਿਗਮ ਦੇ ਜਲ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਵੇਰਵਿਆਂ ਮੁਤਾਬਿਕ ਅੱਜ ਸਵੇਰੇ ਬਠਿੰਡਾ ਜ਼ਿਲ੍ਹੇ ’ਚ ਕਾਫੀ ਮੀਂਹ ਵਰਿ੍ਹਆ। ਇਸ ਤੋਂ ਪਹਿਲਾਂ ਜ਼ਿਲ੍ਹੇ ’ਚ ਹਲਕਾ-ਹਲਕਾ ਮੀਂਹ ਇੱਕ-ਦੋ ਵਾਰ ਪੈ ਗਿਆ ਸੀ ਪਰ ਭਰਵਾਂ ਮੀਂਹ ਅੱਜ ਪਿਆ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਬਠਿੰਡਾ ’ਚ ਤਾਂ ਗਰਮੀ ਨਾਲ ਐਨਾਂ ਜ਼ਿਆਦਾ ਬੁਰਾ ਹਾਲ ਸੀ ਕਿ ਕਰੀਬ ਅੱਧੀ ਦਰਜ਼ਨ ਤੋਂ ਜ਼ਿਆਦਾ ਮੌਤਾਂ ਗਰਮੀ ਕਾਰਨ ਹੋ ਚੁੱਕੀਆਂ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਗਰਮੀ ਕਾਰਨ ਬੇਹੋਸ਼ ਹੋਣ ਵਾਲਿਆਂ ਦੀ ਸੰਭਾਲ ’ਚ ਜੁਟੀਆਂ ਹੋਈਆਂ ਸੀ। ਅੱਜ ਪਏ ਮੀਂਹ ਨਾਲ ਖੇਤੀ ਖੇਤਰ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ।
Rain
ਬਠਿੰਡਾ ਦੀ ਨਰਮਾ ਪੱਟੀ, ਜਿਸ ’ਚ ਪਹਿਲਾਂ ਜਿੰਨ੍ਹਾਂ ਨਰਮਾ ਭਾਵੇਂ ਹੁਣ ਨਹੀਂ ਪਰ ਜਿੰਨੀ ਕਾਸਤ ਇਸ ਵਾਰ ਹੋਈ ਹੈ ਉਸ ਲਈ ਮੀਂਹ ਵਰਦਾਨ ਬਣੇਗਾ। ਕਈ ਥਾਈਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਜ਼ਮੀਨ ’ਚ ਫਸਲ ਦਾ ਫੁਟਾਰਾ ਘੱਟ ਹੁੰਦਾ ਸੀ, ਜੋ ਹੁਣ ਮੀਂਹ ਨਾਲ ਹੋਵੇਗਾ। ਝੋਨੇ ਦੀ ਲਵਾਈ ਵੀ ਲਗਭਗ ਆਖਰੀ ਗੇੜ ’ਚ ਹੈ। ਇਸ ਮੀਂਹ ਨਾਲ ਝੋਨੇ ਦੀ ਫਸਲ ਲੱਗਦਿਆਂ ਹੀ ਚੱਲ ਪਵੇਗੀ। ਮੀਂਹ ਨਾਲ ਬਠਿੰਡਾ ਨੇੜਲੇ ਪਿੰਡ ਤਿਉਣਾ ’ਚ ਇੱਕ ਕਿਸਾਨ ਵੱਲੋਂ ਘਰ ’ਚ ਚਲਾਏ ਜਾ ਰਹੇ ਡੇਅਰੀ ਫਾਰਮ ਦੀ ਛੱਤ ਡਿੱਗਣ ਨਾਲ ਕਰੀਬ 20 ਪਸ਼ੂ ਹੇਠਾਂ ਆ ਗਏ।
Rain
ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਪਸ਼ੂਆਂ ਦੇ ਕਾਫੀ ਸੱਟਾਂ ਲੱਗੀਆਂ ਹਨ। ਮੀਂਹ ਨਾਲ ਬਠਿੰਡਾ ਦੇ ਪਾਵਰ ਹਾਊਸ ਰੋਡ, ਹਾਜ਼ੀ ਰਤਨ ਚੌਂਕ, ਪਰਸਰਾਮ ਨਗਰ ਮੇਨ ਰੋਡ, ਮਾਲ ਰੋਡ, ਸਿਰਕੀ ਬਜ਼ਾਰ ’ਚ ਕਾਫੀ ਪਾਣੀ ਭਰ ਗਿਆ। ਪਾਵਰ ਹਾਊਸ ਰੋਡ ’ਤੇ ਪਾਣੀ ਐਨਾਂ ਜ਼ਿਆਦਾ ਸੀ ਕਿ ਗੱਡੀਆਂ ਆਦਿ ਪਾਣੀ ’ਚ ਬੰਦ ਹੋ ਗਈਆਂ । ਇੱਥੋਂ ਦੀ ਸਵੇਰ ਵੇਲੇ ਲੰਘ ਕੇ ਅਜੀਤ ਰੋਡ ’ਤੇ ਪੈਂਦੇ ਸਟੱਡੀ ਸੈਂਟਰਾਂ ’ਚ ਜਾਣ ਵਾਲੇ ਵਿਦਿਆਰਥੀ ਵੀ ਕਾਫੀ ਪ੍ਰੇਸ਼ਾਨ ਹੋਏ। ਪਾਵਰ ਹਾਊਸ ਰੋਡ ’ਤੇ ਕਾਫੀ ਹਸਪਤਾਲ ਵੀ ਹਨ, ਜਿੰਨ੍ਹਾਂ ’ਚ ਜਾਣ ਲਈ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਝੱਲਣੀਆਂ ਪਈਆਂ।
Also Read : ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨਾਲ ਜੁੜੀ ਵੱਡੀ ਅਪਡੇਟ, ਪੜ੍ਹੋ ਤੇ ਜਾਣੋ
ਕਈ ਰਿਕਸ਼ਾ ਚਾਲਕਾਂ ਦੀ ਇਸ ਮੀਂਹ ’ਚ ਚਾਂਦੀ ਬਣੀ ਰਹੀ। ਇਸ ਤੋਂ ਪਹਿਲਾਂ ਜਿਹੜੇ ਰਿਕਸ਼ਾ ਚਾਲਕ ਨੇੜਲੇ ਹਸਪਤਾਲਾਂ ਜਾਂ ਹੋਰਨਾਂ ਥਾਵਾਂ ’ਤੇ ਜਾਣ ਦਾ 20 ਤੋਂ 30 ਰੁਪਏ ਤੱਕ ਕਿਰਾਇਆ ਲੈਂਦੇ ਸੀ ਅੱਜ ਉਨ੍ਹਾਂ ਨੇ 80-100 ਰੁਪਏ ਤੋਂ ਘੱਟ ਸਵਾਰੀਆਂ ਨਹੀਂ ਢੋਹੀਆਂ । ਰਿਕਸ਼ਾ ਚਾਲਕਾਂ ਦਾ ਕਹਿਣਾ ਸੀ ਕਿ ਐਨੇਂ ਜ਼ਿਆਦਾ ਪਾਣੀ ’ਚ ਦੀ ਸਵਾਰੀ ਖਿੱਚ ਕੇ ਲਿਜਾਣੀ ਸੌਖੀ ਨਹੀਂ ਇਸ ਲਈ 100 ਰੁਪਏ ਕਿਰਾਇਆ ਵੀ ਜਾਇਜ਼ ਹੈ। ਬਠਿੰਡਾ-ਮਾਨਸਾ ਰੋਡ ’ਤੇ ਬਣੇ ਅੰਡਰ ਬ੍ਰਿਜ ’ਚ ਵੀ ਕਾਫੀ ਪਾਣੀ ਖੜ੍ਹ ਗਿਆ। ਅੰਡਰ ਬ੍ਰਿਜ ਸਮੇਤ ਹੋਰਨਾਂ ਥਾਵਾਂ ’ਤੇ ਖੜ੍ਹੇ ਪਾਣੀ ’ਚ ਦੋਪਹੀਆ ਵਾਹਨ ਚਾਲਕਾਂ ਦੇ ਵਹੀਕਲ ਅਤੇ ਕਈ ਗੱਡੀਆਂ ਬੰਦ ਹੋ ਗਈਆਂ । ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।