110 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਤਹਿਤ 40 ਲੱਖ ਤੋਂ ਵੱਧ ਦਾ ਠੋਕਿਆ ਜ਼ੁਰਮਾਨਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਵੱਲੋਂ ਬਿਜਲੀ ਚੋਰਾਂ ਦੀਆਂ ਕੁੰਡੀਆਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਹੋਈ ਹੈ। ਪਾਵਰਕੌਮ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਵੱਖ ਵੱਖ ( Electricity ) ਇਲਾਕਿਆਂ ਅੰਦਰ 110 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਕਾਬੂ ਕੀਤੇ ਜਾਣ ’ਤੇ 40.04 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਿਕ ਅੰਮਿ੍ਰਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਇਨਫੋਰਸਮੈਂਟ ਟੀਮਾਂ ਦੇ ਨਾਲ ਪੁਲਿਸ ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ 1191 ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 110 ਖ਼ਪਤਕਾਰ ਬਿਜਲੀ ਚੋਰੀ ਕਰਦੇ ਪਾਏ ਗਏ।
ਇਹ ਵੀ ਪੜ੍ਹੋ : RBI Latest News : ਜੇਕਰ ਤੁਹਾਡੇ ਘਰ ਹੈ 500 ਦਾ ਇਹ ਨੋਟ ਤਾਂ ਹੋ ਜਾਓ ਸਾਵਧਾਨ!
ਬਠਿੰਡਾ ਸਰਕਲ ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਅਤੇ ਮੁਕਤਸਰ ਸਾਹਿਬ (ਸਿਟੀ) ਦੇ 169 ਖਪਤਕਾਰਾਂ ਦੇ ਅਹਾਤਿਆਂ ਦੇ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ ਅਤੇ 20 ਖਪਤਕਾਰ ਬਿਜਲੀ ਚੋਰੀ ਕਰਦੇ ਪਾਏ ਗਏ ਜਿਨ੍ਹਾਂ ਨੂੰ 8.40 ਲੱਖ ਰੁਪਏ ਜੁਰਮਾਨਾ ਕੀਤਾ ਹੈ ਇਸ ਤੋਂ ਇਲਾਵਾ ਲੁਧਿਆਣਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਜਨਤਾ ਨਗਰ ਯੂਨਿਟ ਨੰਬਰ 3, ਲੁਧਿਆਣਾ ਸਬ ਡਵੀਜ਼ਨ ਦੇ 131 ਖਪਤਕਾਰਾਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਅਤੇ ਹੋਰ ਉਲੰਘਣਾ ਕਰਨ ਵਾਲੇ 8 ਖਪਤਕਾਰਾਂ ਨੂੰ 8.28 ਲੱਖ ਰੁਪਏ ਦੇ ਜੁਰਮਾਨੇ ਕੀਤੇ।
ਪਾਵਰਕੌਮ ਦੀਆਂ ਵੱਖ ਵੱਖ ਸਰਕਲਾਂ ਦੀਆਂ ਇਨਫੋਰਸਮੈਂਟ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ
ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਧੂਰੀ , ਮਲੇਰਕੋਟਲਾ ਸਹਿਣਾ, ਰੰਗੀਆਂ, ਤਪਾ ਅਤੇ ਮੁਹਾਲੀ ਸਬ ਡਵੀਜ਼ਨ ਦੇ 510 ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕਰਕੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 9.11 ਲੱਖ ਰੁਪਏ ਜ਼ੁਰਮਾਨਾ ਕੀਤਾ। ਜਲੰਧਰ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਸ਼ਾਹਕੋਟ ਅਤੇ ਮਲਸੀਆਂ ਦੇ 126 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਹੈ ਅਤੇ 21 ਖਪਤਕਾਰਾਂ ਨੂੰ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 9.47 ਲੱਖ ਰੁਪਏ ਜੁਰਮਾਨਾ ਕੀਤਾ ਹੈ। ( Electricity )
ਅੰਮਿ੍ਰਤਸਰ ਸਰਕਲ ਦੀਆਂ ਟੀਮਾਂ ਨੇ ਇਸਲਾਮਾਬਾਦ ਅਤੇ ਮਾਡਲ ਟਾਊਨ ਬਟਾਲਾ ਸਬ ਡਵੀਜ਼ਨ ਦੇ 255 ਖਪਤਕਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ 13 ਖਪਤਕਾਰਾਂ ਨੂੰ 4.78 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪਾਵਰਕੌਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਕਰਨ ਵਾਲੇ ਖ਼ਪਤਕਾਰਾਂ ਨੂੰ ਇੱੱਕ ਕਰੋੜ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ।
ਗਰਮੀਆਂ ਅਤੇ ਝੋਨੇ ਦੇ ਸੀਜ਼ਨ ’ਚ ਜਾਰੀ ਰਹੇਗੀ ਵਿਸ਼ੇਸ਼ ਮੁਹਿੰਮ ( Electricity )
ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਪੰਜਾਬ ਵਿੱਚੋਂ ਬਿਜਲੀ ਚੋਰੀ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਇਹ ਵਿਸ਼ੇਸ਼ ਮੁਹਿੰਮ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਜਾਰੀ ਰਹੇਗੀ। ਇਸ ਮੁਹਿੰਮ ਦੌਰਾਨ ਬਿਜਲੀ ਚੋਰੀ ਕਰਨ ਵਾਲੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਵਿਰੁੱਧ ਜ਼ੁਰਮਾਨੇ ਤੋਂ ਇਲਾਵਾ ਬਿਜਲੀ ਐਕਟ ਹੇਠ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ